Sri Guru Granth Sahib Ji — Ang 545 (punjabi)
ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥
ਹੇ ਮਨ! ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ ।
ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥
ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ । (ਜੇਹੜਾ ਮਨੁੱਖ ਇਹ ਇਸ਼ਨਾਨ ਕਰਦਾ ਹੈ) ਮਿੱਤਰ ਪ੍ਰਭੂ ਉਸ ਦੇ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਉਸ ਦਾ ਮੋਹ ਦਾ ਹਨੇਰਾ ਦੂਰ ਕਰ ਦੇਂਦਾ ਹੈ ।
ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥
ਉਸ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ ।
ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥
ਹੇ ਮਨ! ਸਾਧ ਸੰਗਤਿ ਵਿਚ ਮਿਲ, ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆ ਕਰ, ਸਾਧ ਸੰਗਤਿ ਵਿਚ ਹੀ ਤੇਰੀ ਹਰੇਕ ਆਸ ਪੂਰੀ ਹੋਵੇਗੀ ।
ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥
ਨਾਨਕ ਬੇਨਤੀ ਕਰਦਾ ਹੈ—ਹੇ ਹਰੀ! ਕਿਰਪਾ ਕਰ, ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ।੧।
ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥
ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ ।
ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥
ਸਾਧ ਸੰਗਤਿ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ।
ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥
ਸੰਤ ਜਨ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ ।
ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥
ਉਹ (ਇਸ ਮਨੁੱਖਾ ਜਨਮ ਵਿਚ) ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਮੁੜ ਪਰਮਾਤਮਾ ਨੂੰ) ਮਿਲ ਪੈਂਦੇ ਹਨ ।
ਗਹਿ ਭੁਜਾ ਲੀਨੇ ਦਇਆ ਕੀਨੑੇ ਪ੍ਰਭ ਏਕ ਅਗਮ ਅਪਾਰੋ ॥
ਅਪਹੰੁਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ ।
ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥
ਨਾਨਕ ਬੇਨਤੀ ਕਰਦਾ ਹੈ—ਉਹ ਸੰਤ ਜਨ ਸਦਾ ਲਈ ਪਵਿਤ® ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ।੨।
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥
ਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ ।
ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥
ਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੰੁਦਾ ਹੈ ।
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥
ਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸਾਂਝ ਪਾਂਦੇ ਹਨ ।
ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥
(ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਂਝ ਪਾਂਦਾ ਹੈ) ਉਹ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਹ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਆਪਣੇ ਅੰਦਰੋਂ) ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ
ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥
ਉਹ ਮਨੁੱਖ ਉਸ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੇਹੜਾ ਕਦੇ ਛੱਡ ਕੇ ਨਹੀਂ ਜਾਂਦਾ, ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤਿ ਪਿਆਰੀ ਲੱਗਣ ਲੱਗ ਪੈਂਦੀ ਹੈ ।
ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥
ਨਾਨਕ ਬੇਨਤੀ ਕਰਦਾ ਹੈ—(ਹੇ ਭਾਈ!) ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਪਵਿਤ® ਬਾਣੀ ਸਦਾ ਗਾਣੀ ਚਾਹੀਦੀ ਹੈ ।੩।
ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥
(‘ਅੰਮ੍ਰਿਤ ਬਾਣੀ’ ਦੀ ਬਰਕਤਿ ਨਾਲ ਮਨੁੱਖ ਦਾ) ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ ਇਸ ਤਰ੍ਹਾਂ) ਮਸਤ ਹੋ ਜਾਂਦਾ ਹੈ ਕਿ (ਇਸ ਦੀ ਬਾਬਤ) ਕੁਝ ਦੱਸਿਆ ਨਹੀਂ ਜਾ ਸਕਦਾ
ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥
(ਬੱਸ! ਇਹ ਹੀ ਕਿਹਾ ਜਾ ਸਕਦਾ ਹੈ ਕਿ) ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸ ਨੇ (ਉਸ ਨੂੰ) ਆਪਣੇ ਵਿਚ ਮਿਲਾ ਲਿਆ ।
ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥
ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਮਿਲ ਕੇ (ਉਹ ਇਉਂ ਹੋ ਗਿਆ ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ।
ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥
(ਫਿਰ ਉਸ ਮਨੁੱਖ ਨੂੰ) ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਇਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ ।
ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥
ਉਸ ਮਨੁੱਖ ਨੂੰ ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ (ਉਸ ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ ।
ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥
ਨਾਨਕ ਬੇਨਤੀ ਕਰਦਾ ਹੈ—ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ।੪।੨।੫।
ਬਿਹਾਗੜਾ ਮਹਲਾ ੫ ॥
ਬਿਹਾਗੜਾ ਪੰਜਵੀਂ ਪਾਤਸ਼ਾਹੀ।
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥
(ਹੇ ਭਾਈ!) ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ,
ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥
ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ ।
ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥
ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ ।
ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥
ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ।
ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥
ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਹੇ ਜਿੰਦ ਤੋਂ ਪਿਆਰੇ!
ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥
ਨਾਨਕ ਬੇਨਤੀ ਕਰਦਾ ਹੈ—ਮੇਹਰ ਕਰ ਕੇ ਮੈਨੂੰ ਆ ਮਿਲ ।੧।
ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥
ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ;
ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥
ਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ ।
ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥
ਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੰੁਦਰ ਤੋਂ ਪਾਰ ਲੰਘਾ ਲੈ ।
ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥
ਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੰੁਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ, ਮੇਰਾ ਨਾਹ ਕੋਈ ਗੁਣ ਨਾਹ ਕੋਈ ਔਗੁਣ ਕੋਈ ਭੀ ਆਪਣੇ ਖ਼ਿਆਲ ਵਿਚ ਨਾਹ ਲਿਆਵੀਂ ।
ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥
ਹੇ ਨਾਨਕ! (ਆਖ—) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ!
ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥
(ਜਿਵੇਂ) ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ (ਤਿਵੇਂ ਮੈਂ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਮੰਗਦਾ ਹਾਂ) ਤੇਰੇ ਚਰਨਾਂ ਦਾ ਧਿਆਨ ਧਰ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੰੁਦਾ ਹੈ ।੨।