Sri Guru Granth Sahib Ji — Ang 542 (punjabi)
ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥
(ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ ।
ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥
ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ ।
ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥
ਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ ।
ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥
ਹੇ ਸੰਤ ਜਨੋ! ਸੁਣੋ, ਨਾਨਕ ਇਕ ਅਟੱਲ ਨਿਯਮ ਦੱਸਦਾ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ ।
ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥
ਹੇ ਮੇਰੇ ਪਿਆਰੇ! (ਆਖ—) ਹੇ ਸੰਤ-ਜਨ ਸਹੇਲੀਹੋ! ਆE, ਰਲ ਕੇ ਸੰਤ-ਸੰਗ ਵਿਚ ਬੈਠੋ, (ਜੇਹੜਾ ਮਨੁੱਖ ਸਤਸੰਗੀਆਂ ਵਿਚ ਮਿਲ ਕੇ ਬੈਠਦਾ ਹੈ ਉਹ) ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ ।
ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥
ਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸਰਨ ਪਵੋ (ਜੇਹੜਾ ਇਸ ਤਰ੍ਹਾਂ ਗੁਰੂ ਦੀ ਸਰਨ ਪੈਂਦਾ ਹੈ ਉਹ) ਜਮ ਦੇ ਰਸਤੇ ਨੂੰ (ਆਤਮਕ ਮੌਤ ਲਿਆਉਣ ਵਾਲੇ ਜੀਵਨ-ਰਾਹ ਨੂੰ) ਚੰਗਾ ਬਣਾ ਲੈਂਦਾ ਹੈ ।
ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥
ਗੁਰੂ ਦੀ ਸਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ ।
ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨੑਾ ਰੈਣਿ ਦਿਨੁ ਲਿਵ ਲਾਈਐ ॥
(ਪਰ) ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ (ਭਗਤੀ ਦਾ ਲੇਖ) ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤਿ ਦਿਨ ਰਾਤ (ਪ੍ਰਭੂ-ਚਰਨਾਂ ਵਿਚ) ਲਗੀ ਰਹਿੰਦੀ ਹੈ ।
ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥
ਜਦੋਂ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ (ਅਪਣੱਤ) ਦੂਰ ਹੋ ਜਾਂਦੀ ਹੈ, ਮੋਹ ਮੁੱਕ ਜਾਂਦਾ ਹੈ ।
ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥
ਦਾਸ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਮਨੁੱਖ (ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ) ਸੁਤੰਤਰ ਹੋ ਜਾਂਦਾ ਹੈ ।੨।
ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥
ਹੇ ਮੇਰੇ ਪਿਆਰੇ! (ਆਖ—) ਹੇ ਸੰਤ ਜਨੋ! (ਸਾਧ ਸੰਗਤਿ ਵਿਚ) ਇਕੱਠੇ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ ।
ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥
ਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ (ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ) ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ ।
ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥
(ਫਿਰ ਭੀ, ਮਾਣ ਕਾਹਦਾ?) ਇਹ ਮਨ, ਇਹ ਸਰੀਰ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, (ਸੋ,) ਕੋਈ ਮਨੁੱਖ (ਆਪਣੀ ਮਲਕੀਅਤ ਦੀ) ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ?
ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥
ਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੰੁਦਾ ਹੈ ਦਇਆਵਾਨ ਹੰੁਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ (ਬੱਸ! ਇਹੀ ਹੈ ਭੇਟਾ ਤੇ ਪੂਜਾ) ।
ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥
ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ ।
ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥
(ਹੇ ਸੰਤ ਜਨੋ!) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।੩।
ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥
ਹੇ ਮੇਰੇ ਪਿਆਰੇ! (ਪਰਮਾਤਮਾ ਨੂੰ ਲੱਭਣ ਵਾਸਤੇ) ਅਸੀ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ ।
ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥
ਹੇ ਮੇਰੇ ਪਿਆਰੇ! (ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ ।
ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥
ਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪਰਕਾਸ਼ ਗੁਰੂ ਦੀ ਸਰਨ ਪਿਆਂ ਹੀ ਹੰੁਦਾ ਹੈ ।
ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥
(ਗੁਰੂ ਜਿਸ ਮਨੁੱਖ ਦੇ ਮੂੰਹ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ।
ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥
(ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ ।
ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥
ਦਾਸ ਨਾਨਕ ਆਖਦਾ ਹੈ—ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ ।
ਰਾਗੁ ਬਿਹਾਗੜਾ ਮਹਲਾ ੫ ॥
ਰਾਗ ਬਿਹਾਗੜਾ ਪੰਜਵੀਂ ਪਾਤਸ਼ਾਹੀ।
ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥
(ਹੇ ਭਾਈ!) ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ ।
ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥
ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ ।
ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥
ਹੇ ਦਿਆਲ ਗੋਬਿੰਦ! ਹੇ ਗੋਪਾਲ ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ । ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ ।
ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥
ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ ।
ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥
ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ ।
ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥
ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ ।੧।
ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥
ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ ।
ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥
ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ ।
ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥
ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ ।