Sri Guru Granth Sahib Ji — Ang 531 (punjabi)
ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥
ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ ।੧।ਰਹਾਉ।
ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥
ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ
ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥
ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ ।੧।
ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥
ਹੇ ਨਾਨਕ! (ਆਖ—) ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਉਸ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ
ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ, ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ ।੨।੧੪।
ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਚੰਚਲੁ ਸੁਪਨੈ ਹੀ ਉਰਝਾਇਓ ॥
ਹੇ ਭਾਈ! ਕਿਤੇ ਭੀ ਕਦੇ ਨਾਹ ਟਿਕਣ ਵਾਲਾ ਮਨੁੱਖੀ ਮਨ ਸੁਪਨੇ (ਵਿਚ ਦਿੱਸਣ ਵਰਗੇ ਪਦਾਰਥਾਂ) ਵਿਚ ਫਸਿਆ ਰਹਿੰਦਾ ਹੈ ।
ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥
ਕਦੇ ਇਤਨੀ ਗੱਲ ਭੀ ਨਹੀਂ ਸਮਝਦਾ ਕਿ ਇਥੋਂ ਆਖ਼ਰ ਤੁਰ ਜਾਣਾ ਹੈ । ਮਾਇਆ ਦੇ ਮੋਹ ਵਿਚ ਬੁੱਧੂ ਬਣਿਆ ਰਹਿੰਦਾ ਹੈ ।੧।ਰਹਾਉ।
ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥
ਹੇ ਭਾਈ! ਮਨੁੱਖ ਫੁੱਲਾਂ (ਵਰਗੇ ਛਿਨ-ਭੰਗਰ ਪਦਾਰਥਾਂ) ਦੇ ਰੰਗ ਤੇ ਸਾਥ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਸਦਾ ਇਕ ਮਾਇਆ (ਇਕੱਠੀ ਕਰਨ) ਦਾ ਹੀ ਉਪਾਉ ਕਰਦਾ ਫਿਰਦਾ ਹੈ ।
ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥
ਜਦੋਂ ਇਹ ਲੋਭ (ਦੀ ਗੱਲ) ਸੁਣਦਾ ਹੈ ਤਾਂ ਮਨ ਵਿਚ ਖ਼ੁਸ਼ੀ ਮਨਾਂਦਾ ਹੈ (ਜਿਸ ਪਾਸਿEਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ) ਉਧਰ ਛੇਤੀ ਉੱਠ ਦੌੜਦਾ ਹੈ ।੧।
ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥
ਹੇ ਨਾਨਕ! (ਆਖ—) ਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ
ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥
ਤਦੋਂ ਮਾਲਕ ਪਰਮਾਤਮਾ ਨੇ ਇਸ ਉਤੇ ਮੇਹਰ ਕੀਤੀ, ਤੇ, ਆਪਣੇ ਚਰਨਾਂ ਵਿਚ ਮਿਲਾ ਲਿਆ ।੨।੧੫।
ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਸਰਬ ਸੁਖਾ ਗੁਰ ਚਰਨਾ ॥
ਹੇ ਭਾਈ! ਗੁਰੂ ਚਰਨਾਂ ਵਿਚ ਪਿਆਂ ਸਾਰੇ ਸੁਖ ਮਿਲ ਜਾਂਦੇ ਹਨ । (ਗੁਰੂ ਦੇ ਚਰਨ ਸਾਰੇ) ਪਾਪ ਦੂਰ ਕਰ ਦੇਂਦੇ ਹਨ, ਮਨ ਨੂੰ ਸਹਾਰਾ ਦੇਂਦੇ ਹਨ ।
ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥
ਮੈਂ ਗੁਰੂ ਦੇ ਚਰਨਾਂ ਦਾ ਸਹਾਰਾ ਲੈ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਿਹਾ ਹਾਂ ।੧।ਰਹਾਉ।
ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ ॥
ਹੇ ਭਾਈ! ਮੈਂ ਗੁਰੂ ਦੇ ਚਰਨਾਂ ਦੀ ਹੀ ਟਹਿਲ-ਸੇਵਾ ਕਰਦਾ ਹਾਂ—ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਇਹੀ ਦੇਵ-ਮੂਰਤੀ ਅੱਗੇ ਚੰਦਨ ਆਦਿਕ ਦੀ ਭੇਟ ਹੈ, ਇਹੀ ਦੇਵਤੇ ਦੀ ਸੇਵਾ ਹੈ, ਇਹੀ ਦੇਵ-ਮੂਰਤੀ ਅੱਗੇ ਨਮਸਕਾਰ ਹੈ ।
ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥੧॥
(ਹੇ ਭਾਈ! ਗੁਰੂ ਦੀ ਚਰਨੀਂ ਪਿਆਂ) ਮਨ ਖਿੜ ਪੈਂਦਾ ਹੈ, ਆਤਮਕ ਜੀਵਨ ਦੀ ਸਮਝ ਪੈ ਜਾਂਦੀ ਹੈ, ਤੇ, ਮੁੜ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਈਦਾ ।੧।
ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥
ਹੇ ਭਾਈ! ਮੈਂ ਸੰਤ ਜਨਾਂ ਦੇ ਚਰਨ ਪਰਸਦਾ ਹਾਂ, ਇਹੀ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ, ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਧਰਨਾ ਹੈ ।
ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥੨॥੧੬॥
ਹੇ ਭਾਈ! ਜਦੋਂ ਦਾ ਮਾਲਕ-ਪ੍ਰਭੂ ਮੈਂ ਨਾਨਕ ਉੱਤੇ ਦਇਆਵਾਨ ਹੋਇਆ ਹੈ, ਮੈਂ ਗੁਰੂ ਦੀ ਸਰਨ ਪਿਆ ਹੋਇਆ ਹਾਂ ।੨।੧੬।
ਦੇਵਗੰਧਾਰੀ ਮਹਲਾ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਅਪੁਨੇ ਹਰਿ ਪਹਿ ਬਿਨਤੀ ਕਹੀਐ ॥
ਹੇ ਭਾਈ! ਆਪਣੇ ਪਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ ।
ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥
(ਧਰਮ, ਅਰਥ, ਕਾਮ, ਮੋਖ) ਇਹ ਚਾਰੇ ਪਦਾਰਥ, ਅਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ, ਆਤਮਕ ਅਡੋਲਤਾ ਦੇ ਸੁਖ, ਕਰਾਮਾਤੀ ਤਾਕਤਾਂ—ਹਰੇਕ ਚੀਜ਼ ਪਰਮਾਤਮਾ ਪਾਸੋਂ ਮਿਲ ਜਾਂਦੀ ਹੈ ।੧।ਰਹਾਉ।
ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥
ਹੇ ਭਾਈ! ਮੈਂ ਤਾਂ ਅਹੰਕਾਰ ਛੱਡ ਕੇ ਪਰਮਾਤਮਾ ਦੀ ਚਰਨੀਂ ਹੀ ਪਿਆ ਰਹਿੰਦਾ ਹਾਂ ।
ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥
ਭਾਈ! ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ । (ਇਸ ਤਰ੍ਹਾਂ ਵਿਕਾਰਾਂ ਦੀ) ਅੱਗ ਦੇ ਸਮੰੁਦਰ ਤੋਂ ਸੇਕ ਨਹੀਂ ਲੱਗਦਾ । ਮਾਲਕ-ਪ੍ਰਭੂ ਦੀ ਸਰਨ ਹੀ ਮੰਗਣੀ ਚਾਹੀਦੀ ਹੈ ।੧।
ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥
ਹੇ ਭਾਈ! ਵੱਡੇ ਵੱਡੇ ਨਾ-ਸ਼ੁਕਰਿਆਂ ਦੇ ਕੋ®ੜਾਂ ਪਾਪ ਪਰਮਾਤਮਾ ਮੁੜ ਮੁੜ ਸਹਾਰਦਾ ਹੈ ।
ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥
ਹੇ ਨਾਨਕ! ਪਰਮਾਤਮਾ ਪੂਰਨ ਤੌਰ ਤੇ ਤਰਸ-ਸਰੂਪ ਹੈ ਉਸੇ ਦੀ ਹੀ ਸਰਨ ਪੈਣਾ ਚਾਹੀਦਾ ਹੈ ।੨।੧੭।
ਦੇਵਗੰਧਾਰੀ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਗੁਰ ਕੇ ਚਰਨ ਰਿਦੈ ਪਰਵੇਸਾ ॥
(ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਗੁਰੂ ਦੇ ਚਰਨ ਟਿਕ ਜਾਂਦੇ ਹਨ
ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ ॥੧॥ ਰਹਾਉ ॥
ਉਸ ਮਨੁੱਖ ਦੇ ਸਾਰੇ ਰੋਗ ਸਾਰੇ ਗ਼ਮ ਸਾਰੇ ਦੁੱਖ ਨਾਸ ਹੋ ਜਾਂਦੇ ਹਨ ।੧।ਰਹਾਉ।
ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ ॥
(ਹੇ ਭਾਈ! ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ, (ਗੁਰੂ ਦੇ ਚਰਨ ਹਿਰਦੇ ਵਿਚ ਵਸਾਣਾ ਹੀ) ਕੋ®ੜਾਂ ਤੀਰਥਾਂ ਦਾ ਇਸ਼ਨਾਨ ਹੈ, ਕੋ®ੜਾਂ ਤੀਰਥਾਂ ਦੇ ਜਲ ਵਿਚ ਚੁੱਭੀ ਹੈ ।
ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ ॥੧॥
(ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਗੋਬਿੰਦ ਦੇ ਗੁਣ ਗਾਂਦਿਆਂ ਗਾਂਦਿਆਂ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ, ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ ।੧।
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ ॥
ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲੈਂਦਾ ਹੈ, ਉਸ ਦੇ ਮਾਇਆ ਦੇ ਬੰਧਨ ਤੋੜ ਕੇ ਉਸ ਨੂੰ ਮਾਇਆ ਦੇ ਮੋਹ ਤੋਂ ਨਿਰਲੇਪ ਕਰ ਲੈਂਦਾ ਹੈ ।
ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ॥੨॥੧੮॥
ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰ ਕੇ ਤੇਰਾ ਨਾਮ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ।੨।੧੮।
ਛਕੇ ੩ ॥
ਦੇਵਗੰਧਾਰੀ ਮਹਲਾ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਮਾਈ ਪ੍ਰਭ ਕੇ ਚਰਨ ਨਿਹਾਰਉ ॥
ਹੇ (ਮੇਰੀ) ਮਾਂ! ਮੈਂ (ਸਦਾ) ਪਰਮਾਤਮਾ ਦੇ (ਸੋਹਣੇ) ਚਰਨਾਂ ਵਲ ਤੱਕਦਾ ਰਹਿੰਦਾ ਹਾਂ