Sri Guru Granth Sahib Ji — Ang 529 (punjabi)
ਦੇਵਗੰਧਾਰੀ ॥
ਦੇਵ ਗੰਧਾਰੀ।
ਮਾਈ ਸੁਨਤ ਸੋਚ ਭੈ ਡਰਤ ॥
ਹੇ ਮਾਂ! (ਖਸਮ-ਪ੍ਰਭੂ ਦੀ ਸਰਨ ਨਾਹ ਪੈਣ ਵਾਲੀਆਂ ਦੀ ਦਸ਼ਾ) ਸੁਣ ਕੇ ਮੈਨੂੰ ਸੋਚਾਂ ਫੁਰਦੀਆਂ ਹਨ, ਮੈਨੂੰ ਡਰ-ਸਹਮ ਵਾਪਰਦੇ ਹਨ, ਮੈਂ ਡਰਦੀ ਹਾਂ (ਕਿ ਕਿਤੇ ਮੇਰਾ ਭੀ ਇਹ ਹਾਲ ਨਾਹ ਹੋਵੇ ।
ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥
ਇਸ ਵਾਸਤੇ ਮੇਰੀ ਸਦਾ ਇਹ ਤਾਂਘ ਰਹਿੰਦੀ ਹੈ ਕਿ) ਮਾਲਕ-ਪ੍ਰਭੂ ਦੀ ਸਰਨ ਪਈ ਰਹਿ ਕੇ ਮੈਂ (ਆਪਣੇ ਅੰਦਰੋਂ) ਮੇਰ-ਤੇਰ ਗਵਾ ਦਿਆਂ, ਅਹੰਕਾਰ ਤਿਆਗ ਦਿਆਂ ।੧।ਰਹਾਉ।
ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥
ਹੇ ਮਾਂ! ਪ੍ਰਭੂ-ਪਤੀ ਜੇਹੜਾ ਜੇਹੜਾ ਹੁਕਮ ਕਰਦਾ ਹੈ, ਮੈਂ ਉਸੇ ਨੂੰ ਭਲਾ ਮੰਨਦੀ ਹਾਂ, ਮੈਂ (ਉਸ ਦੀ ਰਜ਼ਾ ਬਾਰੇ) ਕੋਈ ਉਲਟਾ ਬੋਲ ਨਹੀਂ ਬੋਲਦੀ ।
ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥
(ਹੇ ਮਾਂ! ਮੇਰੀ ਸਦਾ ਇਹ ਅਰਦਾਸਿ ਹੈ ਕਿ) ਅੱਖ ਝਮਕਣ ਦੇ ਸਮੇ ਲਈ ਭੀ ਉਹ ਪ੍ਰਭੂ-ਪਤੀ ਮੇਰੇ ਹਿਰਦੇ ਤੋਂ ਨਾਹ ਵਿਸਰੇ, (ਉਸ ਦੇ) ਭੁਲਾਇਆਂ ਮੈਨੂੰ ਆਤਮਕ ਮੌਤ ਆ ਜਾਂਦੀ ਹੈ ।੧।
ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥
ਹੇ ਮਾਂ! ਉਹ ਸਰਬ-ਵਿਆਪਕ ਕਰਤਾਰ ਪ੍ਰਭੂ (ਮੈਨੂੰ) ਸਾਰੇ ਸੁਖ ਦੇਣ ਵਾਲਾ ਹੈ, ਮੇਰੇ ਅੰਞਾਣਪੁਣੇ ਨੂੰ ਉਹ ਬਹੁਤ ਸਹਾਰਦਾ ਰਹਿੰਦਾ ਹੈ ।
ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥
ਹੇ ਨਾਨਕ! (ਆਖ—ਹੇ ਮਾਂ!) ਮੈਂ ਗੁਣ-ਹੀਨ ਹਾਂ, ਮੈਂ ਕੋਝੀ ਸ਼ਕਲ ਵਾਲੀ ਹਾਂ, ਮੇਰੀ ਉੱਚੀ ਕੁਲ ਭੀ ਨਹੀਂ ਹੈ; ਪਰ, ਮੇਰਾ ਖਸਮ-ਪ੍ਰਭੂ ਸਦਾ ਖਿੜੇ ਮੱਥੇ ਰਹਿਣ ਵਾਲਾ ਹੈ ।੨।੩।
ਦੇਵਗੰਧਾਰੀ ॥
ਦੇਵ ਗੰਧਾਰੀ।
ਮਨ ਹਰਿ ਕੀਰਤਿ ਕਰਿ ਸਦਹੂੰ ॥
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ ।
ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥
(ਸਿਫ਼ਤਿ-ਸਾਲਾਹ ਦੇ ਗੀਤ) ਗਾਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਭਨਾਂ ਨੂੰ (ਚਾਹੇ ਉਹ) ਉੱਚੀ ਜਾਤਿ ਵਾਲੇ (ਹੋਣ, ਚਾਹੇ) ਨੀਵੀਂ ਜਾਤਿ ਵਾਲੇ—ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਬਚਾ ਲੈਂਦਾ ਹੈ ।੧।ਰਹਾਉ।
ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥
(ਹੇ ਮੇਰੇ ਮਨ! ਜਦੋਂ ਸਿਫ਼ਤਿ-ਸਾਲਾਹ ਕਰਦੇ ਰਹੀਏ) ਤਦੋਂ ਹੀ ਇਹ ਵਿਧੀ ਸਮਝ ਵਿਚ ਆਉਂਦੀ ਹੈ ਕਿ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਉਸੇ ਵਿਚ ਲੀਨ ਹੋ ਜਾਂਦਾ ਹੈ ।
ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥
(ਹੇ ਮਨ!) ਜਿੱਥੇ ਜਿੱਥੇ ਭੀ ਪਰਮਾਤਮਾ ਨੇ ਸਰੀਰ-ਰਚਨਾ ਕੀਤੀ ਹੈ, ਕਦੇ ਭੀ ਕੋਈ ਸਦਾ ਇਥੇ ਟਿਕਿਆ ਨਹੀਂ ਰਹਿ ਸਕਦਾ ।੧।
ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥
(ਹੇ ਮੇਰੇ ਮਨ! ਸਦਾ ਸਿਫ਼ਤਿ-ਸਾਲਾਹ ਕਰਦਾ ਰਹੁ) ਪਰਮਾਤਮਾ ਜਦੋਂ ਦਇਆਵਾਨ ਹੁੰਦਾ ਹੈ (ਉਸ ਦੀ ਮੇਹਰ ਨਾਲ) ਆਨੰਦ (ਹਿਰਦੇ ਵਿਚ) ਆ ਵੱਸਦਾ ਹੈ, ਤੇ, ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ ।
ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥
ਹੇ ਨਾਨਕ! ਆਖ—ਸਾਧ ਸੰਗਤਿ ਵਿਚ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ ਹਨ ।੨।੪।
ਦੇਵਗੰਧਾਰੀ ॥
ਦੇਵ ਗੰਧਾਰੀ।
ਮਨ ਜਿਉ ਅਪੁਨੇ ਪ੍ਰਭ ਭਾਵਉ ॥
ਹੇ ਮੇਰੇ ਮਨ! (ਤਾ ਕਿ) ਜਿਵੇਂ ਭੀ ਹੋ ਸਕੇ ਮੈਂ ਆਪਣੇ ਉਸ ਪ੍ਰਭੂ ਨੂੰ ਚੰਗਾ ਲੱਗਣ ਲੱਗ ਪਵਾਂ
ਨੀਚਹੁ ਨੀਚੁ ਨੀਚੁ ਅਤਿ ਨਾਨੑਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥
ਮੈਂ ਨੀਵਿਆਂ ਤੋਂ ਨੀਵਾਂ ਹੋ ਕੇ, ਬਹੁਤ ਨੀਵਾਂ ਹੋ ਕੇ, ਨਿਮਾਣਾ ਹੋ ਕੇ, ਗ਼ਰੀਬ ਬਣ ਕੇ, ਆਪਣੇ ਪ੍ਰਭੂ ਅੱਗੇ ਅਰਜ਼ੋਈ ਕਰਦਾ ਰਹਿੰਦਾ ਹਾਂ ।੧।ਰਹਾਉ।
ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥
ਹੇ ਮੇਰੇ ਮਨ! ਮਾਇਆ ਦੇ ਇਹ ਅਨੇਕਾਂ ਖਿਲਾਰੇ ਵਿਅਰਥ ਹਨ (ਕਿਉਂਕਿ ਇਹਨਾਂ ਨਾਲੋਂ ਸਾਥ ਟੁੱਟ ਜਾਣਾ ਹੈ), ਮੈਂ ਇਹਨਾਂ ਨਾਲੋਂ ਆਪਣਾ ਪਿਆਰ ਘਟਾਈ ਜਾ ਰਿਹਾ ਹਾਂ
ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥
(ਮੈਂ ਇਹੀ ਸਮਝਦਾ ਹਾਂ ਕਿ) ਜਿਵੇਂ ਮੇਰਾ ਆਪਣਾ-ਮਾਲਕ ਪ੍ਰਭੂ ਸੁਖ ਮੰਨਦਾ ਹੈ, ਮੈਂ ਭੀ ਉਸੇ ਵਿਚ (ਸੁਖ ਮੰਨ ਕੇ) ਇੱਜ਼ਤ ਪ੍ਰਾਪਤ ਕਰਦਾ ਹਾਂ ।੧।
ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥
ਹੇ ਨਾਨਕ! (ਆਖ—) ਮੈਂ ਆਪਣੇ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ, ਸਾਰੇ ਸੁਖ ਸਾਰੀਆਂ ਵਡਿਆਈਆਂ ਮੈਂ ਇਸੇ ਵਿਚ ਹੀ ਸਮਝਦਾ ਹਾਂ ।
ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥
ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂੰਹ ਨਾਲ ਬੁਲਾਂਦਾ ਹਾਂ ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ ।੨।੫।
ਦੇਵਗੰਧਾਰੀ ॥
ਦੇਵ ਗੰਧਾਰੀ।
ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥
ਹੇ ਪ੍ਰਭੂ ਜੀ! ਤੇਰੀ ਮੇਹਰ ਨਾਲ ਮੈਂ ਆਪਣੇ ਮਨ ਦੀ ਭਟਕਣਾ ਦੂਰ ਕਰ ਲਈ ਹੈ
ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥
ਤੇਰੀ ਹੀ ਕਿਰਪਾ ਨਾਲ ਮੈਂ ਆਪਣੇ ਮਨ ਵਿਚ ਇਹ ਨਿਸ਼ਚਾ ਬਣਾ ਲਿਆ ਹੈ ਕਿ (ਤੇਰਾ ਪੈਦਾ ਕੀਤਾ ਹੋਇਆ) ਹਰੇਕ ਪ੍ਰਾਣੀ ਮੇਰਾ ਆਪਣਾ ਹੀ ਹੈ ।੧।ਰਹਾਉ।
ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਕਰਨ ਨਾਲ ਮੇਰੇ (ਪਹਿਲੇ ਕੀਤੇ ਹੋਏ) ਕੋ੍ਰੜਾਂ ਹੀ ਪਾਪ ਮਿੱਟ ਗਏ ਹਨ, ਤੇਰੇ ਦਰਸਨ ਨਾਲ ਮੈਂ (ਆਪਣੇ ਅੰਦਰੋਂ ਹਰੇਕ) ਦੁੱਖ ਲਾਹ ਲਿਆ ਹੈ ।
ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥
ਤੇਰਾ ਨਾਮ ਜਪਦਿਆਂ ਮੈਂ ਬੜਾ ਆਨੰਦ ਮਾਣਿਆ ਹੈ, ਤੇ, ਚਿੰਤਾ ਰੋਗ (ਆਪਣੇ ਮਨ ਵਿਚੋਂ) ਦੂਰ ਕਰ ਲਿਆ ਹੈ ।੧।
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥
ਹੇ ਪ੍ਰਭੂ! ਗੁਰੂ ਦੀ ਸੰਗਤਿ ਵਿਚ ਟਿਕ ਕੇ ਮੈਂ ਕਾਮ ਕੋ੍ਰਧ ਲੋਭ ਝੂਠ ਨਿੰਦਾ (ਆਦਿਕ ਵਿਕਾਰਾਂ ਨੂੰ ਆਪਣੇ ਮਨ ਵਿਚੋਂ) ਭੁਲਾ ਹੀ ਲਿਆ ਹੈ ।
ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪਿ ਉਧਾਰਿਓ ॥੨॥੬॥
ਹੇ ਨਾਨਕ! (ਆਖ—) ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਮੇਰੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ, ਤੂੰ ਆਪ ਹੀ ਮੈਨੂੰ (ਸੰਸਾਰ-ਸਮੁੰਦਰ ਵਿਚੋਂ) ਬਚਾ ਲਿਆ ਹੈ ।੨।੬।
ਦੇਵਗੰਧਾਰੀ ॥
ਦੇਵ ਗੰਧਾਰੀ।
ਮਨ ਸਗਲ ਸਿਆਨਪ ਰਹੀ ॥
ਹੇ ਮੇਰੇ ਮਨ! ਜੇਹੜਾ ਮਨੁੱਖ ਸਭ ਕੁਝ ਕਰ ਸਕਣ ਤੇ
ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥
ਹੇ ਨਾਨਕ! ਸਭ ਕੁਝ (ਜੀਵਾਂ ਪਾਸੋਂ) ਕਰਾ ਸਕਣ ਵਾਲੇ ਪਰਮਾਤਮਾ ਮਾਲਕ ਦਾ ਆਸਰਾ ਲੈ ਲੈਂਦਾ ਹੈ ਉਸ ਦੀ (ਆਪਣੀ) ਸਾਰੀ ਚਤੁਰਾਈ ਮੁੱਕ ਜਾਂਦੀ ਹੈ ।੧।ਰਹਾਉ।
ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥
ਹੇ ਮੇਰੇ ਮਨ! ਗੁਰੂ ਦੀ ਦੱਸੀ ਹੋਈ ਇਹ (ਆਪਣੀ ਸਿਆਣਪ-ਚਤੁਰਾਈ ਛੱਡ ਦੇਣ ਵਾਲੀ) ਸਿੱਖਿਆ ਜਿਨ੍ਹਾਂ ਮਨੁੱਖਾਂ ਨੇ ਗ੍ਰਹਣ ਕੀਤੀ
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥
ਤੇ, ਜੋ ਆਪਾ-ਭਾਵ ਮਿਟਾ ਕੇ ਪ੍ਰਭੂ ਦੀ ਸਰਨ ਆ ਪਏ, ਉਹਨਾਂ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਆਨੰਦ ਮਾਣਿਆ, ਉਹਨਾਂ ਦੇ ਅੰਦਰੋਂ ਭਰਮ (-ਰੂਪ) ਹਨੇਰਾ ਦੂਰ ਹੋ ਗਿਆ ।੧।
ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥
ਹੇ ਸੁਜਾਨ ਤੇ ਸਿਆਣੇ ਮਾਲਕ! ਹੇ ਮੇਰੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ ।
ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥
ਹੇ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲੇ ਪ੍ਰਭੂ! (ਕਿਸੇ ਪਾਸੋਂ) ਤੇਰੀ ਤਾਕਤ ਦਾ ਮੁੱਲ ਨਹੀਂ ਪੈ ਸਕਦਾ ।੧।੭।
ਦੇਵਗੰਧਾਰੀ ਮਹਲਾ ੫ ॥
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥
ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ!
ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ।
ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥
ਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੁੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ ।
ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥
ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ ।੧।