Sri Guru Granth Sahib Ji — Ang 528 (punjabi)
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ—ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ ।
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ ।੧।
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ ।
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥
ਹੇ ਦਾਸ ਨਾਨਕ! (ਆਖ—) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ ।੨।੪।
ਦੇਵਗੰਧਾਰੀ ॥
ਦੇਵ ਗੰਧਾਰੀ।
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥
ਮੈਂ ਉਸ (ਗੁਰੂ, ਸਾਧ) ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ।
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥
ਉਸ ਗੁਰੂ ਦਾ ਸਾਧੂ ਦਾ ਦਰਸਨ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ।੧।ਰਹਾਉ।
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥
ਹੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਦਾ ਹੀ ਪਵਿਤ® ਹੈਂ, ਪਰ ਅਸੀ ਮੈਲੇ ਜੀਵਨ ਵਾਲੇ ਹਾਂ, ਅਸੀ ਤੈਨੂੰ ਕਿਵੇਂ ਮਿਲ ਸਕਦੇ ਹਾਂ?
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥
ਸਾਡੇ ਦਿਲ ਵਿਚ ਕੁਝ ਹੋਰ ਹੁੰਦਾ ਹੈ, ਸਾਡੇ ਮੂੰਹ ਵਿਚ ਕੁਝ ਹੋਰ ਹੁੰਦਾ ਹੈ (ਮੂੰਹੋਂ ਅਸੀ ਕੁਝ ਹੋਰ ਆਖਦੇ ਹਾਂ), ਅਸੀ ਮੰਦ-ਭਾਗੀ ਹਾਂ, ਅਸੀ ਸਦਾ ਕੂੜੀ ਮਾਇਆ ਦੇ ਗਾਹਕ ਬਣੇ ਰਹਿੰਦੇ ਹਾਂ ।੧।
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥
ਹੇ ਹਰੀ! ਹੇ ਸੁਆਮੀ! ਤੇਰਾ ਨਾਮ ਸਾਡਾ ਵਿਖਾਵਾ ਹੈ (ਅਸੀ ਵਿਕਾਰੇ ਦੇ ਤੌਰ ਤੇ ਜਪਦੇ ਹਾਂ), ਪਰ ਸਾਡੇ ਹਿਰਦੇ ਵਿਚ ਸਦਾ ਮੰਦੇ ਖ਼ਿਆਲ ਭਰੇ ਰਹਿੰਦੇ ਹਨ ।
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮੑਾਰੀ ॥੨॥੫॥
ਹੇ ਦਾਸ ਨਾਨਕ! (ਆਖ—) ਹੇ ਸੁਆਮੀ! ਮੈਂ ਤੇਰੀ ਸਰਨ ਆ ਪਿਆ ਹਾਂ, ਜਿਵੇਂ ਹੋ ਸਕੇ ਮੈਨੂੰ (ਇਸ ਪਖੰਡ ਤੋਂ) ਬਚਾ ਲੈ ।੨।੫।
ਦੇਵਗੰਧਾਰੀ ॥
ਦੇਵ ਗੰਧਾਰੀ।
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ (ਮਨੁੱਖੀ) ਕਾਂਇਆਂ ਬਦ-ਸ਼ਕਲ ਹੀ ਜਾਣੋ ।
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥
ਜਿਵੇਂ ਜੇ ਕਿਸੇ ਕੰਜਰੀ ਦੇ ਘਰ ਪੁੱਤਰ ਜੰਮ ਪਏ, ਤਾਂ ਉਸ ਦਾ ਨਾਮ ਹਰਾਮੀ ਪੈ ਜਾਂਦਾ ਹੈ (ਭਾਵੇਂ ਉਹ ਸ਼ਕਲੋਂ ਸੋਹਣਾ ਭੀ ਪਿਆ ਹੋਵੇ) ।੧।ਰਹਾਉ।
ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਲਕ-ਪ੍ਰਭੂ ਨਹੀਂ (ਚੇਤੇ) ਉਹ ਮਨੁੱਖ ਬਦ-ਸ਼ਕਲ ਹਨ; ਉਹ ਕੋਹੜੀ ਹਨ ।
ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥
ਜਿਵੇਂ ਕੋਈ ਗੁਰੂ ਤੋਂ ਬੇ-ਮੁਖ ਮਨੁੱਖ (ਭਾਵੇਂ ਚਤੁਰਾਈ ਦੀਆਂ) ਬਹੁਤ ਗੱਲਾਂ ਕਰਨੀਆਂ ਜਾਣਦਾ ਹੋਵੇ (ਲੋਕਾਂ ਨੂੰ ਭਾਵੇਂ ਪਤਿਆ ਲਏ, ਪਰ) ਪਰਮਾਤਮਾ ਦੀ ਦਰਗਾਹ ਵਿਚ ਉਹ ਭ੍ਰਸ਼ਟਿਆ ਹੋਇਆ ਹੀ (ਗਿਣਿਆ ਜਾਂਦਾ) ਹੈ ।੧।
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥
ਹੇ ਨਾਨਕ! (ਆਖ—) ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਪ੍ਰਭੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਸੰਤ ਜਨਾਂ ਦੇ ਪੈਰ ਪਰਸਦੇ ਰਹਿੰਦੇ ਹਨ ।
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧
ਗੁਰੂ ਦੀ ਸੰਗਤਿ ਵਿਚ ਮਿਲ ਕੇ ਵਿਕਾਰੀ ਮਨੁੱਖ ਭੀ ਚੰਗੇ ਆਚਰਨ ਵਾਲੇ ਬਣ ਜਾਂਦੇ ਹਨ, ਗੁਰੂ ਦੇ ਪਾਏ ਹੋਏ ਪੂਰਨਿਆਂ ਉੱਤੇ ਤੁਰ ਕੇ ਉਹ ਵਿਕਾਰਾਂ ਦੇ ਪੰਜੇ ਵਿਚੋਂ ਬਚ ਨਿਕਲਦੇ ਹਨ ।੨।੯।ਛਕਾ ੧।
ਦੇਵਗੰਧਾਰੀ ਮਹਲਾ ੫ ਘਰੁ ੨
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮਾਈ ਗੁਰ ਚਰਣੀ ਚਿਤੁ ਲਾਈਐ ॥
ਹੇ ਮਾਂ! ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨਾ ਚਾਹੀਦਾ ਹੈ । (ਗੁਰੂ ਦੀ ਰਾਹੀਂ ਜਦੋਂ) ਪਰਮਾਤਮਾ ਦਇਆਵਾਨ ਹੁੰਦਾ ਹੈ, ਤਾਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ ।
ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥
ਹੇ ਮਾਂ! ਸਦਾ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ ।੧।ਰਹਾਉ।
ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥
ਹੇ ਮਾਂ! ਸਰੀਰਾਂ ਦੇ ਅੰਦਰ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਬਾਹਰ ਸਾਰੇ ਜਗਤ-ਖਿਲਾਰੇ ਵਿਚ ਭੀ ਇਕ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਉਹੀ ਇਕ ਵਿਆਪਕ ਹੈ ।
ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥
ਹਰੇਕ ਸਰੀਰ ਵਿਚ ਹਰ ਥਾਂ ਸਰਬ-ਵਿਆਪਕ ਪਰਮਾਤਮਾ ਹੀ (ਵੱਸਦਾ) ਦਿੱਸ ਰਿਹਾ ਹੈ ।੧।
ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥
ਹੇ ਪ੍ਰਭੂ! ਬੇਅੰਤ ਰਿਸ਼ੀ ਮੁਨੀ, ਤੇ, ਬੇਅੰਤ (ਤੇਰੇ) ਸੇਵਕ ਤੇਰੀ ਵਡਿਆਈ ਕਰਦੇ ਆ ਰਹੇ ਹਨ, ਕਿਸੇ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਿਆ ।
ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥
ਹੇ ਦਾਸ ਨਾਨਕ! (ਆਖ—) ਹੇ ਸੁਖ ਦੇਣ ਵਾਲੇ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਸਦਾ ਸਦਕੇ ਜਾਣਾ ਚਾਹੀਦਾ ਹੈ ।੨।੧।
ਦੇਵਗੰਧਾਰੀ ॥
ਦੇਵ ਗੰਧਾਰੀ।
ਮਾਈ ਹੋਨਹਾਰ ਸੋ ਹੋਈਐ ॥
ਹੇ ਮਾਂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ (ਪਰਮਾਤਮਾ ਦੀ ਰਜ਼ਾ ਅਨੁਸਾਰ) ਜ਼ਰੂਰ ਵਾਪਰਨਾ ਹੈ ।
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥
ਪਰਮਾਤਮਾ ਆਪ ਆਪਣੀ ਇਸ ਜਗਤ-ਖੇਡ ਵਿਚ ਰੁੱਝਾ ਪਿਆ ਹੈ, ਕਿਤੇ ਲਾਭ ਦੇ ਰਿਹਾ ਹੈ, ਕਿਤੇ ਕੁਝ ਖੋਹ ਰਿਹਾ ਹੈ ।੧।ਰਹਾਉ।
ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥
ਹੇ ਮਾਂ! (ਜਗਤ ਵਿਚ) ਕਿਤੇ ਖੁਸ਼ੀਆਂ ਵਧ ਫੁਲ ਰਹੀਆਂ ਹਨ, ਕਿਤੇ ਵਿਸ਼ੇ-ਵਿਕਾਰਾਂ ਦੇ ਕਾਰਨ ਗ਼ਮ-ਚਿੰਤਾ ਵਧ ਰਹੇ ਹਨ । ਕਿਤੇ ਹਾਸਾ ਹੋ ਰਿਹਾ ਹੈ, ਕਿਤੇ ਰੋਣਾ ਪਿਆ ਹੋਇਆ ਹੈ ।
ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥
ਕਿਤੇ ਕੋਈ ਅਹੰਕਾਰੀ ਮਨੁੱਖ ਹਉਮੈ ਦੀ ਮੈਲ ਨਾਲ ਲਿਬੜੇ ਪਏ ਹਨ, ਕਿਤੇ ਗੁਰੂ ਦੀ ਸੰਗਤਿ ਵਿਚ ਬੈਠ ਕੇ (ਹਉਮੈ ਦੀ ਮੈਲ ਨੂੰ) ਧੋਤਾ ਜਾ ਰਿਹਾ ਹੈ ।੧।
ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥
(ਹੇ ਮਾਂ! ਜਗਤ ਵਿਚ ਪਰਮਾਤਮਾ ਤੋਂ ਬਿਨਾ) ਕੋਈ ਦੂਜਾ ਨਹੀਂ ਦਿੱਸਦਾ, ਕੋਈ ਜੀਵ ਉਸ ਪਰਮਾਤਮਾ ਦਾ ਕੀਤਾ (ਹੁਕਮ) ਮਿਟਾ ਨਹੀਂ ਸਕਦਾ ।
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥
ਹੇ ਨਾਨਕ! ਆਖ—ਮੈਂ ਉਸ ਗੁਰੂ ਤੋਂ ਕੁਰਬਾਨ ਹਾਂ ਜਿਸ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ) ਆਤਮਕ ਆਨੰਦ ਵਿਚ ਲੀਨ ਰਹਿ ਸਕੀਦਾ ਹੈ ।੨।੨।