Sri Guru Granth Sahib Ji — Ang 527 (punjabi)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ ਅਜਮਨਾ ਅਤੇ ਸਵੈ-ਪ੍ਰਕਾਸ਼ਵਾਨ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥
ਰਾਗ ਦੇਵ ਗੰਧਾਰੀ। ਚਉਥੀ ਪਾਤਿਸ਼ਾਹੀ।
ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥
(ਹੇ ਭਾਈ!) ਜਿਨ੍ਹਾਂ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ ।
ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥
(ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ ।੧।ਰਹਾਉ।
ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
(ਹੇ ਭਾਈ!) ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ ।
ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥
(ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ । (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ।੧।
ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
(ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ), ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ ।
ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥
ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ ।੨।੧।
ਦੇਵਗੰਧਾਰੀ ॥
ਦੇਵ ਗੰਧਾਰੀ।
ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥
ਹੇ ਹਰੀ ਦੇ ਸੰਤ ਜਨੋ! ਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ?
ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥
ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ ।੧।ਰਹਾਉ।
ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥
(ਹੇ ਜਿੱਗਿਆਸੂ ਜੀਵ-ਇਸਤ®ੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤਿ-ਸਾਲਾਹ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ, ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ
ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥
ਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ®ੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ ।੧।
ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥
(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ®ੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ ।
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥
ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ®ੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ ।੨।
ਦੇਵਗੰਧਾਰੀ ॥
ਦੇਵ ਗੰਧਾਰੀ।
ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥
ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ ।
ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ®ੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ ।੧।ਰਹਾਉ।
ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥
ਹੇ ਭਾਈ! ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ ।
ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥
ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ।੧।
ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥
(ਹੇ ਜਿੱਗਿਆਸੂ ਜੀਵ-ਇਸਤ®ੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਸ਼ੁਰੂ ਕਰ, ਤੇ, ਉਸ ਦਾ ਦਿੱਤਾ ਹੋਇਆ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ (ਇਹੀ ਤਰੀਕਾ ਹੈ ਢੋਲੇ-ਹਰੀ ਨੂੰ ਮਿਲਣ ਦਾ) ।
ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥
ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ ।੨।੩।
ਦੇਵਗੰਧਾਰੀ ॥
ਦੇਵ ਗੰਧਾਰੀ।
ਅਬ ਹਮ ਚਲੀ ਠਾਕੁਰ ਪਹਿ ਹਾਰਿ ॥
ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ ।
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥
ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ।