Sri Guru Granth Sahib Ji — Ang 503 (punjabi)
ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ ।੨।
ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥
ਹੇ ਭਾਈ! ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ
ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥
ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ ।੩।
ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥
ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ ।
ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥
ਹੇ ਨਾਨਕ! (ਆਖ—) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ ।੪।੩੨।
ਗੂਜਰੀ ਅਸਟਪਦੀਆ ਮਹਲਾ ੧ ਘਰੁ ੧
ਗੂਜਰੀ ਅਸ਼ਟਾਪਤੀਆਂ। ਪਹਿਲੀ ਪਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥
ਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ ।
ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥
(ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦਿ®ਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ ।੧।
ਚੇਤਹੁ ਬਾਸੁਦੇਉ ਬਨਵਾਲੀ ॥
ਹੇ ਭਾਈ । ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ ।
ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥
ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾE—(ਇਸ ਨੂੰ ਆਪਣੀ) ਮਾਲਾ (ਬਣਾਉ) ।੧।ਰਹਾਉ।
ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥
ਜਿਸ ਮਾਇਆ ਦਾ ਮੂਲ-ਪ੍ਰਭੂ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ ਲੱਗੇ ਰਹੇ ਹਨ,
ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥
ਉਹ ਮਾਇਆ ਸਹਜੇ ਹੀ (ਉਹਨਾਂ ਬੰਦਿਆਂ ਤੋਂ) ਪਰੇ ਹਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ, ਕਿਉਂਕਿ) ਉਹ ਬੰਦੇ, ਹੇ ਨਾਨਕ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ।੨।
ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥
(ਇਹ ਸਾਰਾ ਜਗਤ ਜਿਸ ਪਾਰਜਾਤ-ਪ੍ਰਭੂ ਦਾ) ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ, ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ) ।
ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥
(ਹੇ ਭਾਈ! ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ ।੩।
ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥
ਹੇ (ਮੇਰੀ) ਸਿੱਖਿਆ ਸੁਣਨ ਵਾਲੇ ਭਾਈ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ-(ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ ।
ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥
ਜਿਸ ਮਨੁੱਖ ਦੇ ਮਨ ਵਿਚ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੰੁਦਾ ।੪।
ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥
(ਜਿਸ ਮਨੁੱਖ ਨੇ ਪਰਮਾਤਮਾ ਨੂੰ ਹਿਰਦੇ ਵਿਚ ਵਸਾ ਲਿਆ ਹੈ) ਉਹ ਗੁਰੂ ਕਿਹਾ ਜਾ ਸਕਦਾ ਹੈ, ਉਹ (ਅਸਲ) ਸਿੱਖ ਕਿਹਾ ਜਾ ਸਕਦਾ ਹੈ, ਉਹ (ਅਸਲ) ਵੈਦ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ ।
ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥
ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ । (ਪ੍ਰਭੂ ਦੇ ਸਿਮਰਨ ਸਦਕਾ) ਉਹ ਮਾਇਆ ਦੇ ਬੰਧਨ ਵਿਚ ਨਹੀਂ (ਫਸਦਾ), ਉਹ ਗ੍ਰਿਹਸਤੀ (ਹੰੁਦਾ ਭੀ) ਜੋਗੀ ਹੈ ।੫।
ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥
ਜਿਸ ਮਨੁੱਖ ਨੇ ਗੁਰੂ ਦੀ ਮੇਹਰ ਨਾਲ ਆਪਣੇ ਮਨ ਵਿਚ ਜਗਤ-ਮੂਲ ਅਦਿ®ਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ
ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥
ਉਸ ਨੇ ਕਾਮ ਕੋ®ਧ ਤੇ ਅਹੰਕਾਰ ਤਿਆਗ ਦਿੱਤਾ ਹੈ, ਉਸ ਨੇ ਲੋਭ ਮੋਹ ਤੇ ਮਾਇਆ ਦੀ ਤਿ®ਸ਼ਨਾ ਛੱਡ ਦਿੱਤੀ ਹੈ ।੬।
ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥
ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਨੀ—ਇਹ ਸਭ ਪ੍ਰਭੂ ਦੀ ਦਾਤਿ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤਿ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਾਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ
ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥
ਕਿਉਂਕਿ ਸਿਮਰਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ, ਮਾਨੋ) ਬ੍ਰਹਮ-ਰੂਪ ਕਮਲ ਦਾ ਸ਼ਹਿਦ (ਚੋਣ ਲੱਗ ਪੈਂਦਾ ਹੈ) ਉਸ (ਨਾਮ-ਅੰਮ੍ਰਿਤ ਸ਼ਹਿਦ ਦਾ) ਰਸ ਉਹ ਮਨੁੱਖ ਚੱਖਦਾ ਹੈ (ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, (ਮਾਇਆ-ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਨਹੀਂ ਹੁੰਦਾ ।੭।
ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥
ਹੇ ਨਾਨਕ! ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ, ਸਾਰੇ ਪਾਤਾਲ (ਸਾਰਾ ਸੰਸਾਰ ਜਿਸ ਪਾਰਜਾਤ-ਪ੍ਰਭੂ) ਦੇ ਪੱਤਰ (ਪਸਾਰਾ) ਹਨ
ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥
ਜੋ ਸਭ ਜੀਵਾਂ ਵਿਚ ਵਿਆਪਕ ਹੈ, ਗੁਰੂ ਦੇ ਉਪਦੇਸ ਦੀ ਬਰਕਤਿ ਨਾਲ ਮੈਂ ਉਸ ਦਾ ਨਾਮ-ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਰ ਤਿਆਗਿਆ ਹੈ, ਹੁਣ ਮੇਰਾ ਮੁੜ ਮੁੜ ਗਰਭ-ਵਾਸ (ਜਨਮ ਮਰਨ) ਨਹੀਂ ਹੋਵੇਗਾ ।੮।੧।
ਗੂਜਰੀ ਮਹਲਾ ੧ ॥
ਗੂਜ਼ਰੀ ਪਹਿਲੀ ਪਾਤਿਸ਼ਾਹੀ।
ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥
ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ ।
ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥
ਜਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੰੁਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ।੧।
ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥
ਹੇ ਪ੍ਰਭੂ ਜੀ! (ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ
ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥
ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ । ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ ।੧।ਰਹਾਉ।
ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥
ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ ।
ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥
ਹੇ ਕਰਤਾਰ! ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ ਨਾਹ ਧਰਤੀ ਸੀ, ਨਾਹ ਆਕਾਸ਼ ਸੀ,
ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥
ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ®ਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ ।
ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥
ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ।੩।