Sri Guru Granth Sahib Ji — Ang 492 (punjabi)
ਗੂਜਰੀ ਮਹਲਾ ੩ ਤੀਜਾ ॥
ਗੂਜਰੀ ਤੀਜੀ ਪਾਤਿਸ਼ਾਹੀ।
ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥
ਹੇ ਪੰਡਿਤ! ਇਕ ਹਰਿ-ਨਾਮ ਹੀ (ਸਾਰੇ ਗੁਣਾਂ ਦਾ, ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ, ਇਸ ਹਰਿ-ਨਾਮ ਨੂੰ ਸੁਣਿਆ ਕਰ, ਇਸ ਹਰਿ-ਨਾਮ ਨੂੰ ਜਪਣ ਦੀ ਜਾਚ ਸਿੱਖ ।
ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥
ਹੇ ਪੰਡਿਤ! ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ । ਤੂੰ ਮਾਇਆ ਦੇ ਪਿਆਰ ਵਿਚ (ਫਸਿਆ ਰਹਿ ਕੇ) ਜਿਤਨਾ ਕੁਝ (ਜਿਤਨੇ ਭੀ ਧਾਰਮਿਕ ਪੁਸਤਕ) ਪੜ੍ਹਦਾ ਹੈਂ, ਉਹਨਾਂ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਤੈਨੂੰ ਸਦਾ ਦੁੱਖ ਹੀ ਲੱਗਾ ਰਹਿੰਦਾ ਹੈ ।੧।
ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥
ਹੇ ਪੰਡਿਤ! ਗੁਰੂ ਦੇ ਸ਼ਬਦ ਵਿਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹੁ, ਤਾਂ ਤੈਨੂੰ (ਸੁਚੱਜੇ ਆਤਮਕ ਜੀਵਨ ਦੀ) ਸਮਝ ਪਵੇਗੀ ।
ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥
ਹੇ ਪੰਡਿਤ! ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਦਾ ਰਹੁ, ਤਾਂ ਤੇਰਾ ਮਨ ਪਵਿਤ® ਹੋ ਜਾਇਗਾ ।੧।ਰਹਾਉ।
ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥
ਹੇ ਪੰਡਿਤ! ਗੁਰੂ ਨੂੰ ਮਿਲਿਆਂ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨੁੱਖ ਨੂੰ ਮਾਇਆ ਦੀ ਤ®ੇਹ, ਮਾਇਆ ਦੀ ਭੁੱਖ ਨਹੀਂ ਵਿਆਪਦੀ ।
ਨਾਮੁ ਨਿਧਾਨੁ ਪਾਇਆ ਪਰ ਘਰਿ ਜਾਇ ਨ ਕੋਇ ॥੨॥
(ਜਿਸ ਮਨੁੱਖ ਨੂੰ ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਹ (ਆਸਰੇ ਵਾਸਤੇ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ (ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਲਦਾ) ।੨।
ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥
ਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ, ਤੇ ਉਂਞ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ ।
ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥੩॥
ਹੇ ਪੰਡਿਤ! ਗੁਰੂ ਦੀ ਮਤਿ ਤੇ ਤੁਰਿਆਂ ਹੀ ਹਿਰਦੇ ਵਿਚ (ਸੁਚੱਜੇ ਜੀਵਨ ਦਾ) ਚਾਨਣ ਪੈਦਾ ਹੰੁਦਾ ਹੈ, ਗੁਰਮਤਿ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ।੩।
ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥
ਹੇ ਪੰਡਿਤ! ਸ਼ਾਸਤ®ਾਂ ਨੂੰ ਸੁਣ ਸੁਣ ਕੇ ਭੀ ਤੂੰ (ਆਤਮਕ ਜੀਵਨ ਨੂੰ) ਨਹੀਂ ਸਮਝਦਾ, ਤਾਹੀਏਂ ਤੂੰ ਮੁੜ ਮੁੜ ਭਟਕਦਾ ਫਿਰਦਾ ਹੈਂ ।
ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥੪॥
ਹੇ ਪੰਡਿਤ! ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ® ਪੜ੍ਹ ਕੇ ਭੀ) ਮੂਰਖ (ਹੀ) ਹੈ । ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਕਦੇ ਪਿਆਰ ਨਹੀਂ ਪਾ ਸਕਦਾ ।੪।
ਸਚੈ ਜਗਤੁ ਡਹਕਾਇਆ ਕਹਣਾ ਕਛੂ ਨ ਜਾਇ ॥
(ਪਰ, ਹੇ ਪੰਡਿਤ! ਪਰਮਾਤਮਾ ਦੀ ਰਜ਼ਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿਚ ਪਾਇਆ ਹੋਇਆ ਹੈ ।
ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥੫॥੭॥੯॥
ਹੇ ਨਾਨਕ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ । ਜਿਵੇਂ ਪਰਮਾਤਮਾ ਦੀ ਰਜ਼ਾ ਹੈ (ਤਿਵੇਂ ਜਗਤ ਰੁੱਝਾ ਪਿਆ ਹੈ) ।੫।੭।੯।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਰਾਗੁ ਗੂਜਰੀ ਮਹਲਾ ੪ ਚਉਪਦੇ ਘਰੁ ੧ ॥
ਰਾਗੁ ਗੂਜਰੀ ਚੌਥੀ ਪਾਤਿਸ਼ਾਹੀ। ਚਉਪਦੇ।
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥
ਹੇ ਸਤਿਗੁਰੂ! ਹੇ ਪਰਮਾਤਮਾ ਦੇ ਭਗਤ! ਹੇ ਮਹਾ ਪੁਰਖ ਗੁਰੂ! ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ ।
ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥
ਹੇ ਸਤਿਗੁਰੂ! ਮੈਂ ਇਕ ਕੀੜਾ ਹਾਂ, ਨਿੱਕਾ ਜਿਹਾ ਕੀੜਾ ਹਾਂ । ਤੇਰੀ ਸਰਨ ਆਇਆ ਹਾਂ । ਮੇਹਰ ਕਰ, ਮੈਨੂੰ ਪਰਮਾਤਮਾ ਦਾ ਨਾਮ-ਚਾਨਣ ਦੇਹ ।੧।
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥
ਹੇ ਮੇਰੇ ਮਿੱਤਰ ਸਤਿਗੁਰੂ! ਮੈਨੂੰ ਪਰਮਾਤਮਾ ਦਾ ਨਾਮ (-ਰੂਪ) ਚਾਨਣ ਬਖ਼ਸ਼ ।
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥
(ਮੇਹਰ ਕਰ) ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮੇਰੇ ਜੀਵਨ-ਰਾਹ ਦੀ ਪੂੰਜੀ ਬਣੀ ਰਹੇ ।੧।ਰਹਾਉ।
ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥
ਹੇ ਭਾਈ! ਜਿਨ੍ਹਾਂ ਹਰਿ-ਭਗਤਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦੀ ਸਰਧਾ ਹੈ ਨਾਮ ਜਪਣ ਦੀ ਖਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ ।
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥
ਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੰੁਦਾ ਹੈ ਉਹ (ਮਾਇਆ ਦੀ ਤਿ®ਸ਼ਨਾ ਵਲੋਂ) ਰੱਜ ਜਾਂਦੇ ਹਨ । ਸਾਧ ਸੰਗਤਿ ਵਿਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪਰਗਟ ਹੋ ਜਾਂਦੇ ਹਨ ।੨।
ਜਿਨੑ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ ॥
ਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਰਸ ਹਾਸਲ ਨਹੀਂ ਕੀਤਾ, ਉਹ ਬਦ-ਕਿਸਮਤ ਹਨ, ਉਹ ਆਤਮਕ ਮੌਤ ਦੇ ਕਾਬੂ ਆਏ ਰਹਿੰਦੇ ਹਨ ।
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥
ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਸਾਧ ਸੰਗਤਿ ਵਿਚ ਨਹੀਂ ਆਉਂਦੇ, ਉਹਨਾਂ ਦਾ ਹੁਣ ਤਕ ਦਾ ਜੀਵਨ ਤੇ ਅਗਾਂਹ ਦਾ ਜੀਵਨ ਫਿਟਕਾਰ-ਜੋਗ ਹੈ ।੩।
ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥
ਹੇ ਭਾਈ! ਜਿਨ੍ਹਾਂ ਹਰਿ-ਭਗਤਾਂ ਨੇ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹਨਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ ।
ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ ॥੪॥੧॥
ਹੇ ਨਾਨਕ! (ਆਖ—) ਸਾਧ ਸੰਗਤਿ ਧੰਨ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ-ਰਸ ਹਾਸਲ ਕਰਦਾ ਹੈ, ਜਿਸ ਵਿਚ ਮਿਲਿਆਂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਜਾਂਦਾ ਹੈ ।੪।੧।
ਗੂਜਰੀ ਮਹਲਾ ੪ ॥
ਗੂਜਰੀ ਚੌਥੀ ਪਾਤਿਸ਼ਾਹੀ।
ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥
ਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ ।
ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥
ਹੇ ਭਾਈ! ਗੋਵਿੰਦ ਦਾ ਭਜਨ ਕਰੋ, ਹੇ ਭਾਈ! ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ । ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ।੧।
ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥
ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ ।
ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥
ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ । (ਹੇ ਭਾਈ!) ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ।੧।ਰਹਾਉ।
ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥
ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ ।
ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥
ਹੇ ਭਾਈ! ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ । ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ।੨।