Sri Guru Granth Sahib Ji — Ang 491 (punjabi)
ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥
ਪਰਮਾਤਮਾ ਆਪ ਹੀ ਇਹ ਸਬੱਬ ਬਣਾਂਦਾ ਹੈ, (ਗੁਰੂ ਦੀ ਸਰਨ ਪਏ ਮਨੁੱਖ ਦੀ) ਆਤਮਾ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ।੪।੩।੫।
ਗੂਜਰੀ ਮਹਲਾ ੩ ॥
ਗੂਜਰੀ ਤੀਜੀ ਪਾਤਿਸ਼ਾਹੀ।
ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥
(ਜੇ) ਹਰੇਕ ਮਨੁੱਖ (ਨਿਰੀ ਜੀਭ ਨਾਲ ਹੀ) ਪਰਮਾਤਮਾ ਦਾ ਨਾਮ ਆਖਦਾ ਰਹੇ, (ਤਾਂ ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ (ਸਫਲਤਾ) ਨਹੀਂ ਹੰੁਦੀ ।
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥
ਜਦੋਂ ਕਿਸੇ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ ।੧।
ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਲਈ ਪਿਆਰ ਬਣਦਾ ਹੈ,
ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥
ਪਰਮਾਤਮਾ ਉਸ ਮਨੁੱਖ ਨੂੰ ਕਦੇ ਭੁੱਲਦਾ ਨਹੀਂ । (ਜਿਨ੍ਹਾਂ ਮਨੁੱਖਾਂ ਦੇ ਅੰਦਰ ਪਿਆਰ ਬਣਦਾ ਹੈ) ਉਹ ਸਦਾ ਆਪਣੇ ਮਨ ਵਿਚ ਚਿੱਤ ਵਿਚ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਹਨ ।੧।ਰਹਾਉ।
ਹਿਰਦੈ ਜਿਨੑ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਠੱਗੀ ਵੱਸਦੀ ਹੈ, ਪਰ ਬਾਹਰਲੇ ਭੇਖ ਨਾਲ (ਆਪਣੇ ਆਪ ਨੂੰ ਉਹ) ਸੰਤ ਅਖਵਾਂਦੇ ਹਨ
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥
ਉਹਨਾਂ ਦੇ ਅੰਦਰੋਂ ਮਾਇਆ ਦੀ ਤਿ®ਸ਼ਨਾ ਕਦੇ ਭੀ ਨਹੀਂ ਮੁੱਕਦੀ; ਆਖ਼ਰ ਜਦੋਂ ਉਹ ਜਗਤ ਤੋਂ ਤੁਰ ਪੈਂਦੇ ਹਨ ਤਦੋਂ ਹੱਥ ਮਲਦੇ ਹਨ ।੨।
ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥
(ਹੇ ਭਾਈ!) ਜੇ ਕੋਈ ਮਨੁੱਖ ਅਨੇਕਾਂ ਤੀਰਥਾਂ ਦੇ ਇਸ਼ਨਾਨ ਦਾ ਜਤਨ ਕਰਦਾ ਰਹੇ, ਤਾਂ ਭੀ ਉਸ ਦੇ ਅੰਦਰ ਦੀ ਹਊਮੇ ਦੀ ਮੈਲ ਨਹੀਂ ਲਹਿੰਦੀ,
ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥
ਤੇ, ਜਿਸ ਮਨੁੱਖ ਦੇ ਮਨ ਦਾ ਖਿੰਡਾਉ ਦੂਰ ਨਹੀਂ ਹੰੁਦਾ (ਉਹ ਮਾਇਆ ਦੇ ਮੋਹ ਵਿਚ ਭਟਕਦਾ ਰਹਿੰਦਾ ਹੈ) ਉਸ ਨੂੰ ਧਰਮ ਰਾਜ ਸਜ਼ਾ ਦੇਂਦਾ ਹੈ ।੩।
ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥
(ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦੀ) ਬਖ਼ਸ਼ਸ਼ ਹੋਵੇ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ । (ਪਰ ਉਂਞ) ਕੋਈ ਵਿਰਲਾ ਮਨੁੱਖ ਹੀ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝਦਾ ਹੈ ।
ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥
ਹੇ ਨਾਨਕ! (ਆਖ—) ਜਦੋਂ ਜੇਹੜਾ ਮਨੁੱਖ ਆਪਣੇ ਮਨ ਵਿਚੋਂ ਹਉਮੈ ਨੂੰ ਮਾਰ ਮੁਕਾਂਦਾ ਹੈ ਤਦੋਂ ਉਹੀ ਮਨੁੱਖ ਪਰਮਾਤਮਾ ਨੂੰ ਮਿਲਦਾ ਹੈ ।੪।੪।੬।
ਗੂਜਰੀ ਮਹਲਾ ੩ ॥
ਗੂਜਰੀ ਤੀਜੀ ਪਾਤਿਸ਼ਾਹੀ।
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ ।
ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ® ਜੀਵਨ ਵਾਲਾ ਬਣ ਜਾਂਦਾ ਹੈ ।੧।
ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥
ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ ।
ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥
(ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ।੧।ਰਹਾਉ।
ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥
ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ ।
ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ । (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ।੨।
ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥
(ਪਰ, ਹੇ ਭਾਈ!) ਪਾਰਸ ਬਣਨ ਤੋਂ ਬਿਨਾ (ਦੁਨੀਆ ਪਾਸੋਂ) ਆਦਰ-ਮਾਣ ਨਹੀਂ ਮਿਲਦਾ, (ਕਿਉਂਕਿ) ਆਪਣਾ ਮਨ ਸਿਮਰਨ ਵਿਚ ਪਤੀਜਣ ਤੋਂ ਬਿਨਾ ਹੀ ਉਹ ਮਨੁੱਖ ਹੋਰਨਾਂ ਨੂੰ (ਸਿਮਰਨ ਦੀ) ਸਿੱਖਿਆ ਦੇਂਦਾ ਹੈ ।
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥
ਜੇਹੜਾ ਮਨੁੱਖ ਆਪ ਤਾਂ ਗਿਆਨ ਤੋਂ ਸੱਖਣਾ ਹੈ, ਆਪ ਤਾਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਪਰ ਆਪਣੇ ਆਪ ਨੂੰ ਗੁਰੂ ਅਖਵਾਂਦਾ ਹੈ ਉਹ ਕਿਸੇ ਹੋਰ ਨੂੰ (ਸਹੀ ਜੀਵਨ ਦੇ) ਰਸਤੇ ਉਤੇ ਨਹੀਂ ਪਾ ਸਕਦਾ ।੩।
ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥
ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਦੀ ਮੇਹਰ ਦੀ ਨਿਗਾਹ ਤੋਂ ਬਿਨਾ ਕੁਝ ਭੀ ਪ੍ਰਾਪਤ ਨਹੀਂ ਹੰੁਦਾ (ਆਤਮਕ ਜੀਵਨ ਦੀ ਦਾਤਿ ਨਹੀਂ ਮਿਲਦੀ) । ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਇਹ ਦਾਤਿ ਹਾਸਲ ਕਰ ਲੈਂਦਾ ਹੈ ।
ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥
ਗੁਰੂ ਦੀ ਕਿਰਪਾ ਦੀ ਬਰਕਤਿ ਨਾਲ ਪਰਮਾਤਮਾ (ਜਿਸ ਮਨੁੱਖ ਨੂੰ) ਵਡਿਆਈ ਬਖ਼ਸ਼ਦਾ ਹੈ ਉਸ ਦੇ ਹਿਰਦੇ ਵਿਚ ਆਪਣੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ ।੪।੫।੭।
ਗੂਜਰੀ ਮਹਲਾ ੩ ਪੰਚਪਦੇ ॥
ਗੂਜਰੀ ਤੀਜੀ ਪਾਤਿਸ਼ਾਹੀ ਪੰਚਪਦੇ।
ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥
ਹੇ ਭਾਈ! ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਗਿਆਂ) ਸੁਚੱਜੀ ਅਕਲ ਪੈਦਾ ਹੰੁਦੀ ਹੈ, ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਨਾਹ ਗਿਆਂ) ਚੰਗੀ ਅਕਲ ਦੂਰ ਹੋ ਜਾਂਦੀ ਹ
ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥
ਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੰੁਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ ।੧।
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥
ਹੇ ਮੇਰੇ ਮਨ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ ।
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥
ਹੇ ਭਾਈ! ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਈ ਰੱਖ । ਜਦੋਂ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ, ਗੁਰ-ਸ਼ਬਦ ਦੀ ਬਰਕਤਿ ਨਾਲ) ਤੇਰੀ ਇਹ ਅਕਲ ਮਾਇਆ ਦੇ ਮੋਹ ਵਿਚ ਡੋਲਣੋਂ ਬਚੀ ਰਹੇਗੀ, ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਇਗੀ ।੧।ਰਹਾਉ।
ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥
ਹੇ ਭਾਈ! ਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਸੰਭਾਲ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ ।
ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥
ਜੇ ਤੂੰ (ਪ੍ਰਭੂ-ਚਰਨਾਂ ਦੀ ਬਰਕਤਿ ਨਾਲ) ਕਾਮਾਦਿਕ ਪੰਜਾਂ ਦੇ ਵੱਸ ਵਿਚ ਆਏ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲਏਂ, ਤਾਂ ਤੂੰ ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈਂ ।੨।
ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਇਹ ਮਨ (ਸਦਾ) ਮੂਰਖ (ਹੀ ਟਿਕਿਆ ਰਹਿੰਦਾ) ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੀ) ਰਤਾ ਭੀ ਸਮਝ ਨਹੀਂ ਪੈਂਦੀ ।
ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥
ਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ ।੩।
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥
ਹੇ ਭਾਈ! ਜਿਸ ਮਨੁੱਖ ਨੂੰ ਸਤਿਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਵਾਸਤੇ) ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹੈ,
ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥
ਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ । ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ (ਉਹਨਾਂ ਵਾਸਤੇ ਇਹ ਮਨ ਹੀ ਕਾਂਸ਼ੀ ਹੈ) ।੪।
ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥
ਹੇ ਨਾਨਕ! ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਤਾਂ ਇਕ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ।
ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥
(ਉਹ ਮਨੁੱਖ ਸਦਾ ਇਉਂ ਯਕੀਨ ਰੱਖਦਾ ਹੈ ਤੇ ਆਖਦਾ ਹੈ—ਹੇ ਪ੍ਰਭੂ!) ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਸਦਾ ਅਟੱਲ ਨਿਯਮ ਹੈ । (ਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੫।੬।੮।