Sri Guru Granth Sahib Ji — Ang 483 (punjabi)
ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥
(ਮਾਇਆ ਦੇ ਮੋਹ ਵਿਚ ਫਸ ਕੇ) ਮੈਂ ਜਿਹੜੇ ਕਈ ਜਨਮਾਂ ਵਿਚ ਫਿਰਦਾ ਰਿਹਾ, ਹੁਣ ਉਹ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ,
ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥
ਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ ।੧।
ਅਬ ਮੋਹਿ ਨਾਚਨੋ ਨ ਆਵੈ ॥
(ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ,
ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥
ਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ ।੧।ਰਹਾਉ।
ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥
(ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ®ੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤਿ®ਸ਼ਨਾ ਦੀ ਮਟਕੀ ਟੁੱਟ ਗਈ ਹੈ,
ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥
ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ । (ਮੁੱਕਦੀ ਗੱਲ), ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ ।੨।
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥
ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ
ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥
ਕਬੀਰ ਆਖਦਾ ਹੈ—ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ
ਆਸਾ ॥
ਆਸਾ।
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥
(ਹੇ ਭਾਈ! ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ ।
ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥
ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ ।੧।
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥
ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ ।
ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥
ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ ।੧।ਰਹਾਉ।
ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥
ਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ,
ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥੨॥
, ਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ ।੨।
ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥
ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ, ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ,
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥
ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ ।੩।੭।੨੯।
ਆਸਾ ॥ ਤਿਪਦਾ ॥ ਇਕਤੁਕਾ ॥
ਤਿਪਦਾ। ਇਕ ਤੁਕਾ।
ਕੀਓ ਸਿੰਗਾਰੁ ਮਿਲਨ ਕੇ ਤਾਈ ॥
ਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ,
ਹਰਿ ਨ ਮਿਲੇ ਜਗਜੀਵਨ ਗੁਸਾਈ ॥੧॥
ਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ ।੧।
ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥
ਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ (ਮੇਰਾ ਉਸ ਨਾਲ ਮੇਲ ਨਹੀਂ ਹੰੁਦਾ, ਕਿਉਂਕਿ)
ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ ॥
ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ ।੧।ਰਹਾਉ।
ਧਨ ਪਿਰ ਏਕੈ ਸੰਗਿ ਬਸੇਰਾ ॥
(ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ,
ਸੇਜ ਏਕ ਪੈ ਮਿਲਨੁ ਦੁਹੇਰਾ ॥੨॥
ਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਔਖਾ ਹੈ ।੨।
ਧੰਨਿ ਸੁਹਾਗਨਿ ਜੋ ਪੀਅ ਭਾਵੈ ॥
ਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ®ੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ,
ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥
ਉਹ (ਜੀਵ-) ਇਸਤ®ੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ ।੩।੮।੩੦।
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
ਆਸਾ ਪੂਜਯ ਕਬੀਰ। ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ ।
ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥
ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ—ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ।੧।
ਹਰਿ ਕੀ ਕਥਾ ਅਨਾਹਦ ਬਾਨੀ ॥
ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ
ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥
ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ।੧।ਰਹਾਉ।
ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥
ਕਬੀਰ ਆਖਦਾ ਹੈ—ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ,
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥
ਜਦੋਂ ਉਸ ਤਕ ਪਹੰੁਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ।੨।੧।੩੧।
ਆਸਾ ॥
ਆਸਾ।
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥
ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ । ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ ।
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥
ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ।੧।
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥
ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ ।
ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ ਰਹਾਉ ॥
ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ ।੧।ਰਹਾਉ।
ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ ॥
ਹੇ ਕਬੀਰ! ਆਖ—ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ ।
ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥
ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ।੨।੨।੩੨।