Sri Guru Granth Sahib Ji — Ang 476 (punjabi)
ਆਸਾ ॥
ਆਸਾ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ,
ਗਲੀ ਜਿਨੑਾ ਜਪਮਾਲੀਆ ਲੋਟੇ ਹਥਿ ਨਿਬਗ ॥
ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ,
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥
(ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ।੧।
ਐਸੇ ਸੰਤ ਨ ਮੋ ਕਉ ਭਾਵਹਿ ॥
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ,
ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥
ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ।੧।ਰਹਾਉ।
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥
(ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ,
ਬਸੁਧਾ ਖੋਦਿ ਕਰਹਿ ਦੁਇ ਚੂਲੇੑ ਸਾਰੇ ਮਾਣਸ ਖਾਵਹਿ ॥੨॥
(ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ।੨।
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥
ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ ।
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥
ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ।੩।
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ ।
ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥
ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ।੪।੨।
ਆਸਾ ॥
ਆਸਾ।
ਬਾਪਿ ਦਿਲਾਸਾ ਮੇਰੋ ਕੀਨੑਾ ॥ ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨੑਾ ॥
(ਮੇਰੇ ਅੰਦਰ ਟਿਕ ਕੇ) ਮੇਰੇ ਪਿਤਾ-ਪ੍ਰਭੂ ਨੇ ਮੈਨੂੰ ਸਹਾਰਾ ਦੇ ਦਿੱਤਾ ਹੈ, (ਜਪਣ ਲਈ) ਮੇਰੇ ਮੂੰਹ ਵਿਚ (ਉਸ ਨੇ ਆਪਣਾ) ਅੰਮ੍ਰਿਤ-ਨਾਮ ਦਿੱਤਾ ਹੈ, (ਇਸ ਵਾਸਤੇ) ਮੇਰੀ (ਹਿਰਦਾ-ਰੂਪ) ਸੇਜ ਸੁਖਦਾਈ ਹੋ ਗਈ ।
ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥
(ਜਿਸ ਪਿਉ ਨੇ ਇਤਨਾ ਸੁਖ ਦਿੱਤਾ ਹੈ) ਉਸ ਪਿਉ ਨੂੰ ਮੈਂ (ਕਦੇ) ਮਨ ਤੋਂ ਨਹੀਂ ਭੁਲਾਵਾਂਗਾ
ਆਗੈ ਗਇਆ ਨ ਬਾਜੀ ਹਾਰੀ ॥੧॥
(ਜਿਵੇਂ ਇੱਥੇ ਮੈਂ ਸੌਖਾ ਹੋ ਗਿਆ ਹਾਂ, ਤਿਵੇਂ) ਅਗਾਂਹ ਚੱਲ ਕੇ (ਭੀ) ਮੈਂ (ਮਨੁੱਖਾ-ਜਨਮ ਦੀ) ਖੇਡ ਨਹੀਂ ਹਾਰਾਂਗਾ ।੧।
ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥
ਮੇਰੇ ਉੱਤੋਂ ਮਾਇਆ ਦਾ ਪ੍ਰਭਾਵ ਮਿਟ ਗਿਆ ਹੈ, ਹੁਣ ਮੈਂ ਬੜਾ ਸੌਖਾ ਹੋ ਗਿਆ ਹਾਂ;
ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥
ਨਾਹ ਹੁਣ ਮੈਨੂੰ ਮਾਇਆ ਦਾ ਮੋਹ ਸਤਾਉਂਦਾ ਹੈ, ਤੇ ਨਾਹ ਹੀ ਮੈਂ ਹੁਣ (ਮੁੜ ਮੁੜ) ਸਰੀਰ-ਰੂਪ ਗੋਦੜੀ ਪਹਿਨਾਂਗਾ ।੧।ਰਹਾਉ।
ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥
ਜਿਸ ਪ੍ਰਭੂ-ਪਿਤਾ ਨੇ ਮੈਨੂੰ (ਇਹ ਨਵਾਂ) ਜਨਮ ਦਿੱਤਾ ਹੈ, ਉਸ ਤੋਂ ਮੈਂ ਸਦਕੇ ਹਾਂ,
ਪੰਚਾ ਤੇ ਮੇਰਾ ਸੰਗੁ ਚੁਕਾਇਆ ॥
ਉਸ ਨੇ ਪੰਜ ਕਾਮਾਦਿਕਾਂ ਤੋਂ ਮੇਰਾ ਖਹਿੜਾ ਛੁਡਾ ਦਿੱਤਾ ਹੈ ।
ਪੰਚ ਮਾਰਿ ਪਾਵਾ ਤਲਿ ਦੀਨੇ ॥
ਹੁਣ ਉਹ ਪੰਜੇ ਮਾਰ ਕੇ ਮੈਂ ਆਪਣੇ ਪੈਰਾਂ ਹੇਠ ਦੇ ਲਏ ਹਨ,
ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥
ਕਿਉਂਕਿ (ਇਹਨਾਂ ਵਲੋਂ ਹਟ ਕੇ) ਮੇਰਾ ਮਨ ਤੇ ਤਨ ਪ੍ਰਭੂ ਦੇ ਸਿਮਰਨ ਵਿਚ ਮਸਤ ਹੋ ਗਏ ਹਨ ।੨।
ਪਿਤਾ ਹਮਾਰੋ ਵਡ ਗੋਸਾਈ ॥
ਮੇਰਾ (ਉਹ) ਪਿਉ ਬੜਾ ਵੱਡਾ ਮਾਲਕ ਹੈ
ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥
(ਜੇ ਕੋਈ ਪੁੱਛੇ ਕਿ) ਮੈਂ (ਕੰਗਾਲ ਕਬੀਰ) ਉਸ ਪਿਤਾ ਪਾਸ ਕਿਵੇਂ ਅੱਪੜ ਗਿਆ ਹਾਂ
ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥
(ਤਾਂ ਇਸ ਦਾ ਉੱਤਰ ਇਹ ਹੈ ਕਿ ਜਦੋਂ) ਮੈਨੂੰ ਸਤਿਗੁਰੂ ਮਿਲ ਪਏ ਤਾਂ ਉਹਨਾਂ (ਪਿਤਾ-ਪ੍ਰਭੂ ਦੇ ਦੇਸ ਦਾ) ਰਾਹ ਵਿਖਾ ਦਿੱਤਾ,
ਜਗਤ ਪਿਤਾ ਮੇਰੈ ਮਨਿ ਭਾਇਆ ॥੩॥
ਤੇ ਜਗਤ ਦਾ ਪਿਉ-ਪ੍ਰਭੂ ਮੈਨੂੰ ਮੇਰੇ ਮਨ ਵਿਚ ਪਿਆਰਾ ਲੱਗ ਪਿਆ ।੩।
ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥
(ਹੁਣ ਮੈਂ ਨਿਸੰਗ ਹੋ ਕੇ ਉਸ ਨੂੰ ਆਖਦਾ ਹਾਂ, ਹੇ ਪ੍ਰਭੂ!) ਮੈਂ ਤੇਰਾ ਬੱਚਾ ਹਾਂ, ਤੂੰ ਮੇਰਾ ਪਿਉ ਹੈਂ,
ਏਕੈ ਠਾਹਰ ਦੁਹਾ ਬਸੇਰਾ ॥
ਅਸਾਡਾ ਦੋਹਾਂ ਦਾ (ਹੁਣ) ਇੱਕੋ ਥਾਂ ਹੀ (ਮੇਰੇ ਹਿਰਦੇ ਵਿਚ) ਨਿਵਾਸ ਹੈ ।
ਕਹੁ ਕਬੀਰ ਜਨਿ ਏਕੋ ਬੂਝਿਆ ॥
ਹੇ ਕਬੀਰ! ਹੁਣ ਤੂੰ ਆਖ—ਮੈਂ ਦਾਸ ਨੇ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ)
ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥
ਸਤਿਗੁਰੂ ਦੀ ਕਿਰਪਾ ਨਾਲ ਮੈਨੂੰ (ਜੀਵਨ ਦੇ ਰਸਤੇ ਦੀ) ਸਾਰੀ ਸੂਝ ਪੈ ਗਈ ਹੈ ।੪।੩।
ਆਸਾ ॥
ਆਸਾ।
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
(ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨ੍ਹਿਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ ।
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥
(ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੰੁਦਾ ਹੈ ।੧।
ਨਕਟੀ ਕੋ ਠਨਗਨੁ ਬਾਡਾ ਡੂੰ ॥
ਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ ।
ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥
ਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ ।੧।ਰਹਾਉ।
ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥
(ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ) ।
ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥
(ਮਾਇਆ, ਮਾਨੋ, ਆਖਦੀ ਹੈ—) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ), ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ ।੨।
ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥
ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ ।
ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥
ਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ । ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ) ।੩।
ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥
ਹੇ ਕਬੀਰ! ਆਖ—ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤਰ੍ਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ ।
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥
ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ), ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ ।੪।੪।
ਆਸਾ ॥
ਆਸਾ।
ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥
(ਕਈ ਲੋਕ) ਜੋਗੀ ਹਨ, ਜਤੀ ਹਨ, ਤਪੀ ਹਨ, ਸੰਨਿਆਸੀ ਹਨ, ਬਹੁਤ ਤੀਰਥਾਂ ਤੇ ਜਾਣ ਵਾਲੇ ਹਨ,
ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥
ਸ੍ਰੇਵੜੇ ਹਨ, ਬੈਰਾਗੀ ਹਨ, ਮੋਨਧਾਰੀ ਹਨ, ਜਟਾਧਾਰੀ ਹਨ—ਇਹ ਸਾਰੇ ਸਾਧਨ ਕਰਦਿਆਂ ਭੀ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ।੧।
ਤਾ ਤੇ ਸੇਵੀਅਲੇ ਰਾਮਨਾ ॥
ਸੋ ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰਭੂ ਦਾ ਨਾਮ ਸਿਮਰਿਆ ਜਾਏ ।
ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦੇ ਨਾਮ ਦਾ ਪਿਆਰ ਹੈ, ਜੋ ਮਨੁੱਖ ਜੀਭ ਨਾਲ ਨਾਮ ਸਿਮਰਦਾ ਹੈ, ਜਮ ਉਸ ਦਾ ਕੁਝ ਨਹੀਂ ਵਿਗਾੜ ਸਕਦਾ (ਕਿਉਂਕਿ ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ) ।੧।ਰਹਾਉ।
ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥
ਜੋ ਲੋਕ ਸ਼ਾਸਤ® ਵੇਦ ਜੋਤਿਸ਼ ਤੇ ਕਈ ਵਿਆਕਰਣ ਜਾਣਦੇ ਹਨ,