Sri Guru Granth Sahib Ji — Ang 467 (punjabi)
ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਉਹ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਭਲਾ ਕੰਮ ਕਰਦੇ ਹਨ ਅਤੇ ਧਰਮ-ਅਨੁਸਾਰ ਆਪਣਾ ਜੀਵਨ ਨਿਬਾਹੰੁਦੇ ਹਨ ।
ਓਨੑੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਦੁਨੀਆ ਦੇ ਧੰਧਿਆਂ ਵਿਚ ਖਚਤ ਕਰਨ ਵਾਲੇ ਮਾਇਆ ਦੇ ਮੋਹ ਰੂਪ ਜ਼ੰਜੀਰ ਉਹਨਾਂ ਤੋੜ ਦਿੱਤੇ ਹਨ, ਥੋੜਾ ਖਾਂਦੇ ਹਨ, ਅਤੇ ਥੋੜਾ ਹੀ ਪੀਂਦੇ ਹਨ (ਭਾਵ, ਖਾਣ ਪੀਣ ਚਸਕੇ ਦੀ ਖ਼ਾਤਰ ਨਹੀਂ, ਸਰੀਰਕ ਨਿਰਬਾਹ ਵਾਸਤੇ ਹੈ) ।
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
“ਹੇ ਪ੍ਰਭੂ! ਤੂੰ ਬੜੀਆਂ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਸਦਾ ਜੀਵਾਂ ਨੂੰ ਦਾਤਾਂ ਬਖ਼ਸ਼ਦਾ ਹੈਂ”
ਵਡਿਆਈ ਵਡਾ ਪਾਇਆ ॥੭॥
ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ।੭।
ਸਲੋਕ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥
ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ,
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥
ਸਰ, ਮੇਰ ਆਦਿਕ ਪਰਬਤ, ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ—
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
ਇਹਨਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ (ਜਿਸ ਨੇ ਇਹ ਸਭ ਪੈਦਾ ਕੀਤੇ ਹਨ) ।
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥
ਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ ।
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ ।
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ,
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
ਮੈਂ ਉਸੇ ਤੋਂ ਸਦਕੇ ਹਾਂ, ਉਸੇ ਦੀ ਜੈ ਜੈਕਾਰ ਆਖਦਾ ਹਾਂ (ਭਾਵ, ਉਸੇ ਦੀ ਸਿਫ਼ਤਿ-ਸਾਲਾਹ ਕਰਦਾ ਹਾਂ) ਉਸ ਪ੍ਰਭੂ ਦਾ ਆਸਰਾ (ਜੀਵ ਵਾਸਤੇ) ਸਦਾ ਅਟੱਲ ਹੈ ।
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
ਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ ।੧।
ਮਃ ੧ ॥
ਪਹਿਲੀ ਪਾਤਸ਼ਾਹੀ।
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥
ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥
ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੰੁਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥
ਰਣ-ਭੂਮੀਆਂ ਵਿਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥
ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥
ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ, ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ ।
ਪਉੜੀ ॥
pauVI[
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਹੇ ਪ੍ਰਭੂ! ਕੇਵਲ ਤੂੰ ਹੀ ਪੂਰਨ ਤੌਰ ਤੇ ਅਡੋਲ ਰਹਿਣ ਵਾਲਾ ਮਾਲਕ (ਪੂਰਨ ਤੌਰ ਤੇ ਖਿੜਿਆ ਹੋਇਆ) ਹੈਂ, ਅਤੇ ਤੂੰ ਆਪ ਹੀ ਆਪਣੀ ਅਡੋਲਤਾ ਦਾ ਗੁਣ (ਜਗਤ ਵਿਚ) ਵਰਤਾ ਦਿੱਤਾ ਹੈ ।
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੑੀ ਸਚੁ ਕਮਾਇਆ ॥
(ਪਰ) ਇਹ ਖਿੜਾਉ ਵਾਲਾ ਗੁਣ (ਕੇਵਲ) ਉਸ ਉਸ ਜੀਵ ਨੂੰ ਹੀ ਮਿਲਦਾ ਹੈ ਜਿਸ ਜਿਸ ਨੂੰ ਤੂੰ ਆਪ ਦੇਂਦਾ ਹੈਂ, ਤੇਰੀ ਬਖ਼ਸ਼ਸ਼ ਦੀ ਬਰਕਤਿ ਨਾਲ, ਉਹ ਮਨੁੱਖ ਉਸ ਖਿੜਾਉ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਨ ।
ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑ ਕੈ ਹਿਰਦੈ ਸਚੁ ਵਸਾਇਆ ॥
ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਇਹ ਪੂਰਨ ਖਿੜਾਉ ਵਾਲੀ ਦਾਤ ਮਿਲਦੀ ਹੈ, ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਖਿੜਾਉ ਟਿਕਾ ਦੇਂਦਾ ਹੈ ।
ਮੂਰਖ ਸਚੁ ਨ ਜਾਣਨੑੀ ਮਨਮੁਖੀ ਜਨਮੁ ਗਵਾਇਆ ॥
ਮੂਰਖਾਂ ਨੂੰ ਇਸ ਖਿੜਾਉ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ (ਇਸ ਤੋਂ ਵਾਂਜੇ ਰਹਿ ਕੇ) ਆਪਣਾ ਜਨਮ ਅਜਾਈਂ ਗਵਾਉਂਦੇ ਹਨ,
ਵਿਚਿ ਦੁਨੀਆ ਕਾਹੇ ਆਇਆ ॥੮॥
ਜਗਤ ਵਿਚ ਜਨਮ ਲੈਣ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੰੁਦਾ ।੮।
ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ) ।
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ।੧।
ਮਃ ੧ ॥
ਪਹਿਲੀ ਪਾਤਸ਼ਾਹੀ।
ਲਿਖਿ ਲਿਖਿ ਪੜਿਆ ॥
ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ,
ਤੇਤਾ ਕੜਿਆ ॥
ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ);
ਬਹੁ ਤੀਰਥ ਭਵਿਆ ॥
ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ®ਾ ਕਰਦਾ ਹੈ,
ਤੇਤੋ ਲਵਿਆ ॥
ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ । ਸੋ ਤੀਰਥ-ਯਾਤ®ਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ) ।
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥
ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, (ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ)
ਸਹੁ ਵੇ ਜੀਆ ਅਪਣਾ ਕੀਆ ॥
ਹੇ ਭਾਈ! ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ) ।
ਅੰਨੁ ਨ ਖਾਇਆ ਸਾਦੁ ਗਵਾਇਆ ॥
(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ ।
ਬਹੁ ਦੁਖੁ ਪਾਇਆ ਦੂਜਾ ਭਾਇਆ ॥
ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ ।
ਬਸਤ੍ਰ ਨ ਪਹਿਰੈ ॥
ਕੱਪੜੇ ਨਹੀਂ ਪਾਂਦਾ
ਅਹਿਨਿਸਿ ਕਹਰੈ ॥
ਤੇ ਦਿਨ ਰਾਤ ਔਖਾ ਹੋ ਰਿਹਾ ਹੈ ।
ਮੋਨਿ ਵਿਗੂਤਾ ॥
(ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ,
ਕਿਉ ਜਾਗੈ ਗੁਰ ਬਿਨੁ ਸੂਤਾ ॥
ਭਲਾ, ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?
ਪਗ ਉਪੇਤਾਣਾ ॥
(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ
ਅਪਣਾ ਕੀਆ ਕਮਾਣਾ ॥
ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ ।
ਅਲੁ ਮਲੁ ਖਾਈ ਸਿਰਿ ਛਾਈ ਪਾਈ ॥
ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ,
ਮੂਰਖਿ ਅੰਧੈ ਪਤਿ ਗਵਾਈ ॥
ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ ।
ਵਿਣੁ ਨਾਵੈ ਕਿਛੁ ਥਾਇ ਨ ਪਾਈ ॥
ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ ।
ਰਹੈ ਬੇਬਾਣੀ ਮੜੀ ਮਸਾਣੀ ॥
ਅੰਨ੍ਹਾ (ਮੂਰਖ) ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ,
ਅੰਧੁ ਨ ਜਾਣੈ ਫਿਰਿ ਪਛੁਤਾਣੀ ॥
(ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ ।