Sri Guru Granth Sahib Ji — Ang 454 (punjabi)
ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ) ।
ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥
ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ।੧।
ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ।
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ
ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ,
ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸੇ੍ਰਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ ।
ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ
ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥
(ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ ।੨।
ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
ਹੇ ਭਾਈ! ਜਿਵੇਂ ਪਪੀਹਾ (ਸਾਂ੍ਵਤ ਨਛੱਤ® ਦੀ ਵਰਖਾ ਦੀ) ਕਣੀ ਮੰਗਦਾ ਹੈ (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ,
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ; ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ—ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ ।
ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥
ਹੇ ਭਾਈ! ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ;
ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ—ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ । (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ ।
ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
ਹੇ ਭਾਈ! ਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ ।
ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥
ਹੇ ਭਾਈ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ ।੩।
ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
(ਹੇ ਭਾਈ!) ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ),
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ) ।
ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
(ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ ।
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
(ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ ।
ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ® ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ ।
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥
ਹੇ ਨਾਨਕ! (ਆਖ—) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ।੪।੧।੩।
ਆਸਾ ਮਹਲਾ ੫ ਛੰਤ ਘਰੁ ੬
ਆਸਾ ਪੰਜਵੀਂ ਪਾਤਸ਼ਾਹੀ। ਛੰਦ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸਲੋਕੁ ॥
slok[
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
ਸਲੋਕੁ । ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ ।
ਨਾਨਕ ਪ੍ਰੀਤਿ ਲਗੀ ਤਿਨੑ ਰਾਮ ਸਿਉ ਭੇਟਤ ਸਾਧ ਸੰਗਾਤ ॥੧॥
ਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ ।੧।
ਛੰਤੁ ॥
ਛੰਦ।
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
ਹੇ ਭਾਈ! ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ । (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ ।
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ) । (ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ ।
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
(ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ ।
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ ।
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ ।
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥
ਹੇ ਨਾਨਕ! ਆਖ—(ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ । ਪਰਮਾਤਮਾ ਨਾਲ ਪਿਆਰ ਬਣਾਈ ਰੱਖ । ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ।੧।
ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ;