Sri Guru Granth Sahib Ji — Ang 453 (punjabi)
ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
ਹੇ ਭਾਈ! ਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਔਖਾ ਸੰਸਾਰ-ਅਖਾੜਾ ਜਿੱਤ ਲਿਆ ਹੈ,
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਂ ਸੰਸਾਰ-ਅਖਾੜਾ ਜਿੱਤਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਂ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਹਾਂ (ਮੈਂ ਪਹਿਲਾਂ ਮਾਇਆ ਦੀ ਭਟਕਣਾ ਦੇ ਕਿਲ੍ਹੇ ਵਿਚ ਕੈਦ ਸਾਂ, ਹੁਣ ਉਹ) ਭਟਕਣਾ ਦੇ ਕਿਲ੍ਹੇ ਦੀ ਕੰਧ ਢਹਿ ਪਈ ਹੈ ।
ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
ਮੈਂ ਹਰਿ-ਨਾਮ ਦਾ ਖ਼ਜ਼ਾਨਾ ਲੱਭ ਲਿਆ ਹੈ, ਇਕ ਵੱਡਾ ਖ਼ਜ਼ਾਨਾ ਲੱਭ ਲਿਆ ਹੈ, ਮੇਰੀ ਸਹਾਇਤਾ ਉਤੇ ਪ੍ਰਭੂ ਆਪ (ਮੇਰੇ ਸਿਰ ਉਤੇ) ਆ ਖਲੋਤਾ ਹੈ ।
ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
ਹੇ ਭਾਈ! ਉਹੀ ਮਨੁੱਖ ਚੰਗੀ ਸੂਝ ਵਾਲਾ ਹੈ ਉਹੀ ਮਨੁੱਖ ਹਰ ਥਾਂ ਮੰਨਿਆ-ਪ੍ਰਮੰਨਿਆ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪਣਾ (ਸੇਵਕ) ਬਣਾ ਲਿਆ ਹੈ ।
ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥
ਹੇ ਨਾਨਕ! ਜਦੋਂ ਖਸਮ-ਪ੍ਰਭੂ ਪੱਖ ਤੇ ਹੋਵੇ ਤਾਂ ਸਾਰੇ ਮਿੱਤਰ ਭਰਾ ਭੀ ਖ਼ੁਸ਼ ਹੋ ਜਾਂਦੇ ਹਨ ।੪।੧।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥
ਹੇ ਭਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹਉਮੈ ਚਤੁਰਾਈ ਦੇ ਆਧਾਰ ਤੇ) ਨਹੀਂ ਕੀਤੀ ਜਾ ਸਕਦੀ, (ਸਿਆਣਪ-ਚਤੁਰਾਈ ਦੇ ਆਸਰੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜਾਣ-ਪਛਾਣ ਨਹੀਂ ਪਾਈ ਜਾ ਸਕਦੀ ।
ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥
ਦੈਵੀ ਸੁਭਾਵ ਵਾਲੇ ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਸਿਫ਼ਤਿ-ਸਾਲਾਹ ਕਰਦੇ ਹਨ ।
ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਉਹਨਾਂ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ,
ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥
ਉਸ ਇੱਕ ਅਦਿ®ਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲਿਆ ।
ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥
ਨਾਨਕ ਬੇਨਤੀ ਕਰਦਾ ਹੈ—(ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ) ਅਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰ ਕੇ ਆਪਣੀ ਸੁਰਤਿ ਰੱਬੀ ਨੂਰ ਵਿਚ ਜੋੜ ਲਈ,
ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥
ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ।੧।
ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥
ਹੇ ਭਾਈ! ਪਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ ।
ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥
ਉਹਨਾਂ ਦੀ ਸੰਗਤਿ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ ।
ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥
ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਖ਼ੁਸ਼-ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ ।
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥
ਹੇ ਭਾਈ! ਜੇਹੜਾ ਬੰਦਾ ਸਤਿਗੁਰੂ ਦੀ ਚਰਨੀਂ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ-ਸਹਮ ਖ਼ਤਮ ਹੋ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਅਹੰਕਾਰ) ਦੂਰ ਕਰ ਲੈਂਦਾ ਹੈ ।
ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥
ਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਚਰਨਾਂ ਵਿਚ ਜੋੜ ਲਿਆ, ਉਹ ਪ੍ਰਭੂ ਤੋਂ ਵਿਛੁੜ ਕੇ ਹੋਰ ਕਿਧਰੇ ਭੀ ਨਹੀਂ ਜਾਂਦਾ ।
ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥
ਨਾਨਕ ਬੇਨਤੀ ਕਰਦਾ ਹੈ—ਹੇ ਹਰੀ! ਮੈਂ ਤੇਰਾ ਦਾਸ ਹਾਂ, ਮੈਨੂੰ ਭੀ ਆਪਣੀ ਸਰਨ ਵਿਚ ਰੱਖ ।੨।
ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥
ਹੇ ਹਰੀ! ਤੇਰੇ ਦਰ ਤੇ, ਤੇਰੇ ਬੂਹੇ ਤੇ (ਖਲੋਤੇ) ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ ।
ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥
ਮੈਂ (ਤੇਰੇ) ਉਹਨਾਂ (ਭਗਤਾਂ) ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ।
ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥
(ਹੇ ਭਾਈ!) ਮੈਂ ਉਹਨਾਂ ਭਗਤਾਂ ਅੱਗੇ ਸਿਰ ਨਿਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹ
ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥
ਤੇ ਇਹ ਸਮਝ ਆ ਜਾਂਦੀ ਹੈ ਕਿ) ਸਰਬ-ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿਚ ਹਰ ਥਾਂ ਮੌਜੂਦ ਹੈ ।
ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ (ਜੁਆਰੀਏ ਵਾਂਗ) ਜੂਏ ਵਿਚ (ਮਨੁੱਖਾ) ਜਨਮ (ਦੀ ਬਾਜ਼ੀ) ਨਹੀਂ ਹਾਰਦਾ ।
ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥
ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਕਿਰਪਾ ਕਰ ਕੇ (ਮੈਨੂੰ ਭੀ ਜੂਏ ਵਿਚ ਜੀਵਨ-ਬਾਜ਼ੀ ਹਾਰਨ ਤੋਂ) ਬਚਾ ਲੈ ।੩।
ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥
ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ । ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ?
ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥
ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ ।
ਹਰਿ ਧੂੜੀ ਨੑਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥
ਹੇ ਭਾਈ! ਪ੍ਰਭੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ
ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥
(ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ ।
ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥
(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦਾ ।
ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥
ਨਾਨਕ ਬੇਨਤੀ ਕਰਦਾ ਹੈ—ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ । (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ ।੪।੨।
ਆਸਾ ਛੰਤ ਮਹਲਾ ੫ ਘਰੁ ੪
ਆਸਾ ਪੰਜਵੀਂ ਪਾਤਸ਼ਾਹੀ। ਛੰਦ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥
(ਹੇ ਭਾਈ! ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪੋ੍ਰਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ।
ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥
ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ
ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥
(ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ ।
ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥
ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ ।