Sri Guru Granth Sahib Ji — Ang 442 (punjabi)
ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥
ਹੇ ਮੇਰੇ ਸਦਾ-ਥਿਰ ਮਾਲਕ! ਤੇਰਾ ਵਡੱਪਣ ਭੀ ਸਦਾ ਕਾਇਮ ਰਹਿਣ ਵਾਲਾ ਹੈ ।
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥
ਤੂੰ ਬੇਅੰਤ ਮਾਲਕ ਹੈਂ, ਤੂੰ ਪਾਰਬ੍ਰਹਮ ਹੈਂ ਤੇਰੀ ਤਾਕਤ ਬਿਆਨ ਨਹੀਂ ਕੀਤੀ ਜਾ ਸਕਦੀ ।
ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥
ਹੇ ਪ੍ਰਭੂ! ਤੇਰੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਤੂੰ ਇਹ ਵਡਿਆਈ ਵਸਾ ਦਿੱਤੀ ਹੈ, ਉਹ ਸਦਾ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ।
ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥
ਪਰ ਤਦੋਂ ਹੀ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ, ਫਿਰ ਉਹ ਤੇਰੇ ਸਦਾ-ਥਿਰ ਸਰੂਪ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ।
ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈਂ ਉਹ ਗੁਰੂ ਦੀ ਸਰਨ ਪੈ ਕੇ ਤੇਰੀ ਯਾਦ ਵਿਚ ਲੀਨ ਰਹਿੰਦਾ ਹੈ ।
ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥
(ਤੇਰਾ ਦਾਸ) ਨਾਨਕ ਇਉਂ ਆਖਦਾ ਹੈ—ਹੇ ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ ।੧੦।੨।੭।੫।੨।੭।
ਰਾਗੁ ਆਸਾ ਛੰਤ ਮਹਲਾ ੪ ਘਰੁ ੧
ਰਾਗ ਆਸਾ ਚੌਥੀ ਪਾਤਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥
(ਹੇ ਭਾਈ!) ਮੈਨੂੰ ਆਤਮਕ ਜੀਵਨ ਲੱਭ ਪਿਆ ਮੈਨੂੰ ਆਤਮਕ ਜੀਵਨ ਲੱਭ ਪਿਆ, ਜਦੋਂ ਗੁਰੂ ਦੀ ਸਰਨ ਪਿਆਂ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ ।
ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥
ਹੁਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ, ਗੁਰੂ ਨੇ ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ ।
ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥
(ਜਦੋਂ ਦਾ ਗੁਰੂ ਨੇ) ਮੇਰੇ ਹਰੇਕ ਸਾਹ ਵਿਚ ਹਰਿ-ਨਾਮ ਵਸਾ ਦਿੱਤਾ ਹੈ ਮੈਂ ਆਪਣਾ ਹਰੇਕ ਸਹਮ ਹਰੇਕ ਦੁੱਖ ਮੁਕਾ ਬੈਠਾ ਹਾਂ ।
ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਂ ਉਸ ਪਰਮਾਤਮਾ ਨੂੰ ਸਿਮਰਿਆ ਹੈ ਜੇਹੜਾ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ ਜੇਹੜਾ ਮਨੁੱਖੀ ਗਿਆਨ-ਇੰਦਿ®ਆਂ ਦੀ ਪਹੰੁਚ ਤੋਂ ਪਰੇ ਹੈ, (ਸਿਮਰਨ ਦਾ ਸਦਕਾ) ਮੈਂ ਸਭ ਤੋਂ ਉੱਚਾ ਤੇ ਪਵਿਤ® ਆਤਮਕ ਮਰਤਬਾ ਹਾਸਲ ਕਰ ਲਿਆ ਹੈ
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥
ਜਦੋਂ ਤੋਂ ਮੈਂ ਸਤਿਗੁਰੂ ਦੀ ਬਾਣੀ ਗਾਣੀ ਸ਼ੁਰੂ ਕੀਤੀ ਹੈ (ਮੇਰੇ ਅੰਦਰ ਆਤਮਕ ਆਨੰਦ ਦੀ ਇਕ ਅਤੁੱਟ ਲਹਰ ਚੱਲ ਪਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ) ਕਦੇ ਨਾਹ ਮੁੱਕਣ ਵਾਲੀ ਸੁਰ ਨਾਲ ਸੰਗੀਤਕ ਸਾਜ ਸਦਾ ਵੱਜਦੇ ਰਹਿੰਦੇ ਹਨ ।
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥
ਹੇ ਨਾਨਕ! ਦਾਤਾਰ ਪ੍ਰਭੂ ਨੇ ਇਹ ਬਖ਼ਸ਼ਸ਼ ਕੀਤੀ ਹੈ, ਹੁਣ ਮੇਰੀ ਜਿੰਦ ਪ੍ਰਭੂ ਦੀ ਜੋਤਿ ਵਿਚ ਟਿਕੀ ਰਹਿੰਦੀ ਹੈ ।੧।
ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥
(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ-ਹੁਦਰੇ ਮਨੁੱਖ ‘ਮੇਰੀ ਮਾਇਆ, ਮੇਰੀ ਮਾਇਆ’ ਆਖ ਆਖ ਕੇ ਹੀ ਆਤਮਕ ਮੌਤੇ ਮਰ ਗਏ,
ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥
ਉਹਨਾਂ ਦਾ ਮਨ (ਮਾਇਆ ਦੇ ਲਾਭ ਵੇਲੇ) ਇਕ ਖਿਨ ਵਿਚ ਮੱਚ ਪੈਂਦਾ ਹੈ (ਮਾਇਆ ਦੀ ਹਾਨੀ ਵੇਲੇ) ਇਕ ਖਿਨ ਵਿਚ ਹੀ ਢਹਿ ਪੈਂਦਾ ਹੈ, ਉਹ ਆਪਣੇ ਮਨ ਨੂੰ ਸਦਾ ਇਸ ਬਦ-ਬੋ ਭਰੇ ਸਰੀਰ ਦੇ ਮੋਹ ਵਿਚ ਜੋੜੀ ਰੱਖਦੇ ਹਨ ।
ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ-ਭਰੇ ਸਰੀਰ ਦੇ ਮੋਹ ਵਿਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ । ਉਹਨਾਂ ਦਾ ਚਿੱਤ ਸਰੀਰਕ ਮੋਹ ਵਿਚ ਲੱਗਾ ਰਹਿੰਦਾ ਹੈ (ਪਰ ਇਹ ਸਰੀਰਕ ਸੁਖ ਦੁੱਖ ਇਉਂ ਹੈ) ਜਿਵੇਂ ਕਸੰੁਭੇ ਦੇ ਫੁੱਲ ਦਾ ਰੰਗ ਵੇਖੀਦਾ ਹੈ (ਵੇਖਣ ਨੂੰ ਸ਼ੋਖ, ਪਰ ਝਬਦੇ ਹੀ ਫਿੱਕਾ ਪੈ ਜਾਣ ਵਾਲਾ),
ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮਿੑਆਰਿ ਭਵਾਇਆ ॥
ਜਿਵੇਂ ਪਰਛਾਵਾਂ (ਸੂਰਜ ਦੇ ਚੜ੍ਹਨ ਢਲਣ ਦੇ ਆਸਰੇ) ਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ, ਜਿਵੇਂ ਉਹ ਚੱਕ ਹੈ, ਜਿਸ ਨੂੰ ਕੁਮ੍ਹਿਆਰ ਨੇ ਚੱਕਰ ਦਿੱਤਾ ਹੋਇਆ ਹੈ ।
ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ ਦੁੱਖ ਇਕੱਠੇ ਕਰਦੇ ਰਹਿੰਦੇ ਹਨ ਦੁੱਖ ਭੋਗਦੇ ਰਹਿੰਦੇ ਹਨ, ਉਹਨਾਂ ਨੇ ਆਪਣੇ ਜੀਵਨ ਵਿਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੰੁਦਾ ਹੈ ।
ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥
ਪਰ, ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ-ਸਮੁੰਦਰ ਸੌਖਾ ਤਰਿਆ ਜਾ ਸਕਦਾ ਹੈ ।੨।
ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥
(ਹੇ ਭਾਈ!) ਮੇਰਾ ਮਾਲਕ ਸੋਹਣਾ ਹੈ, ਮੇਰਾ ਮਾਲਕ-ਪ੍ਰਭੂ ਸੋਹਣਾ ਹੈ, (ਪਰ ਮੇਰੀ ਸਮਝ-ਸਿਆਣਪ ਦੀ) ਪਹੰੁਚ ਤੋਂ ਪਰੇ ਹੈ, ਉਹ ਇਕ ਐਸਾ ਸਮੰੁਦਰ ਹੈ ਜਿਸ ਦੀ ਹਾਥ ਨਹੀਂ ਲੱਭਦੀ ।
ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥
(ਤਾਂਹੀਏਂ) ਹੇ ਮੇਰੇ ਸ਼ਾਹ! ਹੇ ਮੇਰੇ ਸਤਿਗੁਰੂ! ਮੈਂ (ਤੇਰੇ ਪਾਸੋਂ) ਹਰਿ-ਨਾਮ ਦੀ ਪੂੰਜੀ ਮੰਗਦਾ ਹਾਂ ।
ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥
ਜੇਹੜਾ ਮਨੁੱਖ ਹਰਿ-ਨਾਮ-ਸਰਮਾਏ ਦੀ ਭਾਲ ਕਰਦਾ ਹੈ । ਹਰਿ-ਨਾਮ ਦਾ ਵਣਜ ਕਰਦਾ ਹੈ ਉਹ ਸਦਾ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ, ਗੁਣਾਂ ਦੇ ਕਾਰਨ ਉਹ ਹਰੀ ਨੂੰ ਪਿਆਰਾ ਲੱਗਦਾ ਹੈ ।
ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥
ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਮਾਇਆ ਦੀ ਭੁੱਖ ਉੱਕਾ ਹੀ ਤਿਆਗ ਦੇਂਦਾ ਹੈ, ਉਹ ਤਾਂ ਸਦਾ ਉਸ ਪਰਮਾਤਮਾ ਵਿਚ ਲੀਨ ਰਹਿੰਦਾ ਹੈ ਜਿਸ ਦੇ ਅੰਦਰ ਕਦੇ ਮਾਇਆ ਦੇ ਫੁਰਨੇ ਉੱਠਦੇ ਹੀ ਨਹੀਂ ।
ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥
ਜਦੋਂ ਇਕ ਹਰਿ-ਨਾਮ ਦਾ ਵਣਜ ਕਰਨ ਵਾਲੇ ਸਤਸੰਗੀ ਰਲ ਬੈਠਦੇ ਹਨ, ਤਾਂ ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟ ਕੇ (ਜਗਤ ਤੋਂ) ਲੈ ਜਾਂਦੇ ਹਨ ।
ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥
ਹੇ ਨਾਨਕ! ਤੂੰ ਭੀ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰ ਦੇਹ (ਤੇ ਹਰਿ-ਨਾਮ ਦਾ ਸੌਦਾ ਗੁਰੂ ਪਾਸੋਂ ਹਾਸਲ ਕਰ) ਪਰ ਇਹ ਹਰਿ-ਨਾਮ ਦਾ ਸੌਦਾ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਭਾਗਾਂ ਵਿਚ ਧੁਰੋਂ ਲਿਖਿਆ ਹੁੰਦਾ ਹੈ ।੩।
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥
ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ ।
ਬਾਣੀ ਗੁਰਬਾਣੀ ਲਾਗੇ ਤਿਨੑ ਹਥਿ ਚੜਿਆ ਰਾਮ ॥
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ ।
ਗੁਰਬਾਣੀ ਲਾਗੇ ਤਿਨੑ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥
(ਹੇ ਭਾਈ!) ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾ ਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ ।
ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥
ਹੇ ਪ੍ਰਭੂ! ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ ।
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ (ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ-ਰੂਪ) ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ ।
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥
ਹੇ ਨਾਨਕ! (ਆਖ—) ਹੇ ਭਾਈ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ ।੪।੧।੮।
ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।
ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥
(ਹੇ ਭਾਈ! ਜਿਵੇਂ ਵਰਖਾ ਰੁੱਤੇ ਜਦੋਂ ਮਿਠੀ ਮਿਠੀ ਫੁਹਾਰ ਪੈਂਦੀ ਹੈ ਤਾਂ ਬੜੀ ਸੁਹਾਵਣੀ ਠੰਡ ਮਹਿਸੂਸ ਕਰੀਦੀ ਹੈ, ਤਿਵੇਂ ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਸ ਦੇ ਹਿਰਦੇ ਦੀ ਧਰਤੀ ਉਤੇ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮਠੀ ਮਠੀ ਵਰਖਾ ਕਰਦੀ ਹੈ (ਤੇ ਉਸ ਨੂੰ ਆਤਮਕ ਸ਼ਾਂਤੀ ਬਖ਼ਸ਼ਦੀ ਹੈ ।