Sri Guru Granth Sahib Ji — Ang 438 (punjabi)
ਰਾਗੁ ਆਸਾ ਮਹਲਾ ੧ ਛੰਤ ਘਰੁ ੨
ਰਾਗੁ ਆਸਾ ਪਹਿਲੀ ਪਾਤਸ਼ਾਹੀ ਛੰਦ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥
ਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ ।
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥
। ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ ।
ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥
ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੰੁਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ ।
ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥
ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇਕ ਪਲਕ ਵਿਚ ਨਾਸ ਕਰ ਦੇਂਦਾ ਹੈ ।
ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥
ਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਿਖਿੱਧ ਤੋਂ ਨਿਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ ।
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥
ਹੇ ਪ੍ਰਭੂ! ਮੈਂ ਜਿਥੇ ਭੀ ਜਾਂਦਾ ਹਾਂ, ਤੂੰ ਹਰ ਥਾਂ ਮੌਜੂਦ ਹੈਂ ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ।੧।
ਜਿਨੑ ਇਕ ਮਨਿ ਧਿਆਇਆ ਤਿਨੑ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥
ਜਿਨ੍ਹਾਂ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ, ਪਰ ਅਜੇਹੇ ਬੰਦੇ ਸੰਸਾਰ ਵਿਚ ਵਿਰਲੇ ਵਿਰਲੇ ਹਨ ।
ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥
ਜੇਹੜਾ ਜੇਹੜਾ ਬੰਦਾ ਗੁਰੂ ਦਾ ਸ਼ਬਦ ਕਮਾਂਦਾ ਹੈ (ਭਾਵ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਂਦਾ ਹੈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਉਹਨਾਂ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ) ਉਹ ਕਦੇ ਭੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ ।
ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨੑ ਜਮੁ ਨੇੜਿ ਨ ਆਵੈ ॥
ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿਚ ਵਸਾਂਦੇ ਹਨ, ਉਹ (ਵਿਕਾਰਾਂ ਦੇ ਟਾਕਰੇ ਤੇ) ਕਦੇ ਹਾਰਦੇ ਨਹੀਂ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ ।
ਜੰਮਣੁ ਮਰਣੁ ਤਿਨੑਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥
ਜੇਹੜੇ ਬੰਦੇ ਪਰਮਾਤਮਾ ਦੀ ਚਰਨੀਂ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥
ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਨੇ ਪ੍ਰਭੂ-ਨਾਮ ਦਾ ਰਸ ਚੱਖਿਆ ਹੈ, ਨਾਮ-ਫਲ ਪ੍ਰਾਪਤ ਕੀਤਾ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ,
ਜਿਨੑ ਇਕ ਮਨਿ ਧਿਆਇਆ ਤਿਨੑ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥
ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ । ਪਰ ਅਜੇਹੇ ਬੰਦੇ ਜਗਤ ਵਿਚ ਵਿਰਲੇ ਵਿਰਲੇ ਹੀ ਹਨ ।੨।
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥
ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿਤਾ ਹੈ ।
ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥
(ਹੇ ਭਾਈ!) ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਇਹੀ ਲਾਭ ਜਗਤ ਵਿਚੋਂ ਖੱਟਣਾ ਚਾਹੀਦਾ ਹੈ, (ਇਸ ਤਰ੍ਹਾਂ) ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ ।
ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥
ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ ।
ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ (ਮਾਨੋ) ਜਗਤ ਦੇ ਨੌ ਹੀ ਖ਼ਜ਼ਾਨੇ ਹਾਸਲ ਕਰਦਾ ਹੈ ।
ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥
(ਹੇ ਭਾਈ!) ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ ।
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥
ਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਰੱਖਿਆ ਹੈ ।੩।
ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ (ਲੋਕ ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ।
ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥
ਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ ।
ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥
ਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ ।
ਤਿਨੑ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥
ਜੇਹੜਾ ਜੇਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਉੱਚੀ ਆਤਮਕ ਅਵਸਥਾ ਨੂੰ ਨਾਹ ਬੁਢੇਪਾ ਆਉਂਦਾ ਹੈ ਨਾਹ ਮੌਤ ਆਉਂਦੀ ਹੈ, ਉਹ ਕਦੇ ਨਰਕ ਵਿਚ ਨਹੀਂ ਪੈਂਦੇ ।
ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਹਨ (ਭਾਵ, ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਸੁੱਕਦਾ ਨਹੀਂ) ਉਹ ਕਦੇ ਦੁੱਖੀ ਨਹੀਂ ਹੁੰਦੇ ।
ਨਾਮੁ ਲੈਨਿੑ ਸਿ ਸੋਹਹਿ ਤਿਨੑ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥
ਜੇਹੜੇ ਮਨੁੱਖ ਨਾਮ ਸਿਮਰਦੇ ਹਨ ਉਹ (ਲੋਕ- ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, ਉਹ (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ।੪।੧।੪।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਆਸਾ ਮਹਲਾ ੧ ਛੰਤ ਘਰੁ ੩ ॥
ਆਸਾ ਪਹਿਲੀ ਪਾਤਸ਼ਾਹੀ। ਛੰਦ।
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੰੁਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ?
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
(ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ ।
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ ।