Sri Guru Granth Sahib Ji — Ang 435 (punjabi)
ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥
(ਨਿਰੀ ਮਾਇਆ ਦਾ ਲੇਖਾ ਪੜ੍ਹਾਨ ਵਾਲੇ) ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ (ਮਾਇਆ ਦੀ) ਫਾਹੀ ਪਾਈ ਹੋਈ ਹੈ, ਫਿਰ ਉਹੀ ਫਾਹੀ ਆਪਣੇ ਵਿਦਿਆਰਥੀਆਂ ਦੇ ਗਲ ਵਿਚ ਪਾ ਦੇਂਦਾ ਹੈ ।੫।
ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥
(ਆਪਣੇ ਆਪ ਨੂੰ ਪੰਡਿਤ ਸਮਝਣ ਵਾਲੇ) ਹੇ ਮੂਰਖ! (ਨਿਰੀ ਮਾਇਆ ਦੀ ਖ਼ਾਤਰ ਪੜ੍ਹਣ ਪੜ੍ਹਾਨ ਦੇ ਕਾਰਨ ਲਾਲਚ-ਵੱਸ ਹੋ ਕੇ) ਤੂੰ ਜੀਵਨ-ਜੁਗਤਿ ਭੀ ਗਵਾ ਬੈਠਾ ਹੈਂ । ਪਰੋਹਤ ਹੋਣ ਕਰਕੇ ਤੂੰ ਆਪਣੇ ਜਜਮਾਨ ਪਾਸੋਂ ਹਰ ਦਿਨ-ਦਿਹਾਰ ਤੇ ਦਾਨ ਲੈਂਦਾ ਹੈਂ, (ਪਰ) ਇਕ ਦਾਨ ਤੂੰ ਆਪਣੇ ਜਜਮਾਨ ਤੋਂ ਗ਼ਲਤ ਥਾਂ ਲੈਂਦਾ ਹੈਂ ।
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥
ਜਜਮਾਨ ਦੀ ਧੀ ਤੇਰੀ ਹੀ ਧੀ ਹੈ (ਧੀ ਦੇ ਵਿਆਹ ਤੇ ਜਜਮਾਨ ਪਾਸੋਂ ਦਾਨ ਲੈਣਾ ਧੀ ਦਾ ਪੈਸਾ ਖਾਣਾ ਹੈ) । ਇਹ ਅੰਨ ਖਾਣ ਨਾਲ (ਇਹ ਪੈਸਾ ਖਾਣ ਨਾਲ) ਤੂੰ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈਂ ।੬।
ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥
ਹੇ ਮੂਰਖ! (ਇਕ ਪਾਸੇ ਮਾਇਆ ਦੇ ਲਾਲਚ ਨੇ) ਤੇਰੀ ਅਕਲ ਮਾਰੀ ਹੋਈ ਹੈ (ਤੈਨੂੰ ‘ਕੁਥਾਇ ਦਾਨ’ ਲੈਣ ਤੋਂ ਭੀ ਸੰਕੋਚ ਨਹੀਂ ਹੈ । ਦੂਜੇ ਪਾਸੇ) ਤੈਨੂੰ ਇਹ ਵੱਡਾ (ਆਤਮਕ) ਰੋਗ ਚੰਬੜਿਆ ਹੋਇਆ ਹੈ ਕਿ ਮੈਂ (ਵਿਦਵਾਨ) ਹਾਂ, ਮੈਂ (ਵਿਦਵਾਨ) ਹਾਂ ।
ਅੰਤਰ ਆਤਮੈ ਬ੍ਰਹਮੁ ਨ ਚੀਨਿੑਆ ਮਾਇਆ ਕਾ ਮੁਹਤਾਜੁ ਭਇਆ ॥੭॥
ਤੂੰ ਆਪਣੇ ਅੰਦਰ (ਵੱਸਦੇ) ਪਰਮਾਤਮਾ ਨੂੰ ਪਛਾਣ ਨਹੀਂ ਸਕਿਆ, (ਇਸੇ ਵਾਸਤੇ ਤੇਰਾ ਆਪਾ) ਮਾਇਆ (ਦੇ ਲਾਲਚ) ਦੇ ਅਧੀਨ ਹੈ ।੭।
ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥
ਹੇ ਮੂਰਖ! (ਹੋਰਨਾਂ ਨੂੰ ਮੱਤਾਂ ਦੇਂਦਾ) ਤੂੰ ਆਪ ਕਾਮ ਵਾਸਨਾ ਵਿਚ ਕ®ੋਧ ਵਿਚ (ਫਸ ਕੇ) ਕੁਰਾਹੇ ਪਿਆ ਹੋਇਆ ਹੈਂ ।
ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥੮॥
ਤੂੰ (ਧਰਮ ਪੁਸਤਕ) ਪੜ੍ਹਦਾ ਹੈਂ, ਅਰਥ ਵਿਚਾਰਦਾ ਹੈਂ, ਤੇ ਹੋਰਨਾਂ ਨੂੰ ਸੁਣਾਂਦਾ ਭੀ ਹੈਂ, ਪਰ (ਸਹੀ ਜੀਵਨ-ਰਾਹ) ਸਮਝਣ ਤੋਂ ਬਿਨਾ ਤੂੰ (ਲਾਲਚ ਦੇ ਹੜ੍ਹ ਵਿਚ) ਡੁੱਬ ਕੇ ਆਤਮਕ ਮੌਤੇ ਮਰ ਚੁਕਾ ਹੈਂ ।੮।
ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥
ਹੇ ਮੂਰਖ (ਪੰਡਿਤ!) ਤੂੰ (ਅੰਦਰੋਂ) ਕੋ®ਧ ਨਾਲ ਸੜਿਆ ਹੋਇਆ ਹੈਂ, ਤੇਰਾ ਹਿਰਦਾ-ਥਾਂ (ਲਾਲਚ ਨਾਲ) ਗੰਦਾ ਹੋਇਆ ਪਿਆ ਹੈ ।
ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥
ਹੇ ਮੂਰਖ! ਤੂੰ ਹਰੇਕ (ਜਜਮਾਨ ਦੇ) ਘਰ ਵਿਚ (ਮਾਇਕ ਦੱਛਣਾ ਵਾਸਤੇ ਤਾਂ) ਤੁਰਿਆ ਫਿਰਦਾ ਹੈਂ, ਪਰ ਪ੍ਰਭੂ ਦੇ ਨਾਮ ਦੀ ਦੱਛਣਾ ਤੂੰ ਅਜੇ ਤਕ ਕਿਸੇ ਪਾਸੋਂ ਨਹੀਂ ਲਈ ।੯।
ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥
ਹੇ ਮੂਰਖ! ਤੂੰ ਸੰਸਾਰ (ਦੇ ਮੋਹ-ਜਾਲ) ਵਿਚ (ਇਤਨਾ) ਉਲਝ ਰਿਹਾ ਹੈਂ ਕਿ ਇਸ ਵਿਚੋਂ ਪਾਰਲੇ ਪਾਸੇ ਨਹੀਂ ਲੰਘ ਸਕਦਾ ।
ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥
ਹੇ ਮੂਰਖ! (ਤੇਰੇ ਆਪਣੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਤੈਨੂੰ (ਉਸੇ) ਕੁਰਾਹੇ ਪਾ ਦਿੱਤਾ ਹੈ (ਜਿਧਰ ਤੇਰੀ ਰੁਚੀ ਬਣੀ ਹੋਈ ਹੈ, ਤੇ) ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਇਕੱਠ ਦਾ ਲੇਖ ਤੇਰੇ ਮੱਥੇ ਉਤੇ (ਇਤਨਾ) ਉਕਰਿਆ ਪਿਆ ਹੈ (ਕਿ ਤੈਨੂੰ ਸਹੀ ਰਸਤੇ ਦੀ ਸੂਝ ਨਹੀਂ ਪੈਂਦੀ, ਪਰ ਤੂੰ ਹੋਰਨਾਂ ਨੂੰ ਮੱਤਾਂ ਦੇਂਦਾ ਫਿਰਦਾ ਹੈਂ) ।੧੦।
ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥
ਹੇ ਮੂਰਖ! ਤੂੰ ਮਾਇਆ (ਦੇ ਮੋਹ) ਵਿਚ ਇਤਨਾ ਮਸਤ ਹੈਂ ਕਿ ਤੈਨੂੰ ਹੋਰ ਕੁਝ ਸੁੱਝਦਾ ਹੀ ਨਹੀਂ, ਤੂੰ ਸੰਸਾਰ-ਸਮੁੰਦਰ (ਦੀਆਂ ਮੋਹ ਦੀਆਂ ਲਹਰਾਂ) ਵਿਚ ਗੋਤੇ ਖਾ ਰਿਹਾ ਹੈਂ (ਆਪਣੇ ਬਚਾਉ ਵਾਸਤੇ ਤੂੰ ਕੋਈ ਉੱਦਮ ਨਹੀਂ ਕਰਦਾ) ।
ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥
(ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਕਿਰਪਾ ਨਾਲ ਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਇਸ ਸੰਸਾਰ-ਸਮੁੰਦਰ ਤੋਂ ਇਕ ਪਲ ਵਿਚ ਪਾਰ ਲੰਘ ਜਾਂਦਾ ਹੈ ।੧੧।
ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥
ਹੇ ਮੂਰਖ (ਭਾਗਾਂ ਨਾਲ) ਮਨੁੱਖਾਂ ਜਨਮ (ਮਿਲਣ) ਦੀ ਵਾਰੀ ਆਈ ਸੀ, ਪਰ (ਇਸ ਅਮੋਲਕ ਜਨਮ ਵਿਚ ਭੀ) ਤੈਨੂੰ ਪਰਮਾਤਮਾ ਭੁੱਲਿਆ ਹੀ ਰਿਹਾ ।
ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥
ਹੇ ਮੂਰਖ! (ਜੇ ਖੁੰਝਿਆ ਹੀ ਰਿਹੋਂ ਤਾਂ) ਇਹ ਸਮਾਂ ਮੁੜ ਨਹੀਂ ਲੱਭ ਸਕੇਂਗਾ (ਤੇ ਮਾਇਆ ਦੇ ਮੋਹ ਵਿਚ ਫਸਿਆ ਰਹਿ ਕੇ) ਤੂੰ ਜਮ ਦੇ ਵੱਸ ਪੈ ਜਾਹਿਂਗਾ (ਜਨਮ ਮਰਨ ਦੇ ਗੇੜ ਵਿਚ ਜਾ ਪਏਂਗਾ) ।੧੨।
ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥
ਹੇ ਮੂਰਖ! ਤੂੰ ਪੂਰੇ ਗੁਰੂ ਦਾ ਉਪਦੇਸ਼ ਧਾਰਨ ਕਰ ਕੇ ਵੇਖ ਲੈ, (ਮਾਇਆ ਆਦਿਕ ਦੀ ਖ਼ਾਤਰ) ਤੈਨੂੰ ਕਦੇ ਹਾਹੁਕੇ ਨਹੀਂ ਲੈਣੇ ਪੈਣਗੇ (ਕਿਉਂਕਿ ਮਾਇਆ-ਮੋਹ ਦਾ ਜਾਲ ਹੀ ਟੁੱਟ ਜਾਇਗਾ)
ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥
ਪਰ ਜੇ ਪੂਰੇ ਗੁਰੂ ਦੀ ਸਰਨ ਨਹੀਂ ਪਏਂਗਾ ਤਾਂ ਕੋਈ (ਰਸਮੀ) ਗੁਰੂ (ਇਹਨਾਂ ਹਾਹੁਕਿਆਂ ਤੋਂ ਬਚਾ) ਨਹੀਂ (ਸਕਦਾ) । ਜੇਹੜਾ ਮਨੁੱਖ ਪੂਰੇ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, (ਕੁਰਾਹੇ ਪੈਣ ਕਰ ਕੇ) ਉਹ ਬਦਨਾਮੀ ਹੀ ਖੱਟਦਾ ਹੈ ।੧੩।
ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥
ਹੇ ਮੂਰਖ! ਆਤਮਕ ਸੁਖ ਦਾ ਖ਼ਜ਼ਾਨਾ ਪਰਮਾਤਮਾ ਤੇਰੇ ਅੰਦਰ ਵੱਸ ਰਿਹਾ ਹੈ (ਪਰ ਤੂੰ ਸੁਖ ਲੱਭਣ ਵਾਸਤੇ ਬਾਹਰ ਭਟਕਦਾ ਫਿਰਦਾ ਹੈਂ) ਬਾਹਰ ਭਟਕਦੇ ਮਨ ਨੂੰ ਰੋਕ ਕੇ ਰੱਖ ।
ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥
ਜੇ ਤੂੰ ਗੁਰੂ ਦੇ ਦੱਸੇ ਰਸਤੇ ਉਤੇ ਤੁਰੇਂ ਤਾਂ (ਅੰਦਰ ਵੱਸਦੇ) ਪਰਮਾਤਮਾ ਦੇ ਨਾਮ ਦਾ ਰਸ ਪੀਵੇਂਗਾ, ਸਦਾ ਲਈ ਇਹ ਨਾਮ-ਰਸ ਵਰਤਦਾ ਰਹੇਂਗਾ (ਕਦੇ ਮੁੱਕੇਗਾ ਨਹੀਂ) ।੧੪।
ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
ਹੇ ਮੂਰਖ! ਪਰਮਾਤਮਾ (ਦੇ ਨਾਮ) ਨੂੰ ਆਪਣੇ ਚਿੱਤ ਵਿਚ ਵਸਾ ਲੈ (ਤਦੋਂ ਹੀ ਉਸ ਨਾਲ ਮਿਲਾਪ ਹੋਵੇਗਾ), ਨਿਰੀਆਂ ਗੱਲਾਂ ਨਾਲ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ ।
ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
ਹੇ ਮੂਰਖ! ਗੁਰੂ ਦੇ ਚਰਨ ਹਿਰਦੇ ਵਿਚ ਟਿਕਾਈ ਰੱਖ, ਪਿਛਲੇ ਕੀਤੇ ਹੋਏ ਸਾਰੇ ਪਾਪ ਬਖ਼ਸ਼ੇ ਜਾਣਗੇ ।੧੫।
ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
ਹੇ ਮੂਰਖ! ਜੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸਿੱਖ ਲਏਂ ਤਾਂ ਤੈਨੂੰ ਸਦਾ ਆਤਮਕ ਅਨੰਦ ਮਿਲਿਆ ਰਹੇ ।
ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਿਤਨਾ ਹੀ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਖੁੰਝ ਕੇ ਮਾਇਆ ਸੰਬੰਧੀ ਹੋਰ ਹੋਰ ਲੇਖੇ) ਪੜ੍ਹਦੇ ਹਨ, ਉਤਨੀ ਹੀ ਵਧੀਕ ਅਸ਼ਾਂਤੀ ਖੱਟਦੇ ਹਨ, ਤੇ ਗੁਰੂ ਦੀ ਸਰਨ ਤੋਂ ਬਿਨਾ (ਇਸ ਅਸ਼ਾਂਤੀ ਤੋਂ) ਖ਼ਲਾਸੀ ਨਹੀਂ ਹੰੁਦੀ ।੧੬।
ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨੑ ਕੈ ਰਵਿ ਰਹਿਆ ॥
ਹੇ ਮੂਰਖ! ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖ । ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਸਦਾ ਵੱਸਦਾ ਰਹਿੰਦਾ ਹੈ (ਜਿਨ੍ਹਾਂ ਨੂੰ ਪ੍ਰਭੂ ਸਦਾ ਯਾਦ ਹੈ, ਉਹਨਾਂ ਦੀ ਸੰਗਤਿ ਵਿਚ ਰਹਿ ਕੇ)
ਗੁਰ ਪਰਸਾਦੀ ਜਿਨੑੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨੑੀ ਬੂਝਿ ਲਹਿਆ ॥੧੭॥
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ (ਹੋਰ) ਬੰਦਿਆਂ ਨੇ ਪਰਮਾਤਮਾ ਨਾਲ ਸਾਂਝ ਪਾਈ, ਉਹਨਾਂ ਮਾਇਆ ਤੋਂ ਨਿਰਲੇਪ ਪ੍ਰਭੂ (ਦਾ ਅਸਲਾ) ਸਮਝ ਕੇ ਉਸ ਨਾਲ ਮਿਲਾਪ ਪ੍ਰਾਪਤ ਕਰ ਲਿਆ ।੧੭।
ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥
ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ । ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਨਹੀਂ ਕੀਤਾ ਜਾ ਸਕਦਾ ।
ਨਾਨਕ ਜਿਨੑ ਕਉ ਸਤਿਗੁਰੁ ਮਿਲਿਆ ਤਿਨੑ ਕਾ ਲੇਖਾ ਨਿਬੜਿਆ ॥੧੮॥੧॥੨॥
ਹੇ ਨਾਨਕ! ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ (ਉਹ ਨਿਰੀ ਮਾਇਆ ਦੇ ਲੇਖੇ ਲਿਖਣ ਪੜ੍ਹਨ ਦੇ ਥਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੇ ਹਨ, ਇਸ ਤਰ੍ਹਾਂ) ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰਾਂ ਦਾ ਹਿਸਾਬ ਮੁੱਕ ਜਾਂਦਾ ਹੈ ।੧੮।
ਰਾਗੁ ਆਸਾ ਮਹਲਾ ੧ ਛੰਤ ਘਰੁ ੧
ਰਾਗ ਆਸਾ ਪਹਿਲੀ ਪਾਤਸ਼ਾਹੀ। ਛੰਦ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥
ਹੇ ਜੋਬਨ ਵਿਚ ਮੱਤੀ ਅੰਞਾਣ ਇਸਤੀ®ਏ! (ਆਪਣੇ ਪਤੀ-ਪ੍ਰਭੂ ਨੂੰ ਹਿਰਦੇ ਵਿਚ ਵਸਾ ਲੈ) ਪਿਆਰਾ ਪ੍ਰਭੂ ਹੀ ਆਨੰਦ ਦਾ ਸੋਮਾ ਹੈ ।
ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥
ਜਿਸ ਜੀਵ-ਇਸਤ®ੀ ਨਾਲ ਪ੍ਰਭੂ-ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਇਆਲ ਪ੍ਰਭੂ ਨੂੰ ਪਿਆਰ ਕਰਦੀ ਹੈ ।