Sri Guru Granth Sahib Ji — Ang 429 (punjabi)
ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥
ਜਿਸ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਹਰਿ-ਨਾਮ ਦਾ ਸਿਮਰਨ ਕੀਤਾ ਜਾ ਸਕਦਾ ਹੈ, ਤੇ, ਅੰਦਰ ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ ।੧।
ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥
ਹੇ ਮੇਰੇ ਮਨ! ਕਿਤੇ ਇਹ ਨਾਹ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵੱਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖ । (ਜੋ ਕੁਝ ਤੂੰ ਬੋਲਦਾ ਹੈਂ ਉਸ ਨੂੰ ਉਹ) ਸਦਾ ਸੁਣ ਰਿਹਾ ਹੈ, (ਤੇਰੇ ਕੰਮਾਂ ਨੂੰ ਉਹ) ਸਦਾ ਵੇਖ ਰਿਹਾ ਹੈ ।
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥
ਗੁਰੂ ਦੇ ਸ਼ਬਦ ਵਿਚ (ਜੁੜ, ਤੈਨੂੰ ਹਰ ਥਾਂ) ਵਿਆਪਕ ਦਿੱਸ ਪਏਗਾ ।੧।ਰਹਾਉ।
ਗੁਰਮੁਖਿ ਆਪੁ ਪਛਾਣਿਆ ਤਿਨੑੀ ਇਕ ਮਨਿ ਧਿਆਇਆ ॥
ਗੁਰੂ ਦੇ ਸਨਮੁਖ ਰਹਿਣ ਵਾਲੀਆਂ ਜੀਵ-ਇਸਤ®ੀਆਂ ਆਪਣੇ ਆਤਮਕ ਜੀਵਨ ਨੂੰ ਪੜਤਾਲਦੀਆਂ ਰਹਿੰਦੀਆਂ ਹਨ, ਸੁਰਤਿ ਜੋੜ ਕੇ ਸਿਮਰਨ ਕਰਦੀਆਂ ਹਨ
ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥
ਸਦਾ ਆਪਣੇ ਪ੍ਰਭੂ-ਪਤੀ ਦਾ ਮਿਲਾਪ ਮਾਣਦੀਆਂ ਹਨ, ਤੇ ਸਦਾ-ਥਿਰ ਪ੍ਰਭੂ ਨਾਮ ਵਿਚ ਜੁੜ ਕੇ ਆਤਮਕ ਆਨੰਦ ਹਾਸਲ ਕਰਦੀਆਂ ਹਨ ।੨।
ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥
ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਵੇਖ (ਪ੍ਰਭੂ ਤੋਂ ਬਿਨਾ) ਤੇਰਾ ਕੋਈ (ਸੱਚਾ) ਸਾਥੀ ਨਹੀਂ ਹੈ
ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥
ਦੌੜ ਕੇ ਪ੍ਰਭੂ ਦੀ ਸਰਨ ਆ ਪਉ, (ਇਸ ਤਰ੍ਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭ ਲਏਂਗਾ ।੩।
ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥
ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਨਾਮ ਸੁਣਿਆ ਜਾ ਸਕਦਾ ਹੈ । ਸ਼ਬਦ ਦੀ ਰਾਹੀਂ ਹੀ (ਸਹੀ ਜੀਵਨ-ਰਾਹ) ਸਮਝਿਆ ਜਾ ਸਕਦਾ ਹੈ ।
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥
(ਜੇਹੜਾ ਮਨੁੱਖ ਗੁਰ-ਸ਼ਬਦ ਵਿਚ ਚਿੱਤ ਜੋੜਦਾ ਹੈ ਉਹ) ਸਦਾ-ਥਿਰ ਹਰੀ ਵਿਚ ਸੁਰਤਿ ਜੋੜੀ ਰੱਖਦਾ ਹੈ; ਸ਼ਬਦ ਦੀ ਬਰਕਤਿ ਨਾਲ ਹੀ (ਅੰਦਰੋਂ) ਹਉਮੈ ਮੁਕਾਈ ਜਾ ਸਕਦੀ ਹੈ (ਜੇਹੜਾ ਮਨੁੱਖ ਗੁਰ-ਸ਼ਬਦ ਦਾ ਆਸਰਾ ਲੈਂਦਾ ਹੈ ਉਹ) ਸਦਾ-ਥਿਰ ਰਹਿਣ ਵਾਲੇ ਹਰੀ ਦੇ ਚਰਨਾਂ ਵਿਚ ਆਨੰਦ ਮਾਣਦਾ ਹੈ ।੪।
ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥
ਹੇ ਮਨ! ਜਗਤ ਵਿਚ ਨਾਮ ਦੀ ਬਰਕਤਿ ਨਾਲ ਹੀ ਸੋਭਾ ਮਿਲਦੀ ਹੈ, ਹਰਿ-ਨਾਮ ਤੋਂ ਬਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ ।
ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥
ਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ।੫।
ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਭੁਲਾ ਦਿੱਤਾ ਉਹਨਾਂ ਆਤਮਕ ਮੌਤ ਸਹੇੜ ਲਈ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ
ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥
ਜਿਨ੍ਹਾਂ ਨੂੰ ਹਰਿ-ਨਾਮ ਦੇ ਰਸ ਦਾ ਸੁਆਦ ਨਾਹ ਆਇਆ ਉਹ ਵਿਕਾਰਾਂ ਦੇ ਗੰਦ ਵਿਚ ਮਸਤ ਹੁੰਦੇ ਹਨ । ਜਿਵੇਂ ਗੰਦ ਦੇ ਕੀੜੇ ਗੰਦ ਵਿਚ ।੬।
ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥
ਕਈ ਐਸੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਹਰ ਵੇਲੇ ਆਪਣੇ ਨਾਮ ਵਿਚ ਲਾ ਕੇ ਮੇਹਰ ਕਰ ਕੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ ।
ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥
ਉਹ ਸਦਾ-ਥਿਰ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਨਾਮ ਵਿਚ ਟਿਕੇ ਰਹਿੰਦੇ ਹਨ, ਹਰ ਵੇਲੇ ਸਦਾ-ਥਿਰ ਹਰੀ ਵਿਚ ਹੀ ਲੀਨ ਰਹਿੰਦੇ ਹਨ ।੭।
ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨੑਾ ਭਰਮਾਇ ॥
ਹੇ ਭਾਈ! ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਬੋਲਾ ਹੋ ਰਿਹਾ ਹੈ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ । ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਹਰਿ-ਨਾਮ ਸੁਣਿਆ ਨਹੀਂ ਜਾ ਸਕਦਾ, (ਸਰਬ-ਵਿਆਪਕ ਪ੍ਰਭੂ) ਵੇਖਿਆ ਨਹੀਂ ਜਾ ਸਕਦਾ ।
ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥
ਨਾਮ ਤੋਂ ਖੁੰਝ ਕੇ (ਮਾਇਆ ਵਿਚ ਅੰਨ੍ਹਾ ਬੋਲਾ ਹੋਇਆ) ਜਗਤ ਦੁੱਖ ਹੀ ਸਹਾਰਦਾ ਰਹਿੰਦਾ ਹੈ । (ਜਗਤ ਦੇ ਕੀਹ ਵੱਸ!) ਹਰਿ-ਨਾਮ ਉਸ ਹਰੀ ਦੀ ਰਜ਼ਾ ਨਾਲ ਹੀ ਮਿਲ ਸਕਦਾ ਹੈ ।੮।
ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਬਾਣੀ ਨਾਲ ਆਪਣਾ ਚਿੱਤ ਜੋੜਿਆ ਹੈ ਉਹ ਮਨੁੱਖ ਪਵਿਤ® ਜੀਵਨ ਵਾਲੇ ਹੋ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਂਦੇ ਹਨ ।
ਨਾਨਕ ਨਾਮੁ ਤਿਨੑਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥
ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹ ਉੱਘੇ ਹਨ ।੯।੧੩।੩੫।
ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।
ਸਬਦੌ ਹੀ ਭਗਤ ਜਾਪਦੇ ਜਿਨੑ ਕੀ ਬਾਣੀ ਸਚੀ ਹੋਇ ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਭਗਤ (ਜਗਤ ਵਿਚ) ਉਜਾਗਰ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਉਹਨਾਂ ਦਾ ਹਰ ਵੇਲੇ ਦਾ ਬੋਲ-ਚਾਲ ਹੋ ਜਾਂਦਾ ਹੈ ।
ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥
(ਨਾਮ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਆਪਾ-ਭਾਵ ਦੂਰ ਹੋ ਜਾਂਦਾ ਹੈ, ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ।੧।
ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥
(ਹੇ ਭਾਈ!) ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਇੱਜ਼ਤ ਹੈ (ਨਾਮ ਜਪ ਕੇ) ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ
ਸਫਲੁ ਤਿਨੑਾ ਕਾ ਜਨਮੁ ਹੈ ਤਿਨੑ ਮਾਨੈ ਸਭੁ ਕੋਇ ॥੧॥ ਰਹਾਉ ॥
ਹਰੇਕ ਜੀਵ ਉਹਨਾਂ ਦਾ ਆਦਰ-ਮਾਣ ਕਰਦਾ ਹੈ ।੧।ਰਹਾਉ।
ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥
‘ਮੈਂ ਮੈਂ, ਮੇਰੀ ਮੇਰੀ’—ਇਹ ਹੀ ਪਰਮਾਤਮਾ ਨਾਲੋਂ ਮਨੁੱਖ ਦਾ ਵਖੇਵਾਂ ਬਣਾ ਦੇਂਦਾ ਹੈ, ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ ।
ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥
ਜਦੋਂ ਗੁਰ-ਸ਼ਬਦ ਦੀ ਰਾਹੀਂ ‘ਮੈਂ ਮੇਰੀ’ ਦਾ ਅਭਾਵ ਹੋ ਜਾਂਦਾ ਹੈ ਤਾਂ ਵੱਖਰਾ-ਪਨ ਮੁੱਕ ਜਾਂਦਾ ਹੈ, ਹਰਿ-ਜੋਤਿ ਵਿਚ ਸੁਰਤਿ ਲੀਨ ਹੋ ਜਾਂਦੀ ਹੈ, ਰੱਬ ਮਿਲ ਪੈਂਦਾ ਹੈ ।੨।
ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥
(ਜਦੋਂ ਸਾਨੂੰ ਜੀਵਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਸਾਡੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਸਾਨੂੰ ਹਰਿ-ਨਾਮ ਮਿਲ ਜਾਂਦਾ ਹੈ ਜੋ ਜਗਤ ਦੇ ਨੌ ਹੀ ਖ਼ਜ਼ਾਨੇ ਹੈ
ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥
ਨਾਮ-ਧਨ ਨਾਲ ਸਾਡੇ (ਹਿਰਦੇ ਦੇ) ਖ਼ਜ਼ਾਨੇ ਭਰ ਜਾਂਦੇ ਹਨ, ਇਹ ਖ਼ਜ਼ਾਨੇ ਕਦੀ ਖ਼ਾਲੀ ਨਹੀਂ ਹੋ ਸਕਦੇ ।੩।
ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨੑਾ ਨਾਮੁ ਪਿਆਰਾ ॥
ਇਸ ਨਾਮ-ਧਨ ਦੇ ਉਹੀ ਵਣਜਾਰੇ (ਗੁਰੂ ਦੇ ਕੋਲ) ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ (-ਧਨ) ਪਿਆਰਾ ਲੱਗਦਾ ਹੈ ।
ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨੑਾ ਅੰਤਰਿ ਸਬਦੁ ਵੀਚਾਰਾ ॥੪॥
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਹ ਨਾਮ-ਧਨ ਹਾਸਿਲ ਕਰ ਲੈਂਦਾ ਹੈ । ਅਜਿਹੇ ਮਨੁੱਖਾਂ ਦੇ ਅੰਦਰ ਗੁਰ-ਸ਼ਬਦ ਵੱਸ ਪੈਂਦਾ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਆ ਵੱਸਦੀ ਹੈ ।੪।
ਭਗਤੀ ਸਾਰ ਨ ਜਾਣਨੑੀ ਮਨਮੁਖ ਅਹੰਕਾਰੀ ॥
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ, (ਉਹਨਾਂ ਦੇ ਭੀ ਕੀਹ ਵੱਸ?
ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥
ਪ੍ਰਭੂ ਨੇ ਆਪ ਹੀ ਧੁਰੋਂ ਆਪਣੇ ਹੁਕਮ ਨਾਲ ਕੁਰਾਹੇ ਪਾ ਦਿੱਤਾ ਹੈ, ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ (ਜਿਵੇਂ ਕੋਈ ਜੁਆਰੀਆ) ਜੂਏ ਵਿਚ (ਹਾਰ ਖਾਂਦਾ ਹੈ) ।੫।
ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥
ਜੇ ਹਿਰਦੇ ਵਿਚ ਪ੍ਰਭੂ ਵਾਸਤੇ ਪਿਆਰ ਨਾਹ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ, (ਭਗਤੀ ਤੋਂ ਬਿਨਾ) ਸਰੀਰ ਨੂੰ ਆਤਮਕ ਆਨੰਦ ਭੀ ਨਹੀਂ ਮਿਲਦਾ ।
ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥
ਪ੍ਰੇਮ ਦੀ ਦਾਤਿ (ਗੁਰੂ ਪਾਸੋਂ) ਮਿਲਦੀ ਹੈ, ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ ਆ ਟਿਕਦੀ ਹੈ ।੬।
ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥
(ਹੇ ਭਾਈ!) ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ
ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥
(ਗੁਰ-ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਉਹ ਮਨੁੱਖ) ਹਉਮੈ ਤੇ ਮੇਰ-ਤੇਰ ਮੁਕਾ ਲੈਂਦਾ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ ।੭।
ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥
ਪਰਮਾਤਮਾ ਦਾ ਨਾਮ ਭਗਤਾਂ ਵਾਸਤੇ ਉੱਚੀ ਜਾਤਿ ਹੈ ਨਾਮ ਹੀ ਉਹਨਾਂ ਵਾਸਤੇ ਉੱਚੀ ਕੁਲ ਹੈ, ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ ।
ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥
ਭਗਤ ਸਦਾ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ੍ਹ ਦੇਂਦਾ ਹੈ ।੮।