Sri Guru Granth Sahib Ji — Ang 421 (punjabi)
ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥
(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਨੇ ਜਿਹੋ ਜਿਹੀ ਕਾਰੇ ਜੀਵ ਨੂੰ ਲਾਉਣਾ ਹੈ, ਜੀਵ ਨੇ ਉਸੇ ਕਾਰੇ ਲੱਗਣਾ ਹੈ ।
ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥
ਪਰਮਾਤਮਾ ਆਪ ਹੀ (ਸ੍ਰਿਸ਼ਟੀ) ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ, ਇਹ ਉਸ ਦੀ ਆਪਣੀ ਹੀ ਬਜ਼ੁਰਗੀ ਹੈ । (ਉਸ ਤੋਂ ਬਿਨਾ) ਕਿਸੇ ਹੋਰ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ ।੭।
ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥
ਹੇ ਨਾਨਕ! ਗੁਰੂ ਦੀ ਦੱਸੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਪਾਸੋਂ ਪਰਮਾਤਮਾ ਆਪ ਹੀ ਕਰਾਂਦਾ ਹੈ (ਨਹੀਂ ਤਾਂ ਇਹ ਮਾਇਆ ਦਾ ਮੋਹ ਬੜਾ ਪ੍ਰਬਲ ਹੈ) ਆਪਾ-ਭਾਵ ਗਵਾਇਆਂ ਹੀ ਇਸ ਤੋਂ ਖ਼ਲਾਸੀ ਹੰੁਦੀ ਹੈ ।
ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥
ਜੇਹੜਾ ਮਨੁੱਖ ਆਪਣਾ ਸਿਰ (ਗੁਰੂ ਦੇ) ਹਵਾਲੇ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰਦਾ ਹੈ ।੮।੧੮।
ਆਸਾ ਮਹਲਾ ੧ ॥
ਆਸਾ ਪਹਿਲੀ ਪਾਤਿਸ਼ਾਹੀ।
ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥
ਹੇ ਠਾਕੁਰ! ਤੂੰ ਸੰੁਦਰ ਹੈਂ, ਤੂੰ ਸਿਆਣਾ ਹੈਂ । ਗੁਰੂ ਦੀ ਸੰੁਦਰ ਬਾਣੀ ਦੀ ਰਾਹੀਂ (ਤੇਰੀ ਪ੍ਰਾਪਤੀ ਹੋ ਸਕਦੀ ਹੈ) ।
ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥
ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ, (ਤੇ ਗੁਰੂ ਦੇ ਮਿਲਣ ਦੇ ਨਾਲ) ਵਾਸਨਾ-ਰਹਿਤ ਆਤਮਕ ਅਵਸਥਾ ਮਿਲਦੀ ਹੈ ।੧।
ਮੈ ਓਲੑਗੀਆ ਓਲੑਗੀ ਹਮ ਛੋਰੂ ਥਾਰੇ ॥
(ਹ ਪ੍ਰਭੂ!) ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰਾ ਛੋਟਾ ਜਿਹਾ ਸੇਵਕ ਹਾਂ ।
ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥
(ਮੇਹਰ ਕਰ) ਮੈਂ ਉਸੇ ਤਰ੍ਹਾਂ ਜੀਵਾਂ ਜਿਵੇਂ ਤੇਰੀ ਰਜ਼ਾ ਹੋਵੇ ।ਮੇਰੇ ਮੂੰਹ ਵਿਚ ਆਪਣਾ ਨਾਮ ਦੇਹ ।੧।ਰਹਾਉ।
ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥
ਪ੍ਰਭੂ ਦੀ ਰਜ਼ਾ ਵਿਚ (ਜੀਵ ਦੇ ਅੰਦਰ) ਉਸ ਦੇ ਦਰਸ਼ਨ ਦੀ ਤੀਬਰ ਤਾਂਘ ਪੈਦਾ ਹੰੁਦੀ ਹੈ, ਉਸ ਦੀ ਰਜ਼ਾ ਅਨੁਸਾਰ ਹੀ ਉਹ ਜੀਵ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ।
ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥
ਪਿਆਰੇ ਠਾਕੁਰ ਦੇ ਹੱਥ ਵਿਚ ਹੀ ਸਾਰੀਆਂ ਵਡਿਆਈਆਂ ਹਨ, ਉਸ ਦੀ ਰਜ਼ਾ ਅਨੁਸਾਰ ਹੀ (ਜੀਵ ਨੂੰ ਉਸ ਦੇ ਦਰ ਤੇ) ਇੱਜ਼ਤ ਮਿਲਦੀ ਹੈ ।੨।
ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਕਿਤੇ) ਦੂਰ (ਬੈਠਾ) ਨਹੀਂ ਸਮਝਣਾ ਚਾਹੀਦਾ, ਹਰੇਕ ਜੀਵ ਦੇ ਅੰਦਰ ਉਹ ਆਪ ਹੀ (ਵੱਸ ਰਿਹਾ) ਹੈ ।
ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥
ਮੈਂ ਜਿੱਧਰ ਤੱਕਦਾ ਹਾਂ, ਉਧਰ ਹੀ ਪ੍ਰਭੂ ਭਰਪੂਰ ਹੈ । ਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ ।੩।
ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥
ਪਰਮਾਤਮਾ ਆਪ ਹੀ ਉਸਾਰਦਾ ਹੈ ਆਪ ਹੀ ਢਾਂਹਦਾ ਹੈ, (ਆਪਣੀ ਇਹ) ਤਾਕਤ ਉਹ ਆਪ ਹੀ ਵੇਖ ਰਿਹਾ ਹੈ ।
ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥
ਗੁਰੂ ਦੇ ਸਨਮੁਖ ਹੋ ਕੇ ਉਸ ਦਾ ਦਰਸ਼ਨ ਕਰ ਸਕੀਦਾ ਹੈ, ਤੇ ਇਸ ਤਰ੍ਹਾਂ ਉਸ ਦਾ ਮੁੱਲ ਪੈ ਸਕਦਾ ਹੈ (ਕਿ ਉਹ ਹਰ ਥਾਂ ਮੌਜੂਦ ਹੈ) ।੪।
ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥
ਜੇਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ ਉਸ ਨੂੰ ਇਸੇ ਜੀਵਨ ਵਿਚ ਪਰਮਾਤਮਾ ਦਾ ਨਾਮ-ਲਾਭ ਮਿਲ ਜਾਂਦਾ ਹੈ ।
ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥
ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ ਪਿਛਲੇ ਜਨਮਾਂ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਸੰਸਕਾਰ (ਅੰਦਰ) ਮੌਜੂਦ ਹੋਣ ।੫।
ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਆਤਮਕ ਗੁਣਾਂ ਵਿਚ ਨਿੱਤ ਕਮੀ ਹੰੁਦੀ ਰਹਿੰਦੀ ਹੈ, (ਮਾਇਆ ਦੇ) ਭਟਕਾਏ ਹੋਏ ਉਹ (ਨਿੱਤ) ਭਟਕਦੇ ਰਹਿੰਦੇ ਹਨ ।
ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਵਿਚ) ਅੰਨ੍ਹਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ । ਉਸ ਨੂੰ ਪਰਮਾਤਮਾ ਦਾ ਦਰਸ਼ਨ ਕਿਵੇਂ ਹੋਵੇ? ।
ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥
ਤਦੋਂ ਹੀ ਕਿਸੇ ਨੂੰ ਜਗਤ ਵਿਚ ਜਨਮਿਆ ਸਮਝੋ, ਜੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜਦਾ ਹੋਵੇ ।
ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥
ਜੇਹੜੇ ਮਨੁੱਖ ਗੁਰੂ ਨੂੰ ਮਿਲ ਪੈਂਦੇ ਹਨ ਉਹ ਪਾਰਸ ਬਣ ਜਾਂਦੇ ਹਨ, ਉਹਨਾਂ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੭।
ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥
ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜੇ ਹੋਏ ਬੰਦੇ ਸੰਤੋਖ ਵਾਲਾ ਜੀਵਨ ਗੁਜ਼ਾਰਦੇ ਹਨ, ਉਸ ਪਰਮਾਤਮਾ ਦੇ ਚਰਨਾਂ ਵਿਚ ਰੰਗੇ ਰਹਿੰਦੇ ਹਨ ।
ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥
ਜੇਹੜਾ ਜੇਹੜਾ ਮਨੁੱਖ ਧੁਰੋਂ ਮਿਲੀ (ਸਿਮਰਨ ਦੀ) ਕਾਰ ਕਰਦਾ ਹੈ ਉਹ ਸਦਾ ਨਿਰਲੇਪ ਰਹਿੰਦਾ ਹੈ ।੮।੧੯।
ਆਸਾ ਮਹਲਾ ੧ ॥
ਆਸਾ ਪਹਿਲੀ ਪਾਤਿਸ਼ਾਹੀ।
ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥
(ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ) ਉਸ ਦੇ ਗੁਣਾਂ ਦਾ ਭਾਵੇਂ ਕਿਤਨਾ ਹੀ ਬਿਆਨ ਕੀਤਾ ਜਾਏ, ਮੈਂ ਅੰਤ ਜਾਣ ਨਹੀਂ ਸਕਦਾ ।
ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥
(ਹੇ ਪ੍ਰਭੂ! ਮੇਰੀ ਤਾਂ ਨਿੱਤ ਇਹੀ ਅਰਦਾਸ ਹੈ) ਮੈਂ ਨਿਆਸਰੇ ਦਾ ਸਿਰਫ਼ ਤੂੰ ਹੀ ਆਸਰਾ ਹੈਂ, ਤੇ ਤੂੰ ਮੇਰਾ (ਨਿਤਾਣੇ ਦਾ) ਤਕੜਾ ਤਾਣ ਹੈਂ ।੧।
ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥
(ਪ੍ਰਭੂ ਦੀ ਹਜ਼ੂਰੀ ਵਿਚ) ਨਾਨਕ ਦੀ ਇਹ ਅਰਦਾਸ ਹੈ—ਮੈਂ ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੁਖੀ ਰਹਾਂ (ਭਾਵ, ਮੈਂ ਪਰਮਾਤਮਾ ਦੀ ਯਾਦ ਵਿਚ ਰਹਿ ਕੇ ਆਤਮਕ ਆਨੰਦ ਹਾਸਲ ਕਰਾਂ) ।
ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥
ਜੇਹੜਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦਾ ਹੈ ਉਸ ਨੂੰ (ਇਸ ਤਰ੍ਹਾਂ ਦੀ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ ਉਸ ਦਾ) ਮਿਲਾਪ ਹੋ ਜਾਂਦਾ ਹੈ ।੧।ਰਹਾਉ।
ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥
‘ਮੈਂ ਵੱਡਾ, ਮੈਂ ਵੱਡਾ’—ਜਦੋਂ ਇਹ ਅਹੰਕਾਰ (ਆਪਣੇ ਅੰਦਰੋਂ) ਦੂਰ ਕਰੀਏ, ਤਦੋਂ (ਪਰਮਾਤਮਾ ਦੇ ਦਰ ਤੇ ਅਰਦਾਸ ਕਰਨ ਦੀ) ਸਮਝ ਪੈਂਦੀ ਹੈ ।
ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥
ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮਨ ਪਰਚ ਜਾਂਦਾ ਹੈ, ਤਦੋਂ ਉਹ ਪ੍ਰਭੂ ਉਸ ਨੂੰ ਆਪਣਾ ਸਦਾ-ਥਿਰ ਨਾਮ (ਜੀਵਨ ਵਾਸਤੇ) ਆਸਰਾ ਦੇ ਦੇਂਦਾ ਹੈ ।੨।
ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥
ਸਦਾ-ਥਿਰ ਪ੍ਰਭੂ ਉਹੀ ਸੇਵਾ (ਕਬੂਲ ਕਰਦਾ ਹੈ, ਜਿਸ ਦੀ ਬਰਕਤਿ ਨਾਲ ਜੀਵ) ਦਿਨ ਰਾਤ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਸੰਤੋਖ ਵਾਲਾ ਜੀਵਨ ਬਣਾਂਦਾ ਹੈ
ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ ਮਾਇਆ ਦੇ ਮੋਹ ਆਦਿਕ ਦੀ) ਕੋਈ ਰੋਕ ਨਹੀਂ ਪੈਂਦੀ ।੩।
ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥
ਜੇਹੜਾ ਮਨੁੱਖ ਰਜ਼ਾ ਦੇ ਮਾਲਕ ਪਰਮਾਤਮਾ ਦੇ ਹੁਕਮ ਵਿਚ ਤੁਰਦਾ ਹੈ ਉਹ (ਖਰਾ ਸਿੱਕਾ ਬਣ ਕੇ) ਪ੍ਰਭੂ ਖ਼ਜ਼ਾਨੇ ਵਿਚ ਪੈਂਦਾ ਹੈ
ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥
ਖੋਟੇ ਸਿੱਕਿਆਂ ਨੂੰ (ਖੋਟੇ ਜੀਵਨ ਵਾਲਿਆਂ ਨੂੰ ਪ੍ਰਭੂ ਦੇ ਖ਼ਜ਼ਾਨੇ ਵਿਚ) ਢੋਈ ਨਹੀਂ ਮਿਲਦੀ, ਉਹ ਤਾਂ ਖੋਟਿਆਂ ਵਿਚ ਹੀ ਰਲੇ ਰਹਿੰਦੇ ਹਨ ।੪।
ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥
(ਹੇ ਭਾਈ!) ਸਦਾ ਹੀ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖੋ ਜਿਸ ਨੂੰ ਮਾਇਆ ਦੇ ਮੋਹ ਦੀ ਰਤਾ ਭੀ ਮੈਲ ਨਹੀਂ ਹੈ । ਇਸ ਤਰ੍ਹਾਂ ਉਹ ਸੌਦਾ (ਖਰੀਦ) ਲਈਦਾ ਹੈ ਜੋ ਸਦਾ ਲਈ ਹੈ ਜੋ ਸਦਾ ਲਈ ਮਿਲਿਆ ਰਹਿੰਦਾ ਹੈ ।
ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥
ਖੋਟੇ ਸਿੱਕੇ ਪਰਮਾਤਮਾ ਦੀ ਨਜ਼ਰੇ ਹੀ ਨਹੀਂ ਚੜ੍ਹਦੇ, ਖੋਟੇ ਸਿੱਕਿਆਂ ਨੂੰ ਉਹਨਾਂ ਦੀ ਮਿਲਾਵਟ ਆਦਿਕ ਦੀ ਮੈਲ ਸਾੜਨ ਲਈ ਅੱਗ ਵਿਚ ਪਾ ਕੇ ਤਪਾਈਦਾ ਹੈ ।੫।
ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥
ਜਿਨ੍ਹਾਂ ਬੰਦਿਆਂ ਨੇ ਆਪਣੇ ਆਤਮਕ ਜੀਵਨ ਨੂੰ ਪਰਖਿਆ ਪਛਾਣਿਆ ਹੈ ਉਹੀ ਬੰਦੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ । (ਉਹ ਸਮਝ ਲੈਂਦੇ ਹਨ ਕਿ) ਇਕ ਪਰਮਾਤਮਾ ਹੀ ਆਤਮਕ ਜੀਵਨ-ਰੂਪ ਫਲ ਦੇਣ ਵਾਲਾ ਰੁੱਖ ਹੈ, ਉਸ ਪ੍ਰਭੂ-ਰੁੱਖ ਦਾ ਫਲ ਸਦਾ ਅੰਮ੍ਰਿਤ ਰੂਪ ਹੈ ।
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥
{ਨੋਟ :—ਫਲ ਤੋਂ ਰੁੱਖ, ਤੇ ਰੁੱਖ ਤੋਂ ਫਲ ਦੀ ਪਛਾਣ ਕਰ ਲਈਦੀ ਹੈ । ਤਿਵੇਂ ਜਿਸ ਨੂੰ ਆਤਮਾ ਦਾ ਗਿਆਨ ਹੋ ਜਾਏ ਉਸ ਨੂੰ ਪਰਮਾਤਮਾ ਦਾ ਭੀ ਗਿਆਨ ਹੋ ਜਾਂਦਾ ਹੈ} ।੬।
ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥
ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਚੱਖ ਲਿਆ, ਉਹ (ਸਦਾ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ (ਹੋਰ ਸੁਆਦਾਂ ਵਲੋਂ) ਰੱਜੇ ਰਹਿੰਦੇ ਹਨ ।
ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥
ਉਹਨਾਂ ਨੂੰ (ਮਾਇਆ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ, ਉਹਨਾਂ ਦੀ ਪਰਮਾਤਮਾ ਨਾਲੋਂ ਕੋਈ ਵਿੱਥ ਨਹੀਂ ਰਹਿੰਦੀ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਵਿਚ ਰਸੀ ਰਹਿੰਦੀ ਹੈ ।੭।
ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥
(ਹੇ ਜੀਵ!) ਤੂੰ ਪਰਮਾਤਮਾ ਦੇ ਹੁਕਮ ਵਿਚ (ਆਪਣੇ ਕੀਤੇ ਕਰਮਾਂ ਦੇ) ਸੰਜੋਗਾਂ ਅਨੁਸਾਰ (ਜਗਤ ਵਿਚ) ਆਇਆ ਹੈਂ, ਸਦਾ ਉਸ ਦੀ ਰਜ਼ਾ ਵਿਚ ਹੀ ਤੁਰ (ਤੇ ਨਾਮ ਦੀ ਦਾਤਿ ਮੰਗ, ਇਸੇ ਵਿਚ ਤੇਰੀ ਭਲਾਈ ਹੈ) ।
ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥
(ਮੈਨੂੰ) ਗੁਣ-ਹੀਣ ਨਾਨਕ ਨੂੰ ਸਦਾ-ਥਿਰ ਪ੍ਰਭੂ (ਦਾ ਸਿਮਰਨ-ਰੂਪ) ਗੁਣ ਮਿਲ ਜਾਏ (ਮੈਂ ਨਾਨਕ ਇਸੇ ਬਖ਼ਸ਼ਸ਼ ਨੂੰ ਸਭ ਤੋਂ ਉੱਚੀ) ਵਡਿਆਈ ਸਮਝਦਾ ਹਾਂ ।੮।੨੦।
ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।
ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥
ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗਿਆ ਜਾਏ, ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੇ (ਉਹ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ) ।
ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥
(ਤੇ, ਹੇ ਪ੍ਰਭੂ!) ਜਦੋਂ (ਤੇਰੀ ਸੇਵਾ-ਭਗਤੀ ਦੇ ਕਾਰਨ ਕੋਈ ਵਡਭਾਗੀ ਜੀਵ) ਤੈਨੂੰ ਪਿਆਰਾ ਲੱਗਣ ਲੱਗ ਪਏ ਤਾਂ ਇਸ ਵਿਚ ਲੋਕਾਂ ਦਾ ਕੁਝ ਨਹੀਂ ਵਿਗੜਦਾ ਕਿਉਂਕਿ ਤੇਰੀ ਸਿਫ਼ਤਿ-ਸਾਲਾਹ ਕਰਨ ਵਾਲਾ ਤੇਰੇ ਪੈਦਾ ਕੀਤੇ ਬੰਦਿਆਂ ਦਾ ਦੋਖੀ ਹੋ ਹੀ ਨਹੀਂ ਸਕਦਾ) ।੧।