Sri Guru Granth Sahib Ji — Ang 419 (punjabi)
ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥
ਜੋਗੀ ਤੇ ਲੀਰਾਂ ਪਹਿਨਣ ਵਾਲੇ ਫ਼ਕੀਰ ਵਿਅਰਥ ਹੀ ਦੇਸ ਦੇਸ ਦਾ ਰਟਨ ਕਰਦੇ ਹਨ ।
ਗੁਰ ਕਾ ਸਬਦੁ ਨ ਚੀਨੑਹੀ ਤਤੁ ਸਾਰੁ ਨਿਰੰਤਰ ॥੩॥
ਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ, ਉਹ ਇਕ-ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ।੩।
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥
ਪੰਡਿਤ ਪਾਂਧੇ ਤੇ ਜੋਤਸ਼ੀ ਨਿੱਤ ਪੁਰਾਣ ਆਦਿਕ ਪੁਸਤਕਾਂ ਹੀ ਪੜ੍ਹਦੇ ਰਹਿੰਦੇ ਹਨ ।
ਅੰਤਰਿ ਵਸਤੁ ਨ ਜਾਣਨੑੀ ਘਟਿ ਬ੍ਰਹਮੁ ਲੁਕਾਣਾ ॥੪॥
ਪਰਮਾਤਮਾ ਹਿਰਦੇ ਵਿਚ ਲੁਕਿਆ ਪਿਆ ਹੈ, ਇਹ ਲੋਕ ਅੰਦਰ-ਵੱਸਦੀ ਨਾਮ-ਵਸਤੂ ਨੂੰ ਨਹੀਂ ਪਛਾਣਦੇ ।੪।
ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥
ਅਨੇਕਾਂ ਬੰਦੇ ਤਪੀ ਬਣੇ ਹੋਏ ਹਨ, ਜੰਗਲਾਂ ਵਿਚ (ਜਾ ਕੇ) ਤਪ ਸਾਧ ਰਹੇ ਹਨ, ਤੇ ਸਦਾ ਤੀਰਥਾਂ ਉਤੇ ਨਿਵਾਸ ਰੱਖਦੇ ਹਨ ।
ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥
(ਤਪਾਂ ਦੇ ਕਾਰਨ ਉਹ) ਕ®ੋਧ ਨਾਲ ਭਰੇ ਰਹਿੰਦੇ ਹਨ, ਆਪਣੇ ਆਤਮਕ ਜੀਵਨ ਨੂੰ ਨਹੀਂ ਖੋਜਦੇ । ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੰੁਦਾ ।੫।
ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥
ਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ । ਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਭੀ (ਕੋ®ਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ ।
ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥
(ਜਤੀ ਹੋਣ ਦੀ ਹੀ) ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।੬।
ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥
(ਪਰ) ਅਨੇਕਾਂ ਗ੍ਰਿਹਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ, ਤੇ ਗੁਰੂ ਦੀ ਦਿੱਤੀ ਮਤਿ ਉਤੇ ਤੁਰਦੇ ਹਨ । ਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿਤ® ਰੱਖਦੇ ਹਨ ।
ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥
ਉਹ ਪਰਮਾਤਮਾ ਦੀ ਭਗਤੀ ਵਿਚ ਆਪਣੇ ਆਪ ਨੂੰ ਦਿ®ੜ੍ਹ ਕਰ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ।੭।
ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥
ਹੇ ਨਾਨਕ! ਪਰਮਾਤਮਾ ਦਾ ਦਰ ਪਰਮਾਤਮਾ ਦਾ ਘਰ ਗੁਰੂ ਪਾਸੋਂ (ਗੁਰੂ ਦੀ ਸਰਨ ਪਿਆਂ) ਪਛਾਣਿਆ ਜਾ ਸਕਦਾ ਹੈ । ਉਹੀ ਮਨੁੱਖ ਪਛਾਣਦਾ ਹੈ ਜੋ ਗੁਰੂ ਦੇ ਪਾਸ ਜਾਂਦਾ ਹੈ ।
ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥
ਉਸ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ ।੮।੧੪।
ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥
(ਹੇ ਭਾਈ! ਆਪਣੇ ਮਨ ਵਿਚੋਂ ਉਠਦਾ) ਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ (ਮਨ ਦੇ ਪਿੱਛੇ ਲੱਗਿਆਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ) । ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੰੁਦਰ ਤੋਂ ਪਾਰ ਲੰਘ ਸਕੀਦਾ ਹੈ ।
ਆਦਿ ਜੁਗਾਦਿ ਦਇਆਲੁ ਤੂ ਠਾਕੁਰ ਤੇਰੀ ਸਰਣਾ ॥੧॥
ਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ । ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਮਨ ਦੀ ਪ੍ਰੇਰਨਾ ਤੋਂ ਬਚਾ) ।੧।
ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥
ਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ ।
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥੧॥ ਰਹਾਉ ॥
ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ।੧।ਰਹਾਉ।
ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥
ਹੇ ਭਾਈ! ਮਾਇਆ ਦਾ) ਭੈੜਾ ਲਾਲਚ ਛੱਡ ਦੇਣਾ ਚਾਹੀਦਾ ਹੈ (ਮਨੁੱਖ ਜਦੋਂ ਲਾਲਚ ਛੱਡ ਦੇਂਦਾ ਹੈ) ਤਦੋਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ।
ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥੨॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਸਕੀਦਾ ਹੈ (ਜੇਹੜਾ ਲੀਨ ਹੰੁਦਾ ਹੈ) ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲੈਂਦਾ ਹੈ ।੨।
ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥
ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ ।
ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥੩॥
ਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ।੩।
ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥
ਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ ।
ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥੪॥
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ । ਝੂਠ ਝੂਠ ਵਿਚ ਹੀ ਰਲਦਾ ਹੈ ।੪।
ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥
ਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ । ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ ।
ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥੫॥
ਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ।੫।
ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥
ਹੇ ਭਾਈ! ਦੁਬਿਧਾ ਛੱਡ ਦੇਵਹੁ । ਇਹ ਗ਼ਲਤ ਰਸਤਾ ਹੈ (ਇਸ ਰਸਤੇ ਪੈ ਕੇ) ਲੁੱਟੇ ਜਾਵੋਗੇ ।
ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥੬॥
(ਮਾਇਆ-ਮੋਹ ਦੇ ਰਸਤੇ ਦੇ ਥਾਂ) ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।੬।
ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥
ਮਨ ਦੇ ਮੁਰੀਦ ਮਨੁੱਖ (ਦਾ ਹਿਰਦਾ) ਪੱਥਰ ਹੈ ਚਟਾਨ ਹੈ (ਪੱਥਰ ਵਾਂਗ ਚਟਾਨ ਵਾਂਗ ਕੁਰਖ਼ਤ ਹੈ), ਉਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਫਿਟਕਾਰ-ਜੋਗ ਹੈ ।
ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥੭॥
ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ (ਮਨਮੁਖ ਦਾ ਹਿਰਦਾ ਸਤਸੰਗ ਵਿਚ ਆ ਕੇ ਭੀ ਨਹੀਂ ਦ®ਵਦਾ) ।੭।
ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥
ਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ,
ਨਾਨਕ ਨਾਮੁ ਨ ਵੀਸਰੈ ਮਥਿ ਅੰਮ੍ਰਿਤੁ ਪੀਆ ॥੮॥੧੫॥
ਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ।੮।੧੫।
ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।
ਚਲੇ ਚਲਣਹਾਰ ਵਾਟ ਵਟਾਇਆ ॥
(ਪਰ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ ਉਹ) ਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ । (ਮਾਇਆ-ਮੋਹਿਆ) ਜਗਤ ਉਹੀ ਕੰਮ ਔਖਾ ਹੋ ਹੋ ਕੇ ਕਰਦਾ ਹੈ ਜੋ ਗਲ ਵਿਚ ਮਾਇਆ ਦੇ ਜੰਜਾਲ ਪਾਈ ਜਾਂਦਾ ਹੈ
ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥੧॥
(ਮਾਇਆ-ਮੋਹੇ) ਜਗਤ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ।੧।
ਕਿਆ ਭਵੀਐ ਕਿਆ ਢੂਢੀਐ ਗੁਰ ਸਬਦਿ ਦਿਖਾਇਆ ॥
(ਜਿਸ ਨੂੰ ਪਰਮਾਤਮਾ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣਾ ਆਪ) ਵਿਖਾ ਦਿੱਤਾ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ ।
ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥੧॥ ਰਹਾਉ ॥
ਉਸ ਨੇ ਆਪਣੇ ਅੰਦਰੋਂ ਮਾਇਆ ਦੀ ਮਮਤਾ ਦੂਰ ਕਰ ਦਿੱਤੀ, ਮਾਇਆ ਦਾ ਮੋਹ ਤਿਆਗ ਦਿੱਤਾ । ਉਹ ਉਸ ਘਰ ਵਿਚ ਆ ਟਿਕਿਆ ਜੇਹੜਾ ਸਦਾ ਲਈ ਉਸ ਦਾ ਆਪਣਾ ਬਣ ਗਿਆ (ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ) ।੧।ਰਹਾਉ।
ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥
ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ ।
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥੨॥
ਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ।੨।
ਮੋਇਆ ਕਉ ਕਿਆ ਰੋਵਹੁ ਰੋਇ ਨ ਜਾਣਹੂ ॥
ਹੇ ਭਾਈ! ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ ।
ਰੋਵਹੁ ਸਚੁ ਸਲਾਹਿ ਹੁਕਮੁ ਪਛਾਣਹੂ ॥੩॥
ਅਸਲ ਵਿਚ ਤੁਹਾਨੂੰ ਵੈਰਾਗ ਵਿਚ ਆਉਣ ਦੀ ਜਾਚ ਨਹੀਂ । ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰੋ, (ਇਹ ਗੱਲ) ਸਮਝੋ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ (ਇਸ ਤਰ੍ਹਾਂ ਦੁਨੀਆ ਵਲੋਂ) ਵੈਰਾਗ ਕਰਨ ਦੀ ਜਾਚ ਸਿੱਖੋ ।
ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥
ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ
ਲਾਹਾ ਪਲੈ ਪਾਇ ਹੁਕਮੁ ਸਿਞਾਣੀਐ ॥੪॥
ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਜੀਵਨ ਲਾਭ ਮਿਲਦਾ ਹੈ ।