Sri Guru Granth Sahib Ji — Ang 397 (punjabi)
ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥
ਜਿਸ ਮਨੁੱਖ ਦੇ ਅੰਦਰ ਗੁਰੂ ਦਾ ਸਬਦ ਇਕ-ਰਸ ਟਿਕਿਆ ਰਹੇ ਉਹ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ (ਵਿਚ ਫਸਣ) ਤੋਂ ਬਚਿਆ ਰਹਿੰਦਾ ਹੈ ।੨।
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥
ਹੇ ਭਾਈ! ਮੈਂ ਇਹ ਦੱਸਣ-ਯੋਗ ਨਹੀਂ ਹਾਂ ਕਿ ਗੁਰੂ ਕੇਡਾ ਵੱਡਾ (ਉੱਚ-ਆਤਮਾ) ਹੈ, ਗੁਰੂ ਬਿਬੇਕ ਦਾ ਸਰੋਵਰ ਹੈ ਗੁਰੂ ਉੱਚੇ ਆਚਰਨ ਦਾ ਸਰੋਵਰ ਹੈ,
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥
ਗੁਰੂ ਉਹ ਪੂਰਨ ਪਰਮੇਸਰ (ਦਾ ਰੂਪ) ਹੈ ਜੇਹੜਾ ਸਭ ਦਾ ਮੁੱਢ ਹੈ ਜਿਹੜਾ ਜੁਗਾਂ ਦੇ ਆਦਿ ਤੋਂ ਹੈ ਜੇਹੜਾ ਹਰੇਕ ਜੁਗ ਵਿਚ ਮੌਜੂਦ ਹੈ ।੩।
ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹੋ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੀ ਰੱਖ
ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥
(ਇਹ ਨਾਮ ਮਿਲਣਾ ਗੁਰੂ ਪਾਸੋਂ ਹੀ ਹੈ, ਉਹ ਗੁਰੂ) ਮੈਂ ਨਾਨਕ ਦੇ ਅੰਗ-ਸੰਗ ਵੱਸਦਾ ਹੈ, ਗੁਰੂ ਹੀ ਮੇਰੀ ਜਿੰਦ ਹੈ ਗੁਰੂ ਹੀ ਮੇਰੇ ਪ੍ਰਾਣ ਹੈ, ਗੁਰੂ ਹੀ ਮੇਰਾ ਧਨ ਹੈ ।੪।੨।੧੦੪।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥
ਹੇ ਮਾਂ! ਜਦੋਂ ਉਹ ਬੇਅੰਤ ਅਲੱਖ ਖਸਮ-ਪ੍ਰਭੂ ਰਤਾ ਕੁ ਸਮੇ ਵਾਸਤੇ ਭੀ ਮੇਰੇ ਮਨ ਵਿਚ ਆ ਵੱਸਦਾ ਹੈ
ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥
ਮੇਰਾ ਹਰੇਕ ਦੁੱਖ-ਦਰਦ ਮੇਰਾ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ।੧।
ਹਉ ਵੰਞਾ ਕੁਰਬਾਣੁ ਸਾਈ ਆਪਣੇ ॥
ਹੇ ਮਾਂ! ਮੈਂ ਆਪਣੇ ਖਸਮ-ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ,
ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ ਰਹਾਉ ॥
ਉਸ ਦਾ ਨਾਮ ਜਪਣ ਨਾਲ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਨੰਦ ਪੈਦਾ ਹੋ ਜਾਂਦਾ ਹੈ ।੧।ਰਹਾਉ।
ਬਿੰਦਕ ਗਾਲਿੑ ਸੁਣੀ ਸਚੇ ਤਿਸੁ ਧਣੀ ॥
ਹੇ ਮਾਂ! ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੀ ਮੈਂ ਥੋੜੀ ਜਿਤਨੀ ਹੀ ਸਿਫ਼ਤਿ-ਸਾਲਾਹ ਸੁਣਦੀ ਹਾਂ
ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥
ਤਾਂ ਮੈਂ ਇਤਨਾ ਉੱਚਾ ਸੁਖ ਅਨੁਭਵ ਕਰਦੀ ਹਾਂ ਕਿ ਮੈਂ ਉਸ ਦਾ ਮੁੱਲ ਨਹੀਂ ਦੱਸ ਸਕਦੀ ।੨।
ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥
ਹੇ ਮੇਰੀ ਮਾਂ! ਮੇਰਾ ਉਹ ਸਾਈਂ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ ।
ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥
ਹੇ ਮਾਂ! ਮੇਰੇ ਵਿਚ ਕੋਈ ਗੁਣ ਨਹੀਂ, ਫਿਰ ਭੀ ਉਸ ਨੇ ਆਪ ਹੀ ਮੈਨੂੰ ਆਪਣੇ ਲੜ ਲਾ ਰੱਖਿਆ ਹੈ ।੩।
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
ਹੇ ਮਾਂ! ਉਹ ਮੇਰਾ ਪਾਤਿਸ਼ਾਹ ਨਿਰਾ ਸੰਸਾਰ ਵਿਚ ਹੀ ਨਹੀਂ ਵੱਸ ਰਿਹਾ ਉਹ ਤਾਂ) ਇਸ ਦਿੱਸਦੇ ਸੰਸਾਰ ਤੋਂ ਬਾਹਰ ਭੀ ਹਰ ਥਾਂ ਹੈ, ਵੇਦ ਕਤੇਬ ਆਦਿਕ ਕੋਈ ਧਰਮ-ਪੁਸਤਕ ਉਸ ਦਾ ਸਰੂਪ ਬਿਆਨ ਨਹੀਂ ਕਰ ਸਕਦੇ ।
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥
(ਉਂਞ, ਹੇ ਮਾਂ!) ਮੈਂ ਨਾਨਕ ਦਾ ਪਾਤਿਸ਼ਾਹ ਹਰ ਥਾਂ ਪ੍ਰਤੱਖ ਦਿੱਸ ਰਿਹਾ ਹੈ ।੪।੩।੧੦੫।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥
ਹੇ ਪ੍ਰਭੂ! ਤੇਰੇ ਲੱਖਾਂ ਹੀ ਭਗਤ ਤੈਨੂੰ ‘ਪਿਆਰਾ, ਪਿਆਰਾ’ ਆਖ ਕੇ ਤੇਰਾ ਨਾਮ ਜਪਦੇ ਹਨ ਤੇਰੀ ਅਰਾਧਨਾ ਕਰਦੇ ਹਨ
ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥
(ਉਹਨਾਂ ਦੇ ਸਾਹਮਣੇ ਮੈਂ ਤਾਂ) ਗੁਣ-ਹੀਣ ਵਿਕਾਰੀ ਜੀਵ ਹਾਂ, (ਹੇ ਪ੍ਰਭੂ!) ਮੈਂ ਤੈਨੂੰ ਕਿਸ ਤਰੀਕੇ ਨਾਲ ਮਿਲਾਂ? ।੧।
ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥
ਹੇ ਗੋਵਿੰਦ! ਹੇ ਗੁਪਾਲ! ਹੇ ਦਇਆਲ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ ।
ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥
ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ ।੧।ਰਹਾਉ।
ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥
ਹੇ ਪ੍ਰਭੂ! ਤੂੰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈਂ ਤੇਰੇ ਸੰਤ ਤੈਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ,
ਨਾਮ ਬਿਹੂਨੜਿਆ ਸੇ ਮਰਨਿੑ ਵਿਸੂਰਿ ਵਿਸੂਰਿ ॥੨॥
ਪਰ ਜੇਹੜੇ (ਭਾਗ-ਹੀਣ ਤੇਰੇ) ਨਾਮ ਤੋਂ ਵਾਂਜੇ ਹੋਏ ਹਨ ਉਹ (ਵਿਕਾਰਾਂ ਵਿਚ ਹੀ) ਝੁਰ ਝੁਰ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ ।੨।
ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੇ ਦਾਸਾਂ ਦਾ ਦਾਸ ਹੋਣ ਦੇ ਭਾਵ ਵਿਚ ਟਿਕੇ ਰਹਿੰਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹ
ਵਿਸਰਿਆ ਜਿਨੑਾ ਨਾਮੁ ਤਿਨਾੜਾ ਹਾਲੁ ਕਉਣੁ ॥੩॥
ਪਰ ਜਿਨ੍ਹਾਂ (ਮੰਦ-ਭਾਗੀਆਂ) ਨੂੰ ਤੇਰਾ ਨਾਮ ਭੁੱਲਾ ਰਹਿੰਦਾ ਹੈ ਉਹਨਾਂ ਦਾ ਹਾਲ ਭੈੜਾ ਹੀ ਟਿਕਿਆ ਰਹਿੰਦਾ ਹੈ ।੩।
ਜੈਸੇ ਪਸੁ ਹਰਿੑਆਉ ਤੈਸਾ ਸੰਸਾਰੁ ਸਭ ॥
ਹੇ ਭਾਈ!) ਜਿਵੇਂ ਖੁਲ੍ਹਾ ਰਹਿ ਕੇ ਹਰੀਆਂ ਖੇਤੀਆਂ ਚੁਗਣ ਵਾਲਾ ਕੋਈ ਪਸ਼ੂ (ਅਵਾਰਾ ਭੌਂਦਾ ਫਿਰਦਾ) ਹੈ ਤਿਵੇਂ ਸਾਰਾ ਜਗਤ (ਵਿਕਾਰਾਂ ਪਿੱਛੇ ਭਟਕ ਰਿਹਾ ਹੈ) ।
ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥
ਹੇ ਨਾਨਕ! (ਆਖ—) ਹੇ ਪ੍ਰਭੂ! (ਮੇਰੇ ਵਿਕਾਰਾਂ ਵਾਲੇ) ਬੰਧਨ ਕੱਟ ਕੇ ਮੈਨੂੰ ਤੂੰ ਆਪ ਆਪਣੇ ਚਰਨਾਂ ਵਿਚ ਜੋੜੀ ਰੱਖ ।੪।੪।੧੦੬।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥
ਹੇ ਭਾਈ! ਸਾਰੇ (ਸੰਸਾਰਕ) ਪਦਾਰਥਾਂ (ਦਾ ਮੋਹ) ਭੁਲਾ ਕੇ ਸਿਰਫ਼ ਇਕ ਪਰਮਾਤਮਾ ਦਾ ਧਿਆਨ ਧਰ
ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥
(ਦੁਨੀਆ ਦੀਆਂ ਮਲਕੀਅਤਾਂ ਦਾ) ਝੂਠਾ ਮਾਣ (ਆਪਣੇ ਮਨ ਵਿਚੋਂ) ਦੂਰ ਕਰ ਦੇ, ਆਪਣਾ ਮਨ (ਪਰਮਾਤਮਾ ਅੱਗੇ) ਭੇਟਾ ਕਰ ਦੇ, ਆਪਣਾ ਹਿਰਦਾ (ਪ੍ਰਭੂ-ਚਰਨਾਂ ਵਿਚ) ਭੇਟਾ ਕਰ ਦੇ ।੧।
ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥
ਹੇ ਸਿਰਜਣਹਾਰ ਪ੍ਰਭੂ! ਅੱਠੇ ਪਹਰ ਤੈਨੂੰ ਸਾਲਾਹ ਕੇ (ਤੇਰੀ ਸਿਫ਼ਤਿ-ਸਾਲਾਹ ਕਰ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੰੁਦਾ ਹੈ
ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥
ਮੇਰੇ ਉੱਤੇ ਮੇਹਰ ਕਰ ਮੈਨੂੰ (ਤੇਰੀ ਸਿਫ਼ਤਿ-ਸਾਲਾਹ ਦੀ) ਦਾਤਿ ਮਿਲ ਜਾਏ ।੧।ਰਹਾਉ।
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
ਹੇ ਭਾਈ! ਉਹੀ ਕੰਮ ਕਰਿਆ ਕਰ ਜਿਸ ਕੰਮ ਦੀ ਰਾਹੀਂ (ਲੋਕ ਪਰਲੋਕ ਵਿਚ) ਤੇਰਾ ਮੂੰਹ ਰੋਸ਼ਨ ਰਹੇ ।
ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥
(ਪਰ,) ਹੇ ਪ੍ਰਭੂ! ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤਿ ਦੇਂਦਾ ਹੈਂ ।੨।
ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥
ਹੇ ਭਾਈ! (ਆਤਮਕ ਜੀਵਨ ਦੀ ਉਸਾਰੀ ਵਾਲੇ) ਉਸ (ਹਿਰਦੇ-) ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਭੀ ਢਹਿ ਨਹੀਂ ਸਕਦਾ ।
ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥
ਹੇ ਭਾਈ! ਇਕ ਪਰਮਾਤਮਾ ਨੂੰ ਹੀ ਆਪਣੇ ਚਿੱਤ ਵਿਚ ਵਸਾਈ ਰੱਖ ਉਹ ਪਰਮਾਤਮਾ ਕਦੇ ਭੀ ਨਹੀਂ ਮਰਦਾ ।੩।
ਤਿਨੑਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ
ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥
(ਪਰ, ਇਹ ਗੁਰੂ ਦੀ ਮੇਹਰ ਨਾਲ ਹੀ ਹੁੰਦਾ ਹੈ), ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾਂ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ।੪।੫।੧੦੭।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਜਿਨੑਾ ਨ ਵਿਸਰੈ ਨਾਮੁ ਸੇ ਕਿਨੇਹਿਆ ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਕਦੇ ਭੀ ਪਰਮਾਤਮਾ ਦਾ ਨਾਮ ਨਹੀਂ ਭੁੱਲਦਾ (ਕੀ ਤੈਨੂੰ ਪਤਾ ਹੈ ਕਿ) ਉਹ ਕਿਹੋ ਜਿਹੇ ਹੁੰਦੇ ਹਨ?
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥
(ਉਹਨਾਂ ਵਿਚ ਤੇ ਖਸਮ-ਪ੍ਰਭੂ ਵਿਚ) ਰਤਾ ਭੀ ਫ਼ਰਕ ਨਾਹ ਸਮਝੋ, ਉਹ ਖਸਮ-ਪ੍ਰਭੂ ਵਰਗੇ ਹੋ ਜਾਂਦੇ ਹਨ ।੧।
ਮਨੁ ਤਨੁ ਹੋਇ ਨਿਹਾਲੁ ਤੁਮੑ ਸੰਗਿ ਭੇਟਿਆ ॥
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤਿ ਕੀਤੀ ਉਹਨਾਂ ਦਾ ਮਨ ਪ੍ਰਸੰਨ ਰਹਿੰਦਾ ਹੈ,
ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥
ਉਹਨਾਂ (ਤੇਰੇ) ਸੇਵਕ (-ਗੁਰੂ) ਦੀ ਕਿਰਪਾ ਨਾਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ।੧।ਰਹਾਉ।
ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨੑ ਖੇ ॥
ਉਹਨਾਂ ਨੇ ਸਾਰੇ ਖੰਡਾਂ ਬ੍ਰਹਮੰਡਾਂ ਨੂੰ ਭੀ (ਸੰਸਾਰ-ਸਮੁੰਦਰ ਤੋਂ) ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਹੈ
ਜਿਨੑ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ।੨।