Sri Guru Granth Sahib Ji — Ang 383 (punjabi)
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥
ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ—ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ?
ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥
ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ ।੧।
ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥
(ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ
ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥
(ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ ।੧।ਰਹਾਉ।
ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥
(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ
ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥
ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ ।੨।
ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥
(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ
ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥
ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ ।੩।
ਗੁਣ ਨਿਧਾਨ ਸਾਹਿਬ ਮਨਿ ਮੇਲਾ ॥
ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ
ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥
ਹੇ ਨਾਨਕ! (ਆਖ—ਹੇ ਭਾਈ!) (ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ ਮੈਂ ਸੌਖਾ ਹੋ ਗਿਆ ਹਾਂ ।੪।੯।੪੮।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥
ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ
ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥
ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ।੧।
ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ ।
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮੑਾਰੇ ॥੧॥ ਰਹਾਉ ॥
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ । ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ।੧।ਰਹਾਉ।
ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥
ਹੇ ਪ੍ਰਭੂ! ਮੈਨੂੰ ਤੇਰੀ ਹੀ Eਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ
ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥
ਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ ।੨।
ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥
ਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ
ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ । ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ ।੩।
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
ਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ—ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥
ਹੇ ਨਾਨਕ! ਆਖ—(ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ । (ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ ।੪।੧੦।੪੯।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥
ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ) । (ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ,
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥
ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ।੧।
ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥
ਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ
ਪਾਰਬ੍ਰਹਮੁ ਜਿਨਿੑ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੰੁਦਰ ਤੋਂ ਪਾਰ ਲੰਘ ਜਾਵਾਂ ।੧।ਰਹਾਉ।
ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥
(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੰੁਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ
ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ® ਹੋ ਜਾਂਦਾ ਹੈ ।੨।
ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥
(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ,
ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥
ਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ।੩।
ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥
(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ ।
ਜੀਉ ਪਿੰਡੁ ਸਭੁ ਤੁਮੑਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥
ਹੇ ਨਾਨਕ! (ਆਖ—) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ) । ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ।੪।੧੧।੫੦।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥
ਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ?
ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥
(ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ ।੧।ਰਹਾਉ।