Sri Guru Granth Sahib Ji — Ang 376 (punjabi)
ਕਹੁ ਨਾਨਕ ਗੁਣ ਗਾਈਅਹਿ ਨੀਤ ॥
ਹੇ ਨਾਨਕ! ਆਖ—(ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ
ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥
(ਇਸ ਉੱਦਮ ਦੀ ਬਰਕਤਿ ਨਾਲ, ਇਕ ਤਾਂ, ਲੋਕ ਪਰਲੋਕ ਵਿਚ) ਮੁਖ ਉਜਲਾ ਹੋ ਜਾਂਦਾ ਹੈ, (ਦੂਜੇ) ਮਨ (ਭੀ) ਪਵਿਤ® ਹੋ ਜਾਂਦਾ ਹੈ ।੪।੧੯।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਨਉ ਨਿਧਿ ਤੇਰੈ ਸਗਲ ਨਿਧਾਨ ॥
(ਹੇ ਪ੍ਰਭੂ!) ਤੇਰੇ ਘਰ ਵਿਚ (ਜਗਤ ਦੀਆਂ) ਨੌ ਹੀ ਨਿਧੀਆਂ ਮੌਜੂਦ ਹਨ ਸਾਰੇ ਖ਼ਜ਼ਾਨੇ ਮੌਜੂਦ ਹਨ ।
ਇਛਾ ਪੂਰਕੁ ਰਖੈ ਨਿਦਾਨ ॥੧॥
ਤੂੰ ਐਸਾ ਇੱਛਾ-ਪੂਰਕ ਹੈਂ (ਤੂੰ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜੇਹੀ ਤਾਕਤ ਰੱਖਦਾ ਹੈਂ) ਜੇਹੜਾ ਅੰਤ ਨੂੰ ਰਾਖੀ ਕਰਦਾ ਹੈ (ਜਦੋਂ ਮਨੁੱਖ ਹੋਰ ਸਾਰੇ ਮਿਥੇ ਹੋਏ ਆਸਰੇ ਛੱਡ ਬੈਠਦਾ ਹੈ) ।੧।
ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥
(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤਿ®ਸ਼ਨਾ ਨਹੀਂ ਰਹਿ ਸਕਦੀ ।
ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥
ਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ।੧।ਰਹਾਉ।
ਜੋ ਤੂੰ ਕਰਹਿ ਸੋਈ ਪਰਵਾਣੁ ॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ (ਜੀਵਾਂ ਨੂੰ) ਉਹੀ (ਸਿਰ-ਮੱਥੇ ਉੱਤੇ) ਕਬੂਲ ਹੰੁਦਾ ਹੈ ।
ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥੨॥
ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਤੇਰਾ ਹੁਕਮ ਭੀ ਅਟੱਲ ਹੈ ।੨।
ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥
ਹੇ ਪ੍ਰਭੂ! ਜਦੋਂ ਤੈਨੂੰ ਮਨਜ਼ੂਰ ਹੰੁਦਾ ਹੈ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦਾ ਹਾਂ ।
ਤੇਰੈ ਘਰਿ ਸਦਾ ਸਦਾ ਹੈ ਨਿਆਉ ॥੩॥
ਤੇਰੇ ਘਰ ਵਿਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ ।੩।
ਸਾਚੇ ਸਾਹਿਬ ਅਲਖ ਅਭੇਵ ॥
ਹੇ ਨਾਨਕ! (ਆਖ—) ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਅਲੱਖ ਤੇ ਅਭੇਵ!
ਨਾਨਕ ਲਾਇਆ ਲਾਗਾ ਸੇਵ ॥੪॥੨੦॥
ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ-ਭਗਤੀ ਵਿਚ ਲੱਗ ਸਕਦਾ ਹੈ ।੪।੨੦।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ!
ਨਿਕਟਿ ਜੀਅ ਕੈ ਸਦ ਹੀ ਸੰਗਾ ॥
ਹੇ ਭਾਈ! ਪਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾਂ ਦੇ ਅੰਗ-ਸੰਗ ਰਹਿੰਦਾ ਹੈ,
ਕੁਦਰਤਿ ਵਰਤੈ ਰੂਪ ਅਰੁ ਰੰਗਾ ॥੧॥
ਉਸੇ ਦੀ ਹੀ ਕਲਾ ਸਭ ਰੂਪਾਂ ਵਿਚ ਸਭ ਰੰਗਾਂ ਵਿਚ ਕੰਮ ਕਰ ਰਹੀ ਹੈ ।੧।
ਕਰ੍ਹੈ ਨ ਝੁਰੈ ਨਾ ਮਨੁ ਰੋਵਨਹਾਰਾ ॥
ਹੇ ਭਾਈ! ਉਸ ਦਾ ਮਨ ਕਦੇ ਖਿੱਝਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ
ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥੧॥ ਰਹਾਉ ॥
ਜਿਸ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਅਬਿਨਾਸੀ ਅਦਿ®ਸ਼ ਤੇ ਅਪਹੁੰਚ ਪਰਮਾਤਮਾ ਸਾਡੇ ਸਿਰ ਉਤੇ ਸਦਾ-ਕਾਇਮ ਰਹਿਣ ਵਾਲਾ ਖਸਮ ਕਾਇਮ ਹੈ।੧।ਰਹਾਉ।
ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ
ਜਿਸ ਕੀ ਮੀਰਾ ਰਾਖੈ ਆਣਿ ॥੨॥
(ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ।੨।
ਜੋ ਲਉਡਾ ਪ੍ਰਭਿ ਕੀਆ ਅਜਾਤਿ ॥
(ਹੇ ਭਾਈ!) ਜਿਸ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤਿ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ,
ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥
ਉਸ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ ।੩।
ਵੇਮੁਹਤਾਜਾ ਵੇਪਰਵਾਹੁ ॥
ਜੋ ਪਰਮਾਤਮਾ ਬੇ-ਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ
ਨਾਨਕ ਦਾਸ ਕਹਹੁ ਗੁਰ ਵਾਹੁ ॥੪॥੨੧॥
ਹੇ ਦਾਸ ਨਾਨਕ! (ਆਖ—ਹੇ ਭਾਈ!) ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ।੪।੨੧।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥
(ਹੇ ਭਾਈ! ਵਿਕਾਰਾਂ ਹੇਠ ਦਬਿਆ ਮਨੁੱਖ) ਪਰਾਮਤਮਾ ਦਾ ਨਾਮ-ਰਸ ਛੱਡ ਕੇ (ਦੁਨੀਆ ਦੇ ਪਦਾਰਥਾਂ ਦੇ) ਰਸ ਵਿਚ ਮਸਤ ਰਹਿੰਦਾ ਹੈ ਜੋ ਮੁੱਕ ਭੀ ਛੇਤੀ ਹੀ ਜਾਂਦਾ ਹੈ,
ਘਰ ਮਹਿ ਵਸਤੁ ਬਾਹਰਿ ਉਠਿ ਜਾਤਾ ॥੧॥
(ਸੁਖ ਦੇਣ ਵਾਲੀ) ਨਾਮ-ਵਸਤ (ਇਸ-ਦੇ) ਹਿਰਦੇ-ਘਰ ਵਿਚ ਮੌਜੂਦ ਹੈ (ਪਰ ਸੁਖ ਦੀ ਖ਼ਾਤਰ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਬਾਹਰ ਉਠ ਉਠ ਦੌੜਦਾ ਹੈ ।੧।
ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ ॥
ਹੇ ਭਾਈ! ਜੀਵ ਅਜੇਹਾ ਵਿਕਾਰਾਂ ਹੇਠ ਦਬਿਆ ਰਹਿੰਦਾ ਹੈ ਕਿ ਇਹ) ਸਦਾ-ਥਿਰ ਪਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇਣ ਵਾਲੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਨੀਆਂ ਪਸੰਦ ਨਹੀਂ ਕਰਦਾ,
ਰਾਰਿ ਕਰਤ ਝੂਠੀ ਲਗਿ ਗਾਥਾ ॥੧॥ ਰਹਾਉ ॥
ਪਰ ਝੂਠੀ (ਕਿਸੇ ਕੰਮ ਨਾਹ ਆਉਣ ਵਾਲੀ) ਕਥਾ-ਕਹਾਣੀ ਵਿਚ ਲੱਗ ਕੇ (ਹੋਰਨਾਂ ਨਾਲ) ਝਗੜਾ-ਬਖੇੜਾ ਕਰਦਾ ਰਹਿੰਦਾ ਹੈ ।੧।ਰਹਾਉ।
ਵਜਹੁ ਸਾਹਿਬ ਕਾ ਸੇਵ ਬਿਰਾਨੀ ॥
ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ)
ਐਸੇ ਗੁਨਹ ਅਛਾਦਿਓ ਪ੍ਰਾਨੀ ॥੨॥
(ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ।੨।
ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥
ਜੇਹੜਾ ਪਰਮਾਤਮਾ ਸਦਾ ਹੀ (ਜੀਵ ਦੇ ਨਾਲ) ਸਾਥੀ ਹੈ ਉਸ ਤੋਂ Eਹਲਾ ਕਰਦਾ ਹੈ,
ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥੩॥
ਜੇਹੜੀ ਚੀਜ਼ (ਆਖ਼ਿਰ ਕਿਸੇ) ਕੰਮ ਨਹੀਂ ਆਉਣੀ, ਉਹੀ ਮੁੜ ਮੁੜ ਮੰਗਦਾ ਰਹਿੰਦਾ ਹੈ ।੩।
ਕਹੁ ਨਾਨਕ ਪ੍ਰਭ ਦੀਨ ਦਇਆਲਾ ॥
ਹੇ ਨਾਨਕ! ਆਖ—ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥੪॥੨੨॥
ਜਿਵੇਂ ਹੋ ਸਕੇ (ਵਿਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਉ ਤੋਂ ਜੀਵਾਂ ਦੀ) ਰਾਖੀ ਕਰ ।੪।੨੨।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥
(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ,
ਈਹਾ ਊਹਾਂ ਉਨ ਸੰਗਿ ਕਾਮੁ ॥੧॥
(ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ।੧।
ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰਾ (ਧਨ ਪਦਾਰਥ) ਘਾਟੇਵੰਦਾ ਹੀ ਹੈ ।
ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥
(ਹੇ ਭਾਈ!) ਮੇਰਾ ਮਨ ਪਰਮਾਤਮਾ ਦੇ ਦਰਸ਼ਨ ਦੀ ਬਰਕਤਿ ਨਾਲ (ਦੁਨੀਆ ਦੇ ਧਨ ਪਦਾਰਥ ਵਲੋਂ) ਰੱਜ ਗਿਆ ਹੈ ।੧।
ਭਗਤਿ ਭੰਡਾਰ ਗੁਰਬਾਣੀ ਲਾਲ ॥
(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ
ਗਾਵਤ ਸੁਨਤ ਕਮਾਵਤ ਨਿਹਾਲ ॥੨॥
(ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ ।੨।
ਚਰਣ ਕਮਲ ਸਿਉ ਲਾਗੋ ਮਾਨੁ ॥
(ਹੇ ਭਾਈ!) ਉਸ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ
ਸਤਿਗੁਰਿ ਤੂਠੈ ਕੀਨੋ ਦਾਨੁ ॥੩॥
ਦਇਆਵਾਨ ਹੋਏ ਸਤਿਗੁਰੂ ਨੇ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਧਨ ਦੀ ਦਾਤਿ ਦਿੱਤੀ।੩।
ਨਾਨਕ ਕਉ ਗੁਰਿ ਦੀਖਿਆ ਦੀਨੑ ॥
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ ਸਿੱਖਿਆ ਦਿੱਤੀ,
ਪ੍ਰਭ ਅਬਿਨਾਸੀ ਘਟਿ ਘਟਿ ਚੀਨੑ ॥੪॥੨੩॥
ਉਸ ਨੇ ਅਬਿਨਾਸ਼ੀ ਪਰਮਾਤਮਾ ਨੂੰ ਹਰੇਕ ਹਿਰਦੇ ਵਿਚ (ਵੱਸਦਾ) ਵੇਖ ਲਿਆ ।੪।੨੩।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਅਨਦ ਬਿਨੋਦ ਭਰੇਪੁਰਿ ਧਾਰਿਆ ॥
ਜਗਤ ਦੇ ਸਾਰੇ ਕੌਤਕ-ਤਮਾਸ਼ੇ ਉਸ ਸਰਬ-ਵਿਆਪਕ ਪਰਮਾਤਮਾ ਦੇ ਹੀ ਰਚੇ ਹੋਏ ਹਨ,
ਅਪੁਨਾ ਕਾਰਜੁ ਆਪਿ ਸਵਾਰਿਆ ॥੧॥
ਆਪਣੇ ਰਚੇ ਹੋਏ ਸੰਸਾਰ ਨੂੰ ਉਸ ਨੇ ਆਪ ਹੀ (ਇਹਨਾਂ ਕੌਤਕ-ਤਮਾਸ਼ਿਆਂ ਨਾਲ) ਸੋਹਣਾ ਬਣਾਇਆ ਹੈ ।੧।
ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥
ਇਹ ਸਾਰੇ ਜਗਤ-ਪਦਾਰਥ ਉਸ ਅਭੁੱਲ ਪਰਮਾਤਮਾ ਦੇ ਹੀ ਬਣਾਏ ਹੋਏ ਹਨ
ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥੧॥ ਰਹਾਉ ॥
ਜਿਸ ਪਰਮਾਤਮਾ ਦੀ ਸੋਭਾ-ਵਡਿਆਈ (ਸਾਰੇ ਸੰਸਾਰ ਵਿਚ) ਹਰ ਥਾਂ ਖਿੱਲਰ ਰਹੀ ਹੈ।੧।ਰਹਾਉ।
ਨਾਮੁ ਨਿਧਾਨੁ ਜਾ ਕੀ ਨਿਰਮਲ ਸੋਇ ॥
ਜਿਸ (ਪਰਮਾਤਮਾ) ਦੀ (ਕੀਤੀ ਹੋਈ) ਸਿਫ਼ਤਿ-ਸਾਲਾਹ (ਸਾਰੇ ਜੀਵਾਂ ਨੂੰ) ਪਵਿਤ® ਜੀਵਨ ਵਾਲਾ ਬਣਾ ਦੇਂਦੀ ਹੈ, ਜਿਸ ਦਾ ਨਾਮ (ਸਾਰੇ ਜੀਵਾਂ ਵਾਸਤੇ) ਖ਼ਜ਼ਾਨਾ ਹੈ
ਆਪੇ ਕਰਤਾ ਅਵਰੁ ਨ ਕੋਇ ॥੨॥
ਉਹ ਆਪ ਹੀ ਸਭ ਦੇ ਪੈਦਾ ਕਰਨ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ।੨।
ਜੀਅ ਜੰਤ ਸਭਿ ਤਾ ਕੈ ਹਾਥਿ ॥
(ਹੇ ਭਾਈ! ਜਗਤ ਦੇ) ਸਾਰੇ ਜੀਅ ਜੰਤ ਉਸ ਪਰਮਾਤਮਾ ਦੇ ਹੀ ਹੱਥ ਵਿਚ ਹਨ,
ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥
ਉਹ ਪਰਮਾਤਮਾ ਸਭ ਥਾਈਂ ਵੱਸ ਰਿਹਾ ਹੈ, ਹਰੇਕ ਜੀਵ ਦੇ ਅੰਗ-ਸੰਗ ਵੱਸਦਾ ਹੈ ।੩।