Sri Guru Granth Sahib Ji — Ang 375 (punjabi)
ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥
ਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ ।੧।ਰਹਾਉ।
ਚਾਰਿ ਪਹਰ ਚਹੁ ਜੁਗਹ ਸਮਾਨੇ ॥
(ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ,
ਰੈਣਿ ਭਈ ਤਬ ਅੰਤੁ ਨ ਜਾਨੇ ॥੨॥
ਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ ।੨।
ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥
(ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ®ੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ
ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥੩॥
ਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ ।੩।
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥
ਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ
ਆਤਮੁ ਚੀਨਿੑ ਪਰਮ ਸੁਖੁ ਪਾਇਆ ॥੪॥੧੫॥
ਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ ।੪।੧੫।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਹਰਿ ਸੇਵਾ ਮਹਿ ਪਰਮ ਨਿਧਾਨੁ ॥
(ਹੇ ਭਾਈ!) ਪਰਮਾਤਮਾ ਦੀ ਸੇਵਾ ਵਿਚ ਸਭ ਤੋਂ ਉੱਚਾ (ਆਤਮਕ ਜੀਵਨ ਦਾ) ਖ਼ਜ਼ਾਨਾ (ਲੁਕਿਆ ਪਿਆ ਹੈ)
ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥੧॥
ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੂੰਹ ਨਾਲ ਉਚਾਰਨਾ—ਇਹ ਪਰਮਾਤਮਾ ਦੀ ਸੇਵਾ ਹੈ।੧।
ਹਰਿ ਮੇਰਾ ਸਾਥੀ ਸੰਗਿ ਸਖਾਈ ॥
(ਹੇ ਭਾਈ!) ਪਰਮਾਤਮਾ ਮੇਰਾ ਸਾਥੀ ਹੈ ਮਿੱਤਰ ਹੈ ।
ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥੧॥ ਰਹਾਉ ॥
ਦੁੱਖ ਵੇਲੇ ਸੁਖ ਵੇਲੇ (ਜਦੋਂ ਭੀ) ਮੈਂ ਉਸ ਨੂੰ ਯਾਦ ਕਰਦਾ ਹਾਂ, ਉਹ ਉਥੇ ਹਾਜ਼ਰ ਹੁੰਦਾ ਹੈ । ਸੋ, ਵਿਚਾਰਾ ਜਮ ਮੈਨੂੰ ਕਿਥੇ ਡਰਾ ਸਕਦਾ ਹੈ? ।੧।ਰਹਾਉ।
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥
(ਹੇ ਭਾਈ!) ਪਰਮਾਤਮਾ ਹੀ ਮੇਰੀ Eਟ ਹੈ, ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ,
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥
ਪਰਮਾਤਮਾ ਮੇਰਾ ਮਿੱਤਰ ਹੈ, ਮੈਨੂੰ ਆਪਣੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ।੨।
ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥
ਪਰਮਾਤਮਾ (ਦਾ ਨਾਮ ਹੀ) ਮੇਰੀ ਰਾਸਿ-ਪੂੰਜੀ ਹੈ, ਪਰਮਾਤਮਾ (ਦਾ ਨਾਮ ਹੀ) ਮੇਰੇ ਵਾਸਤੇ (ਆਤਮਕ ਜੀਵਨ ਦਾ ਵਪਾਰ ਕਰਨ ਲਈ) ਸਾਖ ਹੈ (ਇਤਬਾਰ ਦਾ ਵਸੀਲਾ ਹੈ)
ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥੩॥
ਗੁਰੂ ਦੀ ਸਰਨ ਪੈ ਕੇ ਮੈਂ ਨਾਮ-ਧਨ ਕਮਾ ਰਿਹਾ ਹਾਂ, ਪਰਮਾਤਮਾ ਹੀ ਮੇਰਾ ਸ਼ਾਹ ਹੈ (ਜੋ ਮੈਨੂੰ ਨਾਮ-ਧਨ ਦਾ ਸਰਮਾਇਆ ਦੇਂਦਾ ਹੈ) ।੩।
ਗੁਰ ਕਿਰਪਾ ਤੇ ਇਹ ਮਤਿ ਆਵੈ ॥
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਇਸ ਵਪਾਰ ਦੀ ਸਮਝ ਆ ਜਾਂਦੀ ਹੈ
ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥੪॥੧੬॥
ਦਾਸ ਨਾਨਕ ਆਖਦਾ ਹੈ ਕਿ ਉਹ ਮਨੁੱਖ ਸਦਾ ਪਰਮਾਤਮਾ ਦੀ ਗੋਦ ਵਿਚ ਲੀਨ ਰਹਿੰਦਾ ਹੈ ।੪।੧੬।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥
(ਹੇ ਭਾਈ!) ਜੇ ਪਰਮਾਤਮਾ ਦਇਆਵਾਨ ਹੋਵੇ ਤਾਂ ਹੀ ਮੈਂ ਇਹ ਮਨ (ਗੁਰੂ ਦੇ ਚਰਨਾਂ ਵਿਚ) ਜੋੜ ਸਕਦਾ ਹਾਂ,
ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥
ਤਦੋਂ ਹੀ ਗੁਰੂ ਦੀ (ਦੱਸੀ) ਸੇਵਾ ਕਰ ਕੇ ਮਨ-ਇੱਜ਼ਤ ਫਲ ਪ੍ਰਾਪਤ ਕਰ ਸਕਦਾ ਹਾਂ ।੧।
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥
ਹੇ ਮੇਰੇ ਮਨ! ਤੂੰ ਕਿਉਂ ਘਾਬਰਦਾ ਹੈਂ? (ਯਕੀਨ ਰੱਖ, ਤੇਰੇ ਸਿਰ ਉਤੇ ਉਹ) ਪਿਆਰਾ ਸਤਿਗੁਰੂ (ਰਾਖਾ) ਹੈ
ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥੧॥ ਰਹਾਉ ॥
ਜੋ ਮਨ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਜਿਸ ਅੰਮ੍ਰਿਤ ਦੇ ਸਰੋਵਰ-ਗੁਰੂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰਿਆ ਹੋਇਆ ਹੈ ।੧।ਰਹਾਉ।
ਚਰਣ ਕਮਲ ਰਿਦ ਅੰਤਰਿ ਧਾਰੇ ॥
(ਹੇ ਭਾਈ!) ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ (ਗੁਰੂ ਦੇ) ਸੋਹਣੇ ਚਰਨ ਟਿਕਾ ਲਏ
ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥੨॥
(ਉਸ ਦੇ ਅੰਦਰ) ਪਰਮਾਤਮਾ ਦੀ ਜੋਤਿ ਜਗ ਪਈ, ਉਸ ਨੂੰ ਪਿਆਰਾ ਪ੍ਰਭੂ ਮਿਲ ਪਿਆ ।੨।
ਪੰਚ ਸਖੀ ਮਿਲਿ ਮੰਗਲੁ ਗਾਇਆ ॥
ਉਸ ਦੇ ਪੰਜੇ ਗਿਆਨ-ਇੰਦਿ®ਆਂ ਨੇ ਮਿਲ ਕੇ
ਅਨਹਦ ਬਾਣੀ ਨਾਦੁ ਵਜਾਇਆ ॥੩॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਵਾਜਾ ਇਕ-ਰਸ ਵਜਾਣਾ ਸ਼ੁਰੂ ਕਰ ਦਿੱਤਾ ।੩।
ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥
ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਪ੍ਰਸੰਨ ਹੋ ਪਿਆ ਉਸ ਨੂੰ ਪ੍ਰਭੂ-ਪਾਤਿਸ਼ਾਹ ਮਿਲ ਪਿਆ,
ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥੪॥੧੭॥
ਉਸ ਦੀ (ਜ਼ਿੰਦਗੀ ਦੀ) ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਣ ਲੱਗ ਪਈ ।੪।੧੭।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਕਰਿ ਕਿਰਪਾ ਹਰਿ ਪਰਗਟੀ ਆਇਆ ॥
(ਹੇ ਵੀਰ!) ਪਰਮਾਤਮਾ ਕਿਰਪਾ ਕਰ ਕੇ ਉਸ ਦੇ ਅੰਦਰ ਆਪ ਆ ਪਰਤੱਖ ਹੰੁਦਾ ਹੈ
ਮਿਲਿ ਸਤਿਗੁਰ ਧਨੁ ਪੂਰਾ ਪਾਇਆ ॥੧॥
ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਕਦੇ ਨਾਹ ਘਟਣ ਵਾਲਾ ਨਾਮ-ਧਨ ਹਾਸਲ ਕਰ ਲਿਆ।੧।ਰਹਾਉ।
ਐਸਾ ਹਰਿ ਧਨੁ ਸੰਚੀਐ ਭਾਈ ॥
ਹੇ ਵੀਰ! ਇਹੋ ਜਿਹਾ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ
ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥
ਜਿਸ ਨੂੰ ਅੱਗ ਸਾੜ ਨਹੀਂ ਸਕਦੀ, ਜੋ ਪਾਣੀ ਵਿਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਭੀ ਹੋਰ ਥਾਂ ਨਹੀਂ ਜਾਂਦਾ ।੧।
ਤੋਟਿ ਨ ਆਵੈ ਨਿਖੁਟਿ ਨ ਜਾਇ ॥
(ਹੇ ਭਾਈ! ਪਰਮਾਤਮਾ ਦਾ ਨਾਮ ਐਸਾ ਧਨ ਹੈ ਜਿਸ ਵਿਚ) ਕਦੇ ਘਾਟਾ ਨਹੀਂ ਪੈਂਦਾ ਜੋ ਕਦੇ ਨਹੀਂ ਮੁੱਕਦਾ ।
ਖਾਇ ਖਰਚਿ ਮਨੁ ਰਹਿਆ ਅਘਾਇ ॥੨॥
ਇਹ ਧਨ ਆਪ ਵਰਤ ਕੇ ਹੋਰਨਾਂ ਨੂੰ ਵੰਡ ਕੇ (ਮਨੱਖ ਦਾ) ਮਨ (ਦੁਨੀਆ ਦੇ ਧਨ ਦੀ ਲਾਲਸਾ ਵਲੋਂ) ਰੱਜਿਆ ਰਹਿੰਦਾ ਹੈ ।੨।
ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪਰਮਾਤਮਾ ਦਾ ਨਾਮ-ਧਨ ਜਮ੍ਹਾਂ ਹੋ ਜਾਂਦਾ ਹੈ ਉਹੀ ਮਨੁੱਖ ਸਦਾ ਲਈ ਸਾਹੂਕਾਰ ਬਣ ਜਾਂਦਾ ਹੈ ।
ਇਸੁ ਧਨ ਤੇ ਸਭੁ ਜਗੁ ਵਰਸਾਣਾ ॥੩॥
ਉਸ ਦੇ ਇਸ ਧਨ ਤੋਂ ਸਾਰਾ ਜਗਤ ਲਾਭ ਉਠਾਂਦਾ ਹੈ ।੩।
ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥
(ਪਰ, ਹੇ ਭਾਈ!) ਉਸ ਮਨੁੱਖ ਨੇ ਇਹ ਹਰਿ-ਨਾਮ-ਧਨ ਹਾਸਲ ਕੀਤਾ ਹੈ, ਜਿਸ ਦੇ ਭਾਗਾਂ ਵਿਚ ਪੂਰਬਲੇ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦੀ ਪ੍ਰਾਪਤੀ ਲਿਖੀ ਹੰੁਦੀ ਹੈ ।
ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥੪॥੧੮॥
ਹੇ ਦਾਸ ਨਾਨਕ! (ਆਖ—) ਪਰਮਾਤਮਾ ਦਾ ਨਾਮ-ਧਨ (ਮਨੁੱਖ ਦੀ ਜਿੰਦ ਵਾਸਤੇ) ਅਖ਼ੀਰਲੇ ਵੇਲੇ ਦਾ ਗਹਣਾ ਹੈ ।੪।੧੮।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਜੈਸੇ ਕਿਰਸਾਣੁ ਬੋਵੈ ਕਿਰਸਾਨੀ ॥
ਹੇ ਪ੍ਰਾਣੀ! (ਜਿਵੇਂ) ਕੋਈ ਕਿਸਾਨ ਖੇਤੀ ਬੀਜਦਾ ਹੈ
ਕਾਚੀ ਪਾਕੀ ਬਾਢਿ ਪਰਾਨੀ ॥੧॥
(ਤੇ ਜਦੋਂ ਜੀ ਚਾਹੇ) ਉਸ ਨੂੰ ਵੱਢ ਲੈਂਦਾ ਹੈ (ਚਾਹੇ ਉਹ) ਕੱਚੀ (ਹੋਵੇ ਚਾਹੇ) ਪੱਕੀ (ਇਸੇ ਤਰ੍ਹਾਂ ਮਨੁੱਖ ਉਤੇ ਮੌਤ ਕਿਸੇ ਭੀ ਉਮਰੇ ਆ ਸਕਦੀ ਹੈ) ।੧।
ਜੋ ਜਨਮੈ ਸੋ ਜਾਨਹੁ ਮੂਆ ॥
(ਹੇ ਭਾਈ!) ਯਕੀਨ ਜਾਣੋ ਕਿ ਜਿਹੜਾ ਜੀਵ ਪੈਦਾ ਹੰੁਦਾ ਹੈ ਉਹ ਮਰਦਾ ਭੀ (ਜ਼ਰੂਰ) ਹੈ ।
ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥੧॥ ਰਹਾਉ ॥
ਪਰਮਾਤਮਾ ਦਾ ਭਗਤ (ਇਸ ਅਟੱਲ ਨਿਯਮ ਨੂੰ ਜਾਣਦਾ ਹੋਇਆ ਮੌਤ ਦੇ ਸਹਮ ਵਲੋਂ) ਅਡੋਲ-ਚਿੱਤ ਹੋ ਜਾਂਦਾ ਹੈ ।੧।ਰਹਾਉ।
ਦਿਨ ਤੇ ਸਰਪਰ ਪਉਸੀ ਰਾਤਿ ॥
(ਹੇ ਭਾਈ!) ਦਿਨ ਤੋਂ ਜ਼ਰੂਰ ਰਾਤ ਪੈ ਜਾਇਗੀ,
ਰੈਣਿ ਗਈ ਫਿਰਿ ਹੋਇ ਪਰਭਾਤਿ ॥੨॥
ਰਾਤ (ਭੀ) ਮੁੱਕ ਜਾਂਦੀ ਹੈ ਫਿਰ ਮੁੜ ਸਵੇਰ ਹੋ ਜਾਂਦੀ ਹੈ (ਇਸੇ ਤਰ੍ਹਾਂ ਜਗਤ ਵਿਚ ਜਨਮ ਤੇ ਮਰਨ ਦਾ ਸਿਲਸਲਾ ਤੁਰਿਆ ਰਹਿੰਦਾ ਹੈ) ।੨।
ਮਾਇਆ ਮੋਹਿ ਸੋਇ ਰਹੇ ਅਭਾਗੇ ॥
(ਇਹ ਜਾਣਦਿਆਂ ਭੀ ਕਿ ਮੌਤ ਜ਼ਰੂਰ ਆਉਣੀ ਹੈ) ਬਦ-ਨਸੀਬ ਬੰਦੇ ਮਾਇਆ ਦੇ ਮੋਹ ਵਿਚ (ਫਸ ਕੇ ਜੀਵਨ-ਮਨੋਰਥ ਵਲੋਂ) ਗਾਫ਼ਿਲ ਹੋਏ ਰਹਿੰਦੇ ਹਨ ।
ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥੩॥
ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਮੋਹ ਦੀ ਨੀਂਦ ਤੋਂ) ਜਾਗਦਾ ਹੈ ।੩।