Sri Guru Granth Sahib Ji — Ang 372 (punjabi)
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਪਰਦੇਸੁ ਝਾਗਿ ਸਉਦੇ ਕਉ ਆਇਆ ॥
ਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) Eਪਰਾ ਦੇਸ ਬੜੀਆਂ ਔਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ,
ਵਸਤੁ ਅਨੂਪ ਸੁਣੀ ਲਾਭਾਇਆ ॥
ਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ ।
ਗੁਣ ਰਾਸਿ ਬੰਨਿੑ ਪਲੈ ਆਨੀ ॥
ਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ,
ਦੇਖਿ ਰਤਨੁ ਇਹੁ ਮਨੁ ਲਪਟਾਨੀ ॥੧॥
ਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ ।੧।
ਸਾਹ ਵਾਪਾਰੀ ਦੁਆਰੈ ਆਏ ॥
ਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ
ਵਖਰੁ ਕਾਢਹੁ ਸਉਦਾ ਕਰਾਏ ॥੧॥ ਰਹਾਉ ॥
(ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ ।੧।ਰਹਾਉ।
ਸਾਹਿ ਪਠਾਇਆ ਸਾਹੈ ਪਾਸਿ ॥
(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ
ਅਮੋਲ ਰਤਨ ਅਮੋਲਾ ਰਾਸਿ ॥
(ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ ।
ਵਿਸਟੁ ਸੁਭਾਈ ਪਾਇਆ ਮੀਤ ॥
(ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ,
ਸਉਦਾ ਮਿਲਿਆ ਨਿਹਚਲ ਚੀਤ ॥੨॥
ਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ ।੨।
ਭਉ ਨਹੀ ਤਸਕਰ ਪਉਣ ਨ ਪਾਨੀ ॥
(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ) ।
ਸਹਜਿ ਵਿਹਾਝੀ ਸਹਜਿ ਲੈ ਜਾਨੀ ॥
ਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ ।
ਸਤ ਕੈ ਖਟਿਐ ਦੁਖੁ ਨਹੀ ਪਾਇਆ ॥
ਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ,
ਸਹੀ ਸਲਾਮਤਿ ਘਰਿ ਲੈ ਆਇਆ ॥੩॥
ਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ ।੩।
ਮਿਲਿਆ ਲਾਹਾ ਭਏ ਅਨੰਦ ॥
(ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ ।
ਧੰਨੁ ਸਾਹ ਪੂਰੇ ਬਖਸਿੰਦ ॥
ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ
ਇਹੁ ਸਉਦਾ ਗੁਰਮੁਖਿ ਕਿਨੈ ਵਿਰਲੈ ਪਾਇਆ ॥
ਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ
ਸਹਲੀ ਖੇਪ ਨਾਨਕੁ ਲੈ ਆਇਆ ॥੪॥੬॥
(ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ ।੪।੬।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥
(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ ।
ਨਹ ਦੇਖਿਓ ਰੂਪ ਰੰਗ ਸਂੀਗਾਰੋ ॥
ਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥
ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ ।
ਬਾਹ ਪਕਰਿ ਪ੍ਰਿਅ ਸੇਜੈ ਆਨੀ ॥੧॥
ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ।੧।
ਸੁਨਿਬੋ ਸਖੀ ਕੰਤਿ ਹਮਾਰੋ ਕੀਅਲੋ ਖਸਮਾਨਾ ॥
ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,
ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥੧॥ ਰਹਾਉ ॥
(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ । ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ।੧।ਰਹਾਉ।
ਸੁਹਾਗੁ ਹਮਾਰੋ ਅਬ ਹੁਣਿ ਸੋਹਿਓ ॥
(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,
ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥
ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ
ਆਂਗਨਿ ਮੇਰੈ ਸੋਭਾ ਚੰਦ ॥
ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ ।
ਨਿਸਿ ਬਾਸੁਰ ਪ੍ਰਿਅ ਸੰਗਿ ਅਨੰਦ ॥੨॥
ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ।੨।
ਬਸਤ੍ਰ ਹਮਾਰੇ ਰੰਗਿ ਚਲੂਲ ॥
ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,
ਸਗਲ ਆਭਰਣ ਸੋਭਾ ਕੰਠਿ ਫੂਲ ॥
ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ
ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥
(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ,
ਦੁਸਟ ਦੂਤ ਕੀ ਚੂਕੀ ਕਾਨਿ ॥੩॥
ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ।੩।
ਸਦ ਖੁਸੀਆ ਸਦਾ ਰੰਗ ਮਾਣੇ ॥
ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ
ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥
(ਹੇ ਸਹੇਲੀਏ! ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤਿ®ਸਨਾ ਮੁੱਕ ਗਈ ਹੈ
ਕਹੁ ਨਾਨਕ ਜਉ ਪਿਰਹਿ ਸੀਗਾਰੀ ॥
ਹੇ ਨਾਨਕ! (ਆਖ—) ਜਦੋਂ (ਕਿਸੇ ਜੀਵ-ਇਸਤ®ੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ
ਥਿਰੁ ਸੋਹਾਗਨਿ ਸੰਗਿ ਭਤਾਰੀ ॥੪॥੭॥
ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ।੪।੭।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।
ਦਾਨੁ ਦੇਇ ਕਰਿ ਪੂਜਾ ਕਰਨਾ ॥
(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ,
ਲੈਤ ਦੇਤ ਉਨੑ ਮੂਕਰਿ ਪਰਨਾ ॥
ਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ । ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ) ।
ਜਿਤੁ ਦਰਿ ਤੁਮੑ ਹੈ ਬ੍ਰਾਹਮਣ ਜਾਣਾ ॥
ਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ
ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥
ਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ ।੧।
ਐਸੇ ਬ੍ਰਾਹਮਣ ਡੂਬੇ ਭਾਈ ॥
ਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ
ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥
ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ ।੧।ਰਹਾਉ।
ਅੰਤਰਿ ਲੋਭੁ ਫਿਰਹਿ ਹਲਕਾਏ ॥
ਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ ।
ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥
ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ ।
ਮਾਇਆ ਮੂਠਾ ਚੇਤੈ ਨਾਹੀ ॥
(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ
ਭਰਮੇ ਭੂਲਾ ਬਹੁਤੀ ਰਾਹੀ ॥੨॥
ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ ।੨।
ਬਾਹਰਿ ਭੇਖ ਕਰਹਿ ਘਨੇਰੇ ॥
ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ ।
ਅੰਤਰਿ ਬਿਖਿਆ ਉਤਰੀ ਘੇਰੇ ॥
(ਹੇ ਭਾਈ!) ਅਜੇਹੇ ਬ੍ਰਾਹਮਣਾਂ ਦੇ ਆਪਣੇ ਅੰਦਰ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ
ਅਵਰ ਉਪਦੇਸੈ ਆਪਿ ਨ ਬੂਝੈ ॥
(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,
ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥
ਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ ।੩।
ਮੂਰਖ ਬਾਮਣ ਪ੍ਰਭੂ ਸਮਾਲਿ ॥
ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ—) ਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ,
ਦੇਖਤ ਸੁਨਤ ਤੇਰੈ ਹੈ ਨਾਲਿ ॥
ਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ ।
ਕਹੁ ਨਾਨਕ ਜੇ ਹੋਵੀ ਭਾਗੁ ॥
ਜੇ ਤੇਰੇ ਭਾਗ ਜਾਗਣ ਤਾਂ
ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥
(ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ ।੪।੮।
ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।