Sri Guru Granth Sahib Ji — Ang 365 (punjabi)
ਏਹਾ ਭਗਤਿ ਜਨੁ ਜੀਵਤ ਮਰੈ ॥
ਅਸਲ ਭਗਤੀ ਇਹੀ ਹੈ ਕਿ (ਜਿਸ ਦੀ ਬਰਕਤਿ ਨਾਲ) ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ
ਗੁਰ ਪਰਸਾਦੀ ਭਵਜਲੁ ਤਰੈ ॥
ਤੇ ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੰੁਦਰ (ਦੀਆਂ ਵਿਕਾਰਾਂ ਦੀਆਂ ਲਹਿਰਾਂ) ਤੋਂ ਪਾਰ ਲੰਘ ਜਾਂਦਾ ਹੈ
ਗੁਰ ਕੈ ਬਚਨਿ ਭਗਤਿ ਥਾਇ ਪਾਇ ॥
ਗੁਰੂ ਦੇ ਉਪਦੇਸ਼ ਅਨੁਸਾਰ ਕੀਤੀ ਹੋਈ ਭਗਤੀ (ਪ੍ਰਭੂ ਦੇ ਦਰ ਤੇ) ਪਰਵਾਨ ਹੰੁਦੀ ਹੈ,
ਹਰਿ ਜੀਉ ਆਪਿ ਵਸੈ ਮਨਿ ਆਇ ॥੪॥
ਪ੍ਰਭੂ ਆਪ ਹੀ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ।੪।
ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥
(ਪਰ ਜੀਵ ਦੇ ਕੀਹ ਵੱਸ? ਜਿਸ ਮਨੁੱਖ ਉਤੇ) ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ
ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥
(ਗੁਰੂ ਦੀ ਸਹਾਇਤਾ ਨਾਲ) ਉਹ ਨਾਹ ਡੋਲਣ ਵਾਲੀ ਭਗਤੀ ਕਰਦਾ ਹੈ ਤੇ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ ।
ਭਗਤਿ ਰਤੇ ਤਿਨੑ ਸਚੀ ਸੋਇ ॥
ਜੇਹੜੇ ਮਨੁੱਖ (ਪਰਮਾਤਮਾ ਦੀ) ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ
ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥
ਹੇ ਨਾਨਕ! ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਇਆਂ ਨੂੰ ਆਤਮਕ ਆਨੰਦ ਮਿਲਦਾ ਹੈ ।੫।੧੨।੫੧।
ਆਸਾ ਘਰੁ ੮ ਕਾਫੀ ਮਹਲਾ ੩
ਆਸਾ। ਕਾਫੀ। ਤੀਜੀ ਪਾਤਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ! ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥
(ਹੇ ਭਾਈ!) ਪਰਮਾਤਮਾ ਦੀ ਰਜ਼ਾ ਅਨੁਸਾਰ ਗੁਰੂ ਮਿਲਦਾ ਹੈ (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਤੇ ਉਸ ਨੂੰ ਸਹੀ ਜੀਵਨ-ਜੁਗਤਿ ਦੀ) ਸਮਝ ਆ ਜਾਂਦੀ ਹੈ
ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥
ਜਿਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸਦਾ ਹੈ, ਉਹੀ ਮਨੁੱਖ ਪਰਮਾਤਮਾ ਨਾਲ ਸਾਂਝ ਪਾਂਦਾ ਹੈ ।੧।
ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥
(ਹੇ ਭਾਈ!) ਇਕ ਪਰਮਾਤਮਾ ਹੀ ਮੇਰਾ ਖਸਮ-ਰਾਖਾ ਹੈ ਤੇ ਮੈਨੂੰ ਸਭ ਦਾਤਾਂ ਦੇਣ ਵਾਲਾ ਹੈ, ਉਸ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ
ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥
ਪਰ ਗੁਰੂ ਦੀ ਮੇਹਰ ਨਾਲ ਹੀ ਉਹ ਮਨ ਵਿਚ ਵੱਸ ਸਕਦਾ ਹੈ (ਜਦੋਂ ਉਹ ਪ੍ਰਭੂ ਮਨ ਵਿਚ ਆ ਵੱਸਦਾ ਹੈ) ਤਦੋਂ ਸਦਾ ਲਈ ਆਨੰਦ ਬਣ ਜਾਂਦਾ ਹੈ ।੧।ਰਹਾਉ।
ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥
(ਹੇ ਭਾਈ!) ਇਸ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਹੈ ਜੋ (ਜਗਤ ਦੇ) ਸਾਰੇ ਡਰਾਂ ਤੋਂ ਬਚਾਉਣ ਵਾਲਾ ਹੈ, ਪਰ ਇਹ ਨਾਮ ਗੁਰੂ ਦੀ ਦੱਸੀ ਹੋਈ ਵਿਚਾਰ ਦੀ ਬਰਕਤਿ ਨਾਲ ਮਿਲਦਾ ਹੈ
ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥
ਪਰਮਾਤਮਾ ਦੇ ਨਾਮ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ®ੀ ਆਤਮਕ ਮੌਤ ਦੇ ਕਾਬੂ ਵਿਚ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਰਹਿੰਦੀ ਹੈ ਤੇ ਮੂਰਖ ਟਿਕੀ ਰਹਿੰਦੀ ਹੈ ।੨।
ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਚੱਲਦਾ ਹੈ ਉਹੀ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਉਹੀ ਉਸ ਸਦਾ-ਥਿਰ ਪ੍ਰਭੂ ਨੂੰ ਸਮਝਦਾ ਹੈ
ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥
ਪਰਮਾਤਮਾ ਦੀ ਰਜ਼ਾ ਵਿਚ ਤੁਰਿਆਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੋ ਸਕਦੀ ਹੈ । ਜੇ ਪਰਮਾਤਮਾ ਦੀ ਰਜ਼ਾ ਵਿਚ ਤੁਰੀਏ ਤਾਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।੩।
ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥
(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦੀ ਰਜ਼ਾ ਵਿਚ ਤੁਰ ਕੇ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲਿਆ ਉਸ ਦੀ ਅਕਲ ਵਧੀਆ ਬਣ ਗਈ ।
ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਤੂੰ ਭੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ । ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ।੪।੩੯।੧੩।੫੨।
ਆਸਾ ਮਹਲਾ ੪ ਘਰੁ ੨
ਆਸਾ ਚਉਥੀ ਪਾਤਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
(ਹੇ ਪ੍ਰਭੂ!) ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ (ਹੀ) ਮੇਰਾ ਖਸਮ ਹੈਂ
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥
ਹੇ ਪ੍ਰਭੂ! (ਜਗਤ ਵਿਚ) ਉਹੀ ਕੁਝ ਵਰਤ ਰਿਹਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ । (ਹੇ ਪ੍ਰਭੂ!) ਮੈਂ ਉਹੀ ਕੁਝ ਹਾਸਲ ਕਰ ਸਕਦਾ ਹਾਂ ਜੋ ਕੁਝ ਤੂੰ (ਮੈਨੂੰ) ਦੇਂਦਾ ਹੈਂ ।੧।ਰਹਾਉ।
ਸਭ ਤੇਰੀ ਤੂੰ ਸਭਨੀ ਧਿਆਇਆ ॥
(ਹੇ ਪ੍ਰਭੂ!) ਸਾਰੀ ਲੁਕਾਈ ਤੇਰੀ (ਰਚੀ ਹੋਈ) ਹੈ, ਸਭ ਜੀਵਾਂ ਨੇ (ਔਖੇ ਸੌਖੇ ਵੇਲੇ) ਤੈਨੂੰ ਹੀ ਸਿਮਰਿਆ ਹੈ ।
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਮਨੁੱਖ ਨੇ ਤੇਰਾ ਨਾਮ-ਰਤਨ ਲੱਭ ਲਿਆ
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
(ਪਰ) ਲੱਭਾ ਉਸ ਨੇ ਜੋ ਗੁਰੂ ਦੀ ਸਰਨ ਪਿਆ, ਤੇ ਗਵਾਇਆ ਉਸ ਨੇ ਜੋ ਆਪਣੇ ਮਨ ਦੇ ਪਿੱਛੇ ਤੁਰਿਆ
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
(ਜੀਵਾਂ ਦੇ ਭੀ ਕੀਹ ਵੱਸ? ਮਨਮੁਖ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਤੋਂ) ਵਿਛੋੜ ਰੱਖਿਆ ਹੈ ਤੇ (ਗੁਰਮੁਖਿ ਨੂੰ) ਤੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਿਆ ਹੋਇਆ ਹੈ ।੧।
ਤੂੰ ਦਰੀਆਉ ਸਭ ਤੁਝ ਹੀ ਮਾਹਿ ॥
(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ ਇਕ ਵੱਡਾ) ਦਰੀਆ ਹੈਂ, ਸਾਰੀ ਸ੍ਰਿਸ਼ਟੀ ਤੇਰੇ ਵਿਚ (ਜੀਊ ਰਹੀ) ਹੈ,
ਤੁਝ ਬਿਨੁ ਦੂਜਾ ਕੋਈ ਨਾਹਿ ॥
(ਤੂੰ ਆਪ ਹੀ ਆਪ ਹੈਂ) ਤੈਥੋਂ ਬਿਨਾ ਕੋਈ ਹੋਰ ਦੂਜੀ ਹਸਤੀ ਨਹੀਂ ਹੈ ।
ਜੀਅ ਜੰਤ ਸਭਿ ਤੇਰਾ ਖੇਲੁ ॥
(ਜਗਤ ਦੇ ਇਹ) ਸਾਰੇ ਜੀਅ ਜੰਤ ਤੇਰਾ (ਰਚਿਆ) ਤਮਾਸ਼ਾ ਹੈ
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
(ਤੇਰੀ ਹੀ ਧੁਰ ਦਰਗਾਹ ਤੋਂ ਮਿਲੇ) ਵਿਜੋਗ ਦੇ ਕਾਰਣ ਮਿਲਿਆ ਹੋਇਆ ਜੀਵ ਵਿਛੁੜ ਜਾਂਦਾ ਹੈ ਤੇ ਸੰਜੋਗ ਦੇ ਕਾਰਨ ਮੁੜ ਮਿਲਾਪ ਹਾਸਲ ਕਰ ਲੈਂਦਾ ਹੈ ।੨।
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਸਮਝ ਬਖ਼ਸ਼ਦਾ ਹੈਂ ਉਹੀ ਮਨੁੱਖ (ਜੀਵਨ-ਮਨੋਰਥ ਨੂੰ) ਸਮਝਦਾ ਹੈ
ਹਰਿ ਗੁਣ ਸਦ ਹੀ ਆਖਿ ਵਖਾਣੈ ॥
ਤੇ ਉਹ ਮਨੁੱਖ ਹਰਿ-ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਹੈ ।
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦੀ ਸੇਵਾ-ਭਗਤੀ ਕੀਤੀ ਉਸ ਨੇ ਆਤਮਕ ਆਨੰਦ ਮਾਣ ਲਿਆ;
ਸਹਜੇ ਹੀ ਹਰਿ ਨਾਮਿ ਸਮਾਇਆ ॥੩॥
ਉਹ ਮਨੁੱਖ (ਸਿਮਰਨ-ਭਗਤੀ ਦੇ ਕਾਰਨ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਵਿਚ ਲੀਨ ਹੋ ਗਿਆ ।੩।
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
(ਹੇ ਪ੍ਰਭੂ!) ਤੂੰ ਆਪ ਹੀ (ਜਗਤ ਦਾ) ਰਚਨ ਵਾਲਾ ਹੈਂ (ਜਗਤ ਵਿਚ) ਸਭ ਕੁਝ ਤੇਰਾ ਕੀਤਾ ਹੀ ਹੋ ਰਿਹਾ ਹੈ,
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੈਥੋਂ ਬਿਨਾ ਕੋਈ ਹੋਰ ਕੁਝ ਕਰਨ ਵਾਲਾ ਨਹੀਂ ਹੈ ।
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਤੂੰ ਆਪ ਹੀ (ਜਗਤ-ਰਚਨਾ) ਕਰ ਕਰ ਕੇ (ਸਭ ਦੀ) ਸੰਭਾਲ ਕਰਦਾ ਹੈਂ, ਤੂੰ ਆਪ ਹੀ ਇਸ ਸਾਰੇ (ਭੇਤ) ਨੂੰ ਜਾਣਦਾ ਹੈਂ
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥
ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਸਾਰੀ ਗੱਲ ਸਮਝ ਵਿਚ ਆ ਜਾਂਦੀ ਹੈ ।੪।੧।੫੩।