Sri Guru Granth Sahib Ji — Ang 364 (punjabi)
ਸੋ ਬੂਝੈ ਜਿਸੁ ਆਪਿ ਬੁਝਾਏ ॥
(ਇਸ ਭੇਤ ਨੂੰ) ਉਹ ਮਨੁੱਖ ਸਮਝਦਾ ਹੈ ਜਿਸ ਨੂੰ (ਪਰਮਾਤਮਾ) ਆਪ ਸਮਝਾਂਦਾ ਹੈ,
ਗੁਰ ਪਰਸਾਦੀ ਸੇਵ ਕਰਾਏ ॥੧॥
ਤੇ (ਉਸ ਪਾਸੋਂ) ਗੁਰੂ ਦੀ ਕਿਰਪਾ ਨਾਲ (ਆਪਣੀ) ਸੇਵਾ-ਭਗਤੀ ਕਰਾਂਦਾ ਹੈ ।੧।
ਗਿਆਨ ਰਤਨਿ ਸਭ ਸੋਝੀ ਹੋਇ ॥
(ਹੇ ਭਾਈ!) ਗੁਰੂ ਦੇ ਬਖ਼ਸ਼ੇ ਹੋਏ ਗਿਆਨ-ਰਤਨ ਦੀ ਬਰਕਤਿ ਨਾਲ (ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ) ਹਰੇਕ ਕਿਸਮ ਦੀ ਸਮਝ ਆ ਜਾਂਦੀ ਹੈ ।
ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦਾ) ਅਗਿਆਨ ਦੂਰ ਹੋ ਜਾਂਦਾ ਹੈ ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ (ਹਰ ਥਾਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ (ਹੀ) ਵੇਖਦਾ ਹੈ ।੧।ਰਹਾਉ।
ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮੋਹ ਅਤੇ ਅਹੰਕਾਰ ਸਾੜ ਦੇਂਦਾ ਹੈ,
ਪੂਰੇ ਗੁਰ ਤੇ ਸੋਝੀ ਪਾਏ ॥
ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਹੀ ਜੀਵਨ-ਜੁਗਤਿ) ਸਮਝ ਲੈਂਦਾ ਹੈ,
ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥
ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰ (ਵੱਸਦੇ ਪਰਮਾਤਮਾ ਦਾ) ਟਿਕਾਣਾ ਪਛਾਣ ਲੈਂਦਾ ਹੈ;
ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਅਡੋਲ-ਚਿੱਤ ਹੋ ਜਾਂਦਾ ਹੈ ।੨।
ਜੰਮਣੁ ਮਰਣਾ ਹੈ ਸੰਸਾਰੁ ॥
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜਗਤ ਜਨਮ ਮਰਨ (ਦਾ ਗੇੜ ਹੀ) ਹੈ ।
ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀ ਯਾਦ ਵਲੋਂ) ਗ਼ਾਫ਼ਿਲ ਰਹਿੰਦਾ ਹੈ, ਮਾਇਆ ਦਾ ਮੋਹ-ਰੂਪ ਘੁੱਪ ਹਨੇਰਾ (ਉਸ ਨੂੰ ਕੁਝ ਸੁੱਝਣ ਨਹੀਂ ਦੇਂਦਾ),
ਪਰ ਨਿੰਦਾ ਬਹੁ ਕੂੜੁ ਕਮਾਵੈ ॥
ਉਹ ਸਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ, ਉਹ ਨਿਰਾ ਝੂਠ-ਫ਼ਰੇਬ ਹੀ ਕਮਾਂਦਾ ਰਹਿੰਦਾ ਹੈ (ਪਰਾਈ ਨਿੰਦਾ ਕੂੜ-ਠੱਗੀ ਵਿਚ ਹੀ ਉਹ ਇਉਂ ਮਸਤ ਰਹਿੰਦਾ ਹੈ
ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥
ਜਿਵੇਂ ਗੰਦ ਦਾ ਕੀੜਾ ਗੰਦ ਵਿਚ ਹੀ ਟਿਕਿਆ ਰਹਿੰਦਾ ਹੈ (ਤੇ ਉਸ ਵਿਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ) ।੩।
ਸਤਸੰਗਤਿ ਮਿਲਿ ਸਭ ਸੋਝੀ ਪਾਏ ॥
ਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ,
ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥
ਜੇਹੜਾ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ) ਪਰਮਾਤਮਾ ਦੀ ਭਗਤੀ ਨੂੰ (ਆਪਣੇ ਅੰਦਰ) ਪੱਕੀ ਤਰ੍ਹਾਂ ਟਿਕਾਂਦਾ ਹੈ,
ਭਾਣਾ ਮੰਨੇ ਸਦਾ ਸੁਖੁ ਹੋਇ ॥
ਜੇਹੜਾ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ, ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,
ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥
ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੪।੧੦।੪੯।
ਆਸਾ ਮਹਲਾ ੩ ਪੰਚਪਦੇ ॥
ਆਸਾ ਤੀਜੀ ਪਾਤਸ਼ਾਹੀ ਪੰਚਪਦੇ।
ਸਬਦਿ ਮਰੈ ਤਿਸੁ ਸਦਾ ਅਨੰਦ ॥
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ
ਸਤਿਗੁਰ ਭੇਟੇ ਗੁਰ ਗੋਬਿੰਦ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ
ਨਾ ਫਿਰਿ ਮਰੈ ਨ ਆਵੈ ਜਾਇ ॥
ਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ ।
ਪੂਰੇ ਗੁਰ ਤੇ ਸਾਚਿ ਸਮਾਇ ॥੧॥
ਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ।੧।
ਜਿਨੑ ਕਉ ਨਾਮੁ ਲਿਖਿਆ ਧੁਰਿ ਲੇਖੁ ॥
(ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ,
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
ਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ।੧।ਰਹਾਉ।
ਜਿਨੑ ਕਉ ਹਰਿ ਪ੍ਰਭੁ ਲਏ ਮਿਲਾਇ ॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ
ਤਿਨੑ ਕੀ ਗਹਣ ਗਤਿ ਕਹੀ ਨ ਜਾਇ ॥
ਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ
ਪੂਰੈ ਸਤਿਗੁਰ ਦਿਤੀ ਵਡਿਆਈ ॥
ਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ
ਊਤਮ ਪਦਵੀ ਹਰਿ ਨਾਮਿ ਸਮਾਈ ॥੨॥
ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ ।੨।
ਜੋ ਕਿਛੁ ਕਰੇ ਸੁ ਆਪੇ ਆਪਿ ॥
ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ
ਏਕ ਘੜੀ ਮਹਿ ਥਾਪਿ ਉਥਾਪਿ ॥
ਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ’
ਕਹਿ ਕਹਿ ਕਹਣਾ ਆਖਿ ਸੁਣਾਏ ॥ ਜੇ ਸਉ ਘਾਲੇ ਥਾਇ ਨ ਪਾਏ ॥੩॥
ਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ) ਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ ।੩।
ਜਿਨੑ ਕੈ ਪੋਤੈ ਪੁੰਨੁ ਤਿਨੑਾ ਗੁਰੂ ਮਿਲਾਏ ॥
ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ,
ਸਚੁ ਬਾਣੀ ਗੁਰੁ ਸਬਦੁ ਸੁਣਾਏ ॥
ਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ ।
ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ।
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥
ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੪।
ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥
(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈ
ਜਿਸ ਨੋ ਬਖਸੇ ਸਾਚਾ ਸੋਇ ॥
(ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ,
ਪੂਰੈ ਸਬਦਿ ਮੰਨਿ ਵਸਾਏ ॥
ਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ
ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ ।੫।੧੧।੫੦।
ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।
ਨਿਰਤਿ ਕਰੇ ਬਹੁ ਵਾਜੇ ਵਜਾਏ ॥
ਜਿਤਨਾ ਚਿਰ ਮਨੁੱਖ ਦਾ) ਇਹ ਆਪਣਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਬੋਲਾ ਹੋਇਆ ਪਿਆ ਹੈ (ਉਹ ਜੇ ਭਗਤੀ ਵਜੋਂ) ਨਾਚ ਕਰਦਾ ਹੈ ਤੇ ਕਈ ਸਾਜ ਭੀ ਵਜਾਂਦਾ ਹੈ
ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥
ਤਾਂ ਭੀ ਉਹ ਕਿਸੇ ਨੂੰ ਭੀ ਆਖ ਕੇ ਨਹੀਂ ਸੁਣਾ ਰਿਹਾ (ਕਿਉਂਕਿ ਉਹ ਤਾਂ ਆਪ ਹੀ ਨਹੀਂ ਸੁਣ ਰਿਹਾ)
ਅੰਤਰਿ ਲੋਭੁ ਭਰਮੁ ਅਨਲ ਵਾਉ ॥
ਉਸ ਦੇ ਆਪਣੇ ਅੰਦਰ ਤਿ®ਸ਼ਨਾ-ਅੱਗ ਬਲ ਰਹੀ ਹੈ ਭਟਕਣਾ (ਦਾ) ਝੱਖੜ ਝੁੱਲ ਰਿਹਾ ਹੈ
ਦੀਵਾ ਬਲੈ ਨ ਸੋਝੀ ਪਾਇ ॥੧॥
(ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ, ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ।੧।
ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥
(ਹੇ ਭਾਈ!) ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਦੀ ਬਰਕਤਿ ਨਾਲ ਹਿਰਦੇ ਵਿਚ (ਆਤਮਕ ਗਿਆਨ ਦਾ) ਚਾਨਣ ਹੋ ਜਾਂਦਾ ਹੈ ।
ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
(ਇਸ ਭਗਤੀ ਨਾਲ ਮਨੁੱਖ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ (ਤੇ ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ।੧।ਰਹਾਉ।
ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥
ਗੁਰੂ ਦੇ ਸਨਮੁਖ ਰਹਿਣਾ ਹੀ ਨਾਚ ਹੈ (ਇਸ ਤਰ੍ਹਾਂ) ਪਰਮਾਤਮਾ ਨਾਲ ਪਿਆਰ ਬਣਦਾ ਹੈ
ਪੂਰੇ ਤਾਲ ਵਿਚਹੁ ਆਪੁ ਗਵਾਇ ॥
(ਇਸ ਤਰ੍ਹਾਂ ਮਨੁੱਖ ਆਪਣੇ) ਅੰਦਰੋਂ ਹਉਮੈ ਦੂਰ ਕਰਦਾ ਹੈ ਇਹੀ ਹੈ ਤਾਲ ਸਿਰ ਨਾਚ ਕਰਨਾ ।
ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥
(ਜੋ ਮਨੁੱਖ ਇਹ ਨਾਚ ਨੱਚਦਾ ਹੈ) ਸਦਾ-ਥਿਰ ਪ੍ਰਭੂ ਆਪ ਹੀ ਉਸ ਦਾ ਮਿੱਤਰ ਬਣ ਜਾਂਦਾ ਹੈ,
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥
ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਵੱਸਦਾ ਪ੍ਰਭੂ ਉਸ ਦਾ ਪਛਾਣੂ ਹੋ ਜਾਂਦਾ ਹੈ ।੨।
ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਭਗਤੀ ਨਾਲ ਮਨੁੱਖ ਦੇ ਅੰਦਰ ਪ੍ਰੀਤਿ ਪੈਦਾ ਹੰੁਦੀ ਹੈ ਪਿਆਰ ਪੈਦਾ ਹੰੁਦਾ ਹੈ
ਗੁਰ ਕਾ ਸਬਦੁ ਸਹਜਿ ਵੀਚਾਰੁ ॥
ਗੁਰੂ ਦਾ ਸ਼ਬਦ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਲੈ ਜਾਂਦਾ ਹੈ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਬਖ਼ਸ਼ਦਾ ਹੈ
ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥
ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਭਗਤੀ ਹੀ (ਸਹੀ) ਤਰੀਕਾ ਹੈ (ਜਿਸ ਨਾਲ) ਉਹ ਪਰਮਾਤਮਾ ਮਿਲਦਾ ਹੈ
ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥
ਵਿਖਾਵੇ ਦੀ ਭਗਤੀ ਦੇ ਨਾਚ ਦੀ ਰਾਹੀਂ ਦੁੱਖ ਹੰੁਦਾ ਹੈ ।੩।