Sri Guru Granth Sahib Ji — Ang 358 (punjabi)
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਆਸਾ ਘਰੁ ੩ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।
ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥
(ਹੇ ਭਾਈ!) ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ,
ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥
(ਹੇ ਭਾਈ!) ਜੇ ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ,
ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥
(ਤਾਂ ਭੀ ਕੀਹ ਹੋਇਆ) ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਵਿਅਰਥ ਗਏ ।੧।
ਹਰਿ ਕੇ ਨਾਮ ਬਿਨਾ ਜਗੁ ਧੰਧਾ ॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ (ਮਨੁੱਖ ਵਾਸਤੇ) ਉਲਝਣ ਹੀ ਉਲਝਣ ਬਣ ਜਾਂਦਾ ਹੈ ।
ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥
(ਇਸ ਉਲਝਣ ਵਿਚ ਜੀਵ ਇਤਨਾ ਫਸਦਾ ਹੈ ਕਿ) ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ) ।੧।ਰਹਾਉ।
ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥
ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ,
ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥
ਪਰ ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪਰਵਾਨ ਨਾਹ ਹੋਵੇ, ਤਾਂ (ਇਹਨਾਂ ਲੱਖਾਂ ਰੁਪਇਆਂ ਦੇ ਮਾਲਕ ਭੀ ਅੰਦਰੋਂ) ਦੁੱਖੀ ਹੀ ਰਹਿੰਦੇ ਹਨ ।੨।
ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥
ਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕੀਤੀ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ (ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ),
ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥
ਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ ।੩।
ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਪ੍ਰਭੂ ਦੇ ਦਰ ਤੇ) ਇੱਜ਼ਤ ਮਿਲਦੀ ਹੈ, ਤੇ ਕਰਤਾਰ (ਦਾ ਇਹ) ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ ।
ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥
ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪਰਮਾਤਮਾ ਦੀ ਮੇਹਰ ਨਾਲ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ।੪।੧।੩੧।
ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ ।
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।੧।
ਲੋਕਾ ਮਤ ਕੋ ਫਕੜਿ ਪਾਇ ॥
ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾE ।
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥
ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ । ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ) ।੧।ਰਹਾਉ।
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥
ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ ।
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥
ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ।੨।
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥
(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ ।
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥
ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ ।੩।
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥
ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ ।
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥
(ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ ।੪।੨।੩੨।
ਆਸਾ ਘਰੁ ੪ ਮਹਲਾ ੧
ਆਸਾ ਪਹਿਲੀ ਪਾਤਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥
ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ ।
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥
ਅਨੇਕਾਂ ਜੋਗੀ ਤੇ ਜਤੀ (ਆਪੋ ਆਪਣੀ) ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ ।੧।
ਤਉ ਕਾਰਣਿ ਸਾਹਿਬਾ ਰੰਗਿ ਰਤੇ ॥
ਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ ।
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥
ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ।੧।ਰਹਾਉ।
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥
(ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ) ਆਪਣੇ ਮਹਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ ਕੇ (ਜੰਗਲੀਂ) ਚਲੇ ਗੲ
ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥
ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ।੨।
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥
ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ ।
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥
ਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ (ਗ੍ਰਿਹਸਤ ਛੱਡ ਕੇ) ਫ਼ਕੀਰ ਹੋ ਗਏ ।੩।
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੑੀ ॥
ਕਿਸੇ ਨੇ (ਭੰਗ ਆਦਿਕ ਪਾਣ ਲਈ) ਚੰਮ ਦੀ ਝੋਲੀ ਲੈ ਲਈ, ਕਿਸੇ ਨੇ (ਘਰ ਘਰ ਮੰਗਣ ਲਈ) ਖੱਪਰ (ਹੱਥ ਵਿਚ) ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ ।
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥
ਪਰ ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਸਿਰਫ਼ ਤੇਰਾ ਸਾਂਗੀ ਹਾਂ (ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਰਹਿੰਦਾ ਹਾਂ) ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ ।੪।੧।੩੩।