Sri Guru Granth Sahib Ji — Ang 353 (punjabi)
ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥
ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ (ਜੋ ਉਸ ਦੇ ਵਾਸਤੇ, ਮਾਨੋ) ਨੌ ਖ਼ਜ਼ਾਨੇ ਹਨ (ਭਾਵ, ਧਰਤੀ ਦਾ ਸਾਰਾ ਹੀ ਧਨ-ਪਦਾਰਥ ਨਾਮ ਦੇ ਟਾਕਰੇ ਤੇ ਉਸ ਨੂੰ ਤੁੱਛ ਜਾਪਦਾ ਹੈ) ।੧।ਰਹਾਉ।
ਕਰਮ ਧਰਮ ਸਚੁ ਸਾਚਾ ਨਾਉ ॥
ਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ ।
ਤਾ ਕੈ ਸਦ ਬਲਿਹਾਰੈ ਜਾਉ ॥
ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ
ਜੋ ਹਰਿ ਰਾਤੇ ਸੇ ਜਨ ਪਰਵਾਣੁ ॥
ਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ,
ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥
ਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ ।੨।
ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥
ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ,
ਹਰਿ ਸਿਉ ਰਾਤੀ ਸਬਦੁ ਵੀਚਾਰੀ ॥
ਜੋ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰ (ਆਪਣੇ ਮਨ ਵਿਚ) ਵਿਚਾਰਦੀ ਹੈ ।
ਆਪਿ ਤਰੈ ਸੰਗਤਿ ਕੁਲ ਤਾਰੈ ॥
ਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ,
ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥
ਸਤਿਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਮਨੁੱਖਾ ਜਨਮ ਦਾ ਅਸਲ ਲਾਭ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦੀ ਹੈ ।੩।
ਹਮਰੀ ਜਾਤਿ ਪਤਿ ਸਚੁ ਨਾਉ ॥
ਹੇ ਪ੍ਰਭੂ! ਮੇਹਰ ਕਰ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੋਵੇ,
ਕਰਮ ਧਰਮ ਸੰਜਮੁ ਸਤ ਭਾਉ ॥
ਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੋਵੇ ।
ਨਾਨਕ ਬਖਸੇ ਪੂਛ ਨ ਹੋਇ ॥
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ (ਉਸ ਦਾ ਜਨਮਾਂ ਜਨਮਾਂਤਰਾਂ ਦਾ ਕਰਮਾਂ ਦਾ ਲੇਖਾ ਨਿਬੜ ਜਾਂਦਾ ਹੈ) ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ,
ਦੂਜਾ ਮੇਟੇ ਏਕੋ ਸੋਇ ॥੪॥੧੪॥
ਉਸ ਨੂੰ (ਹਰ ਪਾਸੇ) ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ ।੪।੧੪।
ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।
ਇਕਿ ਆਵਹਿ ਇਕਿ ਜਾਵਹਿ ਆਈ ॥
ਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ ।
ਇਕਿ ਹਰਿ ਰਾਤੇ ਰਹਹਿ ਸਮਾਈ ॥
ਪਰ ਇਕ (ਸੁਭਾਗੇ ਐਸੇ) ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ ।
ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥
ਅਨੇਕਾਂ ਜੀਵਾਂ ਨੂੰ ਸਾਰੀ ਸ੍ਰਿਸ਼ਟੀ ਵਿਚ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ
ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥
ਜੇਹੜੇ ਬੰਦੇ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਹਨ ਉਹ ਅਭਾਗੇ ਹਨ
ਗੁਰ ਪੂਰੇ ਤੇ ਗਤਿ ਮਿਤਿ ਪਾਈ ॥
ਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ
ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥
ਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ (ਤੇ ਉੱਚਾ ਆਤਮਕ ਜੀਵਨ ਬਖ਼ਸ਼ ਕੇ) ਇਸ ਵਿਚੋਂ ਪਾਰ ਲੰਘਾਂਦਾ ਹੈ ।੧।ਰਹਾਉ।
ਜਿਨੑ ਕਉ ਆਪਿ ਲਏ ਪ੍ਰਭੁ ਮੇਲਿ ॥
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ,
ਤਿਨ ਕਉ ਕਾਲੁ ਨ ਸਾਕੈ ਪੇਲਿ ॥
ਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ,
ਗੁਰਮੁਖਿ ਨਿਰਮਲ ਰਹਹਿ ਪਿਆਰੇ ॥
ਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ
ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥
ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ ।੨।
ਬੁਰਾ ਭਲਾ ਕਹੁ ਕਿਸ ਨੋ ਕਹੀਐ ॥
ਪਰ ਨਾਹ ਕਿਸੇ ਨੂੰ ਮਾੜਾ ਤੇ ਨਾਹ ਕਿਸੇ ਨੂੰ ਚੰਗਾ ਕਿਹਾ ਜਾ ਸਕਦਾ ਹੈ
ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥
ਕਿਉਂਕਿ ਹਰੇਕ ਵਿਚ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ । ਹਾਂ, ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ਗੁਰੂ ਦੇ ਸਨਮੁਖ ਹੋਇਆਂ ਹੀ ।
ਅਕਥੁ ਕਥਉ ਗੁਰਮਤਿ ਵੀਚਾਰੁ ॥
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ
ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥
ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ ।੩।
ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥
ਇਹੀ ਹੈ ਵੇਦਾਂ ਸ਼ਾਸਤ®ਾਂ ਸਿਮ੍ਰਿਤੀਆਂ ਦੇ ਵਖ ਵਖ ਵਿਚਾਰ ਵਿਚਾਰਨੇ,
ਅਠਸਠਿ ਮਜਨੁ ਹਰਿ ਰਸੁ ਰੇਦ ॥
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਨੰਦ ਹਿਰਦੇ ਵਿਚ ਮਾਣੋ—ਇਹੀ ਹੈ ਅਠਾਹਠ ਤੀਰਥਾਂ ਦਾ ਇਸ਼ਨਾਨ
ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥
ਗੁਰੂ ਦੇ ਸਨਮੁਖ ਰਹਿ ਕੇ (ਨਾਮ ਦਾ ਆਨੰਦ ਲਿਆਂ) ਜੀਵਨ ਪਵਿਤ® ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ
ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥
ਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ ।੪।੧੫।
ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ
ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥
(ਗੁਰੂ ਦੀ ਸਹਾਇਤਾ ਨਾਲ) ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ, ਉਸ ਦੀਆਂ ਸਿਫ਼ਤਾਂ ਨੂੰ ਵਿਚਾਰ ਰਿਹਾ ਹਾਂ ।੧।
ਬੋਲਹੁ ਰਾਮੁ ਕਰੇ ਨਿਸਤਾਰਾ ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।
ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥
ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ।੧।ਰਹਾਉ।
ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥
(ਜੇਹੜਾ ਮਨੁੱਖ ਸਿਮਰਨ ਤਾਂ ਨਹੀਂ ਕਰਦਾ, ਪਰ) ਨਿਰੀਆਂ ਜ਼ਬਾਨੀ ਜ਼ਬਾਨੀ (ਬ੍ਰਹਮ-ਗਿਆਨ ਦੀਆਂ) ਗੱਲਾਂ ਕਰਦਾ ਹੈ, ਉਸ ਦੇ (ਮਾਇਆ ਵਾਲੇ) ਬੰਧਨ ਟੁੱਟਦੇ ਨਹੀਂ ਹਨ, ਉਹ ਹਉਮੈ ਵਿਚ ਹੀ ਫਸਿਆ ਰਹਿੰਦਾ ਹੈ (ਭਾਵ, ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ—ਇਸੇ ਘੁੰਮਣਘੇਰੀ ਵਿਚ ਰਹਿੰਦਾ ਹੈ), ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ
ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥
ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ।੨।
ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥
ਜੇਹੜਾ ਮਨੁੱਖ ਹਰੀ-ਨਾਮ ਸਿਮਰਦਾ ਹੈ, ਪਿਆਰੇ ਦੀ ਭਗਤੀ ਕਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ
ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥
ਉਸ ਮਨੁੱਖ ਨੂੰ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਜਗਤ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਸੇ੍ਰਸ਼ਟ ਮਤਿ ਦੇਣ ਵਾਲਾ ਪ੍ਰਭੂ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੩।
ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥
ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ (ਭਾਵ, ਹਉਮੈ ਨੂੰ ਮੁਕਾ ਲੈਂਦਾ ਹੈ), ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀ (ਪ੍ਰਭੂ ਦੀ ਯਾਦ ਵਿਚ) ਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ
ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥
ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹਿੰਦਾ ਹੈ ।੪।੧੬।
ਆਸਾ ਮਹਲਾ ੧ ॥
ਰਾਗ ਆਸਾ ਪਹਿਲੀ ਪਾਤਸ਼ਾਹੀ।
ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥
ਜੋ ਮਨੁੱਖ (‘ਗਹਿਰ ਗੰਭੀਰ’ ਨੂੰ ਸਿਮਰ ਕੇ) ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ
ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥
ਜੋ ਮਨੁੱਖ (‘ਗਹਿਰ ਗੰਭੀਰ’ ਦੀਆਂ ਸਿਫ਼ਤਾਂ) ਪੜ੍ਹ ਕੇ ਵਿਚਾਰ ਕੇ (ਜੀਵਨ-ਭੇਤ ਨੂੰ) ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ (ਹੋਛਾ-ਪਨ ਤਿਆਗ ਕੇ) ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ।੧।