Sri Guru Granth Sahib Ji — Ang 345 (punjabi)
ਜਬ ਲਗੁ ਘਟ ਮਹਿ ਦੂਜੀ ਆਨ ॥
(ਪਰ) ਜਦੋਂ ਤਕ ਮਨੁੱਖ ਦੇ ਮਨ ਵਿਚ ਦੁਨੀਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ,
ਤਉ ਲਉ ਮਹਲਿ ਨ ਲਾਭੈ ਜਾਨ ॥
ਤਦ ਤਕ ਉਹ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ
ਰਮਤ ਰਾਮ ਸਿਉ ਲਾਗੋ ਰੰਗੁ ॥
ਕਬੀਰ ਆਖਦਾ ਹੈ—ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ
ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥
ਅਤੇ ਤਦੋਂ ਸਰੀਰ ਪਵਿੱਤਰ ਹੋ ਜਾਂਦਾ ਹੈ ।੮।੧।
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ
ਰਾਗ ਗਉੜੀ ਚੇਤੀ ਬਾਣੀ ਨਾਮ ਦੇਵ ਜੀ ਦੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਉਹ ਸ¤ਚੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
ਦੇਵਾ ਪਾਹਨ ਤਾਰੀਅਲੇ ॥
ਹੇ ਪ੍ਰਭੂ! (ਉਹ) ਪੱਥਰ (ਭੀ ਸਮੁੰਦਰ ਉੱਤੇ) ਤੂੰ ਤਰਾ ਦਿੱਤੇ (ਜਿਨ੍ਹਾਂ ਉੱਤੇ ਤੇਰਾ ‘ਰਾਮ’ ਨਾਮ ਲਿਖਿਆ ਗਿਆ ਸੀ;
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥
ਭਲਾ) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਕਿਉਂ ਨਹੀਂ ਤਰਨਗੇ, ਜੋ ਤੇਰਾ ਨਾਮ ਸਿਮਰਦੇ ਹਨ? ।ਰਹਾਉ।
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
ਹੇ ਪ੍ਰਭੂ! ਤੂੰ (ਮੰਦ-ਕਰਮਣ) ਵੇਸਵਾ (ਵਿਕਾਰਾਂ ਤੋਂ) ਬਚਾ ਲਈ, ਤੂੰ ਕੁਰੂਪ ਕੁਬਿਜਾ ਦਾ ਕੋਝ ਦੂਰ ਕੀਤਾ, ਤੂੰ ਵਿਕਾਰਾਂ ਵਿਚ ਗਲੇ ਹੋਏ ਅਜਾਮਲ ਨੂੰ ਤਾਰ ਦਿੱਤਾ,
ਚਰਨ ਬਧਿਕ ਜਨ ਤੇਊ ਮੁਕਤਿ ਭਏ ॥
(ਕਿ®ਸ਼ਨ ਜੀ ਦੇ) ਪੈਰਾਂ ਵਿਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ (ਅਤੇ) ਅਜਿਹੇ ਕਈ (ਵਿਕਾਰੀ) ਬੰਦੇ (ਤੇਰੀ ਮਿਹਰ ਨਾਲ) ਮੁਕਤ ਹੋ ਗਏ
ਹਉ ਬਲਿ ਬਲਿ ਜਿਨ ਰਾਮ ਕਹੇ ॥੧॥
ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ।੧।
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥
ਹੇ ਪ੍ਰਭੂ! ਗੋੱਲੀ ਦਾ ਪੁੱਤਰ ਬਿਦਰ ਤੇਰਾ ਭਗਤ (ਪ੍ਰਸਿੱਧ ਹੋਇਆ); ਸੁਦਾਮਾ (ਇਸ ਦਾ ਤੂੰ ਦਲਿੱਦਰ ਕੱਟਿਆ), ਉਗਰਸੈਨ ਨੂੰ ਤੂੰ ਰਾਜ ਦਿੱਤਾ ।
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥
ਹੇ ਨਾਮਦੇਵ ਦੇ ਸੁਆਮੀ! ਤੇਰੀ ਕਿਰਪਾ ਨਾਲ ਉਹ ਉਹ ਤਰ ਗਏ ਹਨ ਜਿਨ੍ਹਾਂ ਕੋਈ ਜਪ ਨਹੀਂ ਕੀਤੇ, ਕੋਈ ਤਪ ਨਹੀਂ ਸਾਧੇ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ, ਕੋਈ ਚੰਗੇ ਅਮਲ ਨਹੀਂ ਸਨ ।੨।੧।
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ
ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ। ਰਾਗ ਗਉੜੀ।
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥
(ਹੇ ਪ੍ਰਭੂ!) ਦਿਨ ਰਾਤ ਮੈਨੂੰ ਇਹ ਸੋਚ ਰਹਿੰਦੀ ਹੈ (ਮੇਰਾ ਕੀਹ ਬਣੇਗਾ?) ਮਾੜਿਆਂ ਨਾਲ ਮੇਰਾ ਬਹਿਣ-ਖਲੋਣ ਹੈ,
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥
ਖੋਟ ਮੇਰਾ (ਨਿੱਤ-ਕਰਮ) ਹੈ; ਮੇਰਾ ਜਨਮ (ਭੀ) ਨੀਵੀਂ ਜਾਤਿ ਵਿਚੋਂ ਹੈ ।੧।
ਰਾਮ ਗੁਸਈਆ ਜੀਅ ਕੇ ਜੀਵਨਾ ॥
ਹੇ ਮੇਰੇ ਰਾਮ! ਹੇ ਮੇਰੇ ਰਾਮ! ਹੇ ਧਰਤੀ ਦੇ ਸਾਈਂ! ਹੇ ਮੇਰੀ ਜਿੰਦ ਦੇ ਆਸਰੇ!
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥
ਮੈਨੂੰ ਨਾਹ ਵਿਸਾਰੀਂ, ਮੈਂ ਤੇਰਾ ਦਾਸ ਹਾਂ ।੧।ਰਹਾਉ।
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥
(ਹੇ ਪ੍ਰਭੂ! ਮੇਰੀ ਇਹ ਬਿਪਤਾ ਕੱਟ; ਮੈਨੂੰ ਸੇਵਕ ਨੂੰ ਚੰਗੀ ਭਾਵਨਾ ਵਾਲਾ ਬਣਾ ਲੈ;
ਚਰਣ ਨ ਛਾਡਉ ਸਰੀਰ ਕਲ ਜਾਈ ॥੨॥
ਚਾਹੇ ਮੇਰੇ ਸਰੀਰ ਦੀ ਸੱਤਿਆ ਭੀ ਚਲੀ ਜਾਵੇ, (ਹੇ ਰਾਮ!) ਮੈਂ ਤੇਰੇ ਚਰਨ ਨਹੀਂ ਛੱਡਾਂਗਾ ।੨।
ਕਹੁ ਰਵਿਦਾਸ ਪਰਉ ਤੇਰੀ ਸਾਭਾ ॥
ਹੇ ਰਵਿਦਾਸ! (ਪ੍ਰਭੂ-ਦਰ ਤੇ) ਆਖ—(ਹੇ ਪ੍ਰਭੂ!) ਮੈਂ ਤੇਰੀ ਸ਼ਰਨ ਪਿਆ ਹਾਂ,
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥
ਮੈਨੂੰ ਸੇਵਕ ਨੂੰ ਛੇਤੀ ਮਿਲੋ, ਢਿੱਲ ਨਾਹ ਕਰ ।੩।੧।
ਬੇਗਮ ਪੁਰਾ ਸਹਰ ਕੋ ਨਾਉ ॥
(ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿਚ ਮੈਂ ਵੱਸਦਾ ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿਚ ਕੋਈ ਗ਼ਮ ਨਹੀਂ ਪੋਹ ਸਕਦਾ);
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਉਸ ਥਾਂ ਨਾਹ ਕੋਈ ਦੁੱਖ ਹੈ, ਨਾਹ ਚਿੰਤਾ
ਨਾਂ ਤਸਵੀਸ ਖਿਰਾਜੁ ਨ ਮਾਲੁ ॥
ਨਾਹ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ ਨਾਹ ਹੀ ਉਸ ਜਾਇਦਾਦ ਨੂੰ ਮਸੂਲ ਹੈ;
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥
ਉਸ ਅਵਸਥਾ ਵਿਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ ਨਹੀਂ; ਕੋਈ ਗਿਰਾਵਟ ਨਹੀਂ ।੧।
ਅਬ ਮੋਹਿ ਖੂਬ ਵਤਨ ਗਹ ਪਾਈ ॥
ਹੇ ਮੇਰੇ ਵੀਰ! ਹੁਣ ਮੈਂ ਵੱਸਣ ਲਈ ਸੋਹਣੀ ਥਾਂ ਲੱਭ ਲਈ ਹੈ,
ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥
ਉਥੇ ਸਦਾ ਸੁਖ ਹੀ ਸੁਖ ਹੈ ।੧।ਰਹਾਉ।
ਕਾਇਮੁ ਦਾਇਮੁ ਸਦਾ ਪਾਤਿਸਾਹੀ ॥
ਉਹ (ਆਤਮਕ ਅਵਸਥਾ ਇਕ ਐਸੀ) ਪਾਤਸ਼ਾਹੀ (ਹੈ ਜੋ) ਸਦਾ ਹੀ ਟਿਕੀ ਰਹਿਣ ਵਾਲੀ ਹੈ,
ਦੋਮ ਨ ਸੇਮ ਏਕ ਸੋ ਆਹੀ ॥
ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਹਨ;
ਆਬਾਦਾਨੁ ਸਦਾ ਮਸਹੂਰ ॥
ਉਹ ਸ਼ਹਿਰ ਸਦਾ ਉੱਘਾ ਹੈ ਤੇ ਵੱਸਦਾ ਹੈ,
ਊਹਾਂ ਗਨੀ ਬਸਹਿ ਮਾਮੂਰ ॥੨॥
ਉਥੇ ਧਨੀ ਤੇ ਰੱਜੇ ਹੋਏ ਬੰਦੇ ਵੱਸਦੇ ਹਨ (ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ) ।੨।
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥
(ਉਸ ਆਤਮਕ ਸ਼ਹਿਰ ਵਿਚ ਅੱਪੜੇ ਹੋਏ ਬੰਦੇ ਉਸ ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ;
ਮਹਰਮ ਮਹਲ ਨ ਕੋ ਅਟਕਾਵੈ ॥
ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ (ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ ।
ਕਹਿ ਰਵਿਦਾਸ ਖਲਾਸ ਚਮਾਰਾ ॥
ਚਮਿਆਰ ਰਵਿਦਾਸ ਜਿਸ ਨੇ (ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਖ਼ਲਾਸੀ ਪਾ ਲਈ ਹੈ ਆਖਦਾ ਹੈ—
ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥
ਅਸਾਡਾ ਮਿੱਤਰ ਉਹ ਹੈ ਜੋ ਅਸਾਡਾ ਸਤਸੰਗੀ ਹੈ ।੩।੨।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਗਉੜੀ ਬੈਰਾਗਣਿ ਰਵਿਦਾਸ ਜੀਉ ॥
ਗਉੜੀ ਬੈਰਾਗਣਿ ਰਵੀਦਾਸ ਜੀ।
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥
(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ;
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥
ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ—ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ ।੧।
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ) ।੧।ਰਹਾਉ।