Sri Guru Granth Sahib Ji — Ang 325 (punjabi)
ਗਉੜੀ ਕਬੀਰ ਜੀ ॥
gauVI kbIr jI[
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
ਰਾਜਾ ਰੰਕੁ ਦੋਊ ਮਿਲਿ ਰੋਈ ਹੈ ॥੧॥
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ।੧।
ਜਉ ਪੈ ਰਸਨਾ ਰਾਮੁ ਨ ਕਹਿਬੋ ॥
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
ਉਪਜਤ ਬਿਨਸਤ ਰੋਵਤ ਰਹਿਬੋ ॥੧॥ ਰਹਾਉ ॥
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ।੧।ਰਹਾਉ।
ਜਸ ਦੇਖੀਐ ਤਰਵਰ ਕੀ ਛਾਇਆ ॥
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
ਪ੍ਰਾਨ ਗਏ ਕਹੁ ਕਾ ਕੀ ਮਾਇਆ ॥੨॥
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ।੨।
ਜਸ ਜੰਤੀ ਮਹਿ ਜੀਉ ਸਮਾਨਾ ॥
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ,
ਮੂਏ ਮਰਮੁ ਕੋ ਕਾ ਕਰ ਜਾਨਾ ॥੩॥
ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ।੩।
ਹੰਸਾ ਸਰਵਰੁ ਕਾਲੁ ਸਰੀਰ ॥
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ ।
ਰਾਮ ਰਸਾਇਨ ਪੀਉ ਰੇ ਕਬੀਰ ॥੪॥੮॥
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ।੪।੮।
ਗਉੜੀ ਕਬੀਰ ਜੀ ॥
gauVI kbIr jI[
ਜੋਤਿ ਕੀ ਜਾਤਿ ਜਾਤਿ ਕੀ ਜੋਤੀ ॥
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ;
ਤਿਤੁ ਲਾਗੇ ਕੰਚੂਆ ਫਲ ਮੋਤੀ ॥੧॥
ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ।੧।
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
ਭਉ ਭਜਿ ਜਾਇ ਅਭੈ ਹੋਇ ਰਹੀਐ ॥੧॥ ਰਹਾਉ ॥
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ।੧।ਰਹਾਉ।
ਤਟਿ ਤੀਰਥਿ ਨਹੀ ਮਨੁ ਪਤੀਆਇ ॥
ਕਿਸੇ (ਪਵਿਤ® ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
ਚਾਰ ਅਚਾਰ ਰਹੇ ਉਰਝਾਇ ॥੨॥
Eਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ।੨।
ਪਾਪ ਪੁੰਨ ਦੁਇ ਏਕ ਸਮਾਨ ॥
(ਪਰ) ਪਾਪ ਅਤੇ ਪੰੁਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ),
ਨਿਜ ਘਰਿ ਪਾਰਸੁ ਤਜਹੁ ਗੁਨ ਆਨ ॥੩॥
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੰੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ।੩।
ਕਬੀਰ ਨਿਰਗੁਣ ਨਾਮ ਨ ਰੋਸੁ ॥
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
ਇਸੁ ਪਰਚਾਇ ਪਰਚਿ ਰਹੁ ਏਸੁ ॥੪॥੯॥
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ।੪।੯।
ਗਉੜੀ ਕਬੀਰ ਜੀ ॥
gauVI kbIr jI[
ਜੋ ਜਨ ਪਰਮਿਤਿ ਪਰਮਨੁ ਜਾਨਾ ॥
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
ਬਾਤਨ ਹੀ ਬੈਕੁੰਠ ਸਮਾਨਾ ॥੧॥
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੰੁੰਠ ਅਸਲ ਵਿਚ ਡਿੱਠਾ ਨਹੀਂ ਹੈ) ।੧।
ਨਾ ਜਾਨਾ ਬੈਕੁੰਠ ਕਹਾ ਹੀ ॥
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥੧॥ ਰਹਾਉ ॥
ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ।੧।ਰਾਹਉ।
ਕਹਨ ਕਹਾਵਨ ਨਹ ਪਤੀਅਈ ਹੈ ॥
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ;
ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ॥੨॥
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ।੨।
ਜਬ ਲਗੁ ਮਨਿ ਬੈਕੁੰਠ ਕੀ ਆਸ ॥
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥੩॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ।੩।
ਕਹੁ ਕਬੀਰ ਇਹ ਕਹੀਐ ਕਾਹਿ ॥
ਹੇ ਕਬੀਰ! ਆਖ—ਇਹ ਗੱਲ ਕਿਵੇਂ ਸਮਝਾ ਕੇ ਦੱਸੀਏ (ਭਾਵ, ਇਹ ਗੱਲ ਪਰਤੱਖ ਹੀ ਹੈ)
ਸਾਧਸੰਗਤਿ ਬੈਕੁੰਠੈ ਆਹਿ ॥੪॥੧੦॥
ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ।੪।੧੦।
ਗਉੜੀ ਕਬੀਰ ਜੀ ॥
gauVI kbIr jI[
ਉਪਜੈ ਨਿਪਜੈ ਨਿਪਜਿ ਸਮਾਈ ॥
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ ।
ਨੈਨਹ ਦੇਖਤ ਇਹੁ ਜਗੁ ਜਾਈ ॥੧॥
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ।੧।
ਲਾਜ ਨ ਮਰਹੁ ਕਹਹੁ ਘਰੁ ਮੇਰਾ ॥
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
ਅੰਤ ਕੀ ਬਾਰ ਨਹੀ ਕਛੁ ਤੇਰਾ ॥੧॥ ਰਹਾਉ ॥
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ।੧।ਰਹਾਉ।
ਅਨਿਕ ਜਤਨ ਕਰਿ ਕਾਇਆ ਪਾਲੀ ॥
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ।੨।
ਚੋਆ ਚੰਦਨੁ ਮਰਦਨ ਅੰਗਾ ॥
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
ਸੋ ਤਨੁ ਜਲੈ ਕਾਠ ਕੈ ਸੰਗਾ ॥੩॥
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ।੩।
ਕਹੁ ਕਬੀਰ ਸੁਨਹੁ ਰੇ ਗੁਨੀਆ ॥
ਹੇ ਕਬੀਰ! ਆਖ—ਹੇ ਵਿਚਾਰਨ ਮਨੁੱਖ! ਚੇਤੇ ਰੱਖ;
ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ॥੪॥੧੧॥
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ।੪।੧੧।
ਗਉੜੀ ਕਬੀਰ ਜੀ ॥
gauVI kbIr jI[
ਅਵਰ ਮੂਏ ਕਿਆ ਸੋਗੁ ਕਰੀਜੈ ॥
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
ਤਉ ਕੀਜੈ ਜਉ ਆਪਨ ਜੀਜੈ ॥੧॥
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ।੧।
ਮੈ ਨ ਮਰਉ ਮਰਿਬੋ ਸੰਸਾਰਾ ॥
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ । ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ ।
ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ॥੧॥ ਰਹਾਉ ॥
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ।੧।ਰਹਾਉ।
ਇਆ ਦੇਹੀ ਪਰਮਲ ਮਹਕੰਦਾ ॥
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
ਤਾ ਸੁਖ ਬਿਸਰੇ ਪਰਮਾਨੰਦਾ ॥੨॥
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ।੨।
ਕੂਅਟਾ ਏਕੁ ਪੰਚ ਪਨਿਹਾਰੀ ॥
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,
ਟੂਟੀ ਲਾਜੁ ਭਰੈ ਮਤਿ ਹਾਰੀ ॥੩॥
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦਿ®ਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ।੩।
ਕਹੁ ਕਬੀਰ ਇਕ ਬੁਧਿ ਬੀਚਾਰੀ ॥
ਹੇ ਕਬੀਰ! ਆਖ—(ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
ਨਾ ਓਹੁ ਕੂਅਟਾ ਨਾ ਪਨਿਹਾਰੀ ॥੪॥੧੨॥
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ।੪।੧੨।
ਗਉੜੀ ਕਬੀਰ ਜੀ ॥
gauVI kbIr jI[
ਅਸਥਾਵਰ ਜੰਗਮ ਕੀਟ ਪਤੰਗਾ ॥
ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਆਦਿਕ, ਤੁਰਨ ਵਾਲੇ ਪਸ਼ੂ-ਪੰਛੀ, ਕੀੜੇ-ਪਤੰਗੇ
ਅਨਿਕ ਜਨਮ ਕੀਏ ਬਹੁ ਰੰਗਾ ॥੧॥
ਅਸੀ (ਹੁਣ ਤਕ) ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ।੧।