Sri Guru Granth Sahib Ji — Ang 319 (punjabi)
ਮਃ ੫ ॥
ਪੰਜਵੀਂ ਪਾਤਸ਼ਾਹੀ।
ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥
ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ ।
ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥
(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ—(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ।੨।
ਪਉੜੀ ॥
pauVI[
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥
ਸਿਮ੍ਰਿਤੀਆਂ ਸ਼ਾਸਤ® ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ) ।
ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ ॥
(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ ।
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥
ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ—ਏਹੀ ਰਤਨਾਂ ਦੀ ਖਾਣ ਹੈ (‘ਨਾਮ’ ਸਿਮਰਨ ਵਿਚ ਹੀ ਸਾਰੇ ਗੁਣ ਹਨ)
ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ ॥
ਪਰ Eਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ
ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥
(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ।੪।
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥
ਜਿਸ ਮਨੁੱਖ ਦੇ ਮਨ ਵਿਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ; ਵੇਖਣ ਨੂੰ ਭਾਵੇਂ ਉਹ ਸੁਖੀ ਜਾਪਦਾ ਹੋਵੇ ।
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੋ ਦੁਖੁ ॥੧॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦਾ ਭੀ ਦੁੱਖ ਦੂਰ ਨਹੀਂ ਹੁੰਦਾ ।੧।
ਮਃ ੫ ॥
ਪੰਜਵੀਂ ਪਾਤਸ਼ਾਹੀ।
ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥
ਉਹਨਾਂ (ਜੀਵ-) ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ (ਜਾਣੋ) ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ,
ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥੨॥
ਪਰ ਹੇ ਨਾਨਕ! ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨੂੰ ਪਛਾਣ ਲਿਆ ਹੈ ।੨।
ਪਉੜੀ ॥
pauVI[
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥
ਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ,
ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥
(ਕਿਉਂਕਿ) ਉਹ ਗੁਰਮੁਖ ਬੰਦੇ (Eਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ ।
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥
ਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ—ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ,
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥
ਭਗਤਾਂ ਨੂੰ ਪਿਆਰ ਕਰਨਾ—ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ ।
ਨਾਨਕੁ ਜਾਚੈ ਏਕੁ ਨਾਮੁ ਮਨਿ ਤਨਿ ਭਾਵੰਦਾ ॥੫॥
ਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ ।੫।
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥
ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ,
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥੧॥
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ।੧।
ਮਃ ੫ ॥
ਪੰਜਵੀਂ ਪਾਤਸ਼ਾਹੀ।
ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥
ਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ ।
ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥
ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ।੨।
ਪਉੜੀ ॥
pauVI[
ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥
ਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ
ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥
(ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ ।
ਮਨ ਤਨ ਭੀਤਰਿ ਮਉਲਿਆ ਹਰਿ ਰੰਗਿ ਜਨੁ ਰਾਤਾ ॥
(ਜਿਸ ਭਾਗਾਂ ਵਾਲੇ ਨੂੰ ਇਹ ‘ਨਾਮ’-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ,
ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥
(ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ ।
ਨਾਨਕ ਸੋਈ ਜੀਵਿਆ ਜਿਨਿ ਇਕੁ ਪਛਾਤਾ ॥੬॥
ਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ ।੬।
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥
(ਅੱਕ ਦੀਆਂ) ਕੱਕੜੀਆਂ (ਤਦ ਤਕ) ਮੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ,
ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥
ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ।੧।
ਮਃ ੫ ॥
ਪੰਜਵੀਂ ਪਾਤਸ਼ਾਹੀ।
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥
ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ ।
ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥੨॥
ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ।੨।
ਪਉੜੀ ॥
pauVI[
ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥
ਇਕ ਪਰਮਾਤਮਾ ਹੀ ਸੁਖਾਂ ਦਾ ਖ਼ਜ਼ਾਨਾ ਹੈ ਜੋ (ਪਰਮਾਤਮਾ) ਅਬਿਨਾਸ਼ੀ ਸੁਣੀਦਾ ਹੈ ।
ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥
ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਤੇ (ਉਹ ਪ੍ਰਭੂ) ਮੌਜੂਦ ਹੈ, ਹਰੇਕ ਸਰੀਰ ਵਿਚ ਉਹ ਪ੍ਰਭੂ (ਵੱਸਦਾ) ਕਿਹਾ ਜਾਂਦਾ ਹੈ,
ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥
ਉੱਚੇ ਨੀਵੇਂ ਸਾਰੇ ਜੀਵਾਂ ਵਿਚ ਇਕੋ ਜਿਹਾ ਵਰਤ ਰਿਹਾ ਹੈ । ਕੀੜੇ (ਤੋਂ ਲੈ ਕੇ) ਹਾਥੀ (ਤਕ, ਸਾਰੇ ਉਸ ਪ੍ਰਭੂ ਤੋਂ ਹੀ) ਬਣੇ ਹਨ ।
ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥
(ਸਾਰੇ) ਮਿੱਤਰ, ਸਾਥੀ, ਪੁੱਤਰ ਸਨਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ ।
ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥
ਜਿਸ ਜੀਵ ਨੂੰ (ਗੁਰੂ) ਨਾਨਕ ਤüੁੱਠ ਕੇ ‘ਨਾਮ’ ਦੇਂਦਾ ਹੈ ਉਸ ਨੇ ਹੀ ਹਰਿ-ਨਾਮ ਦਾ ਰੰਗ ਮਾਣਿਆ ਹੈ ।੭।
ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਸ਼ਾਹੀ।
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥
ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ;
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥੧॥
ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ।੨।
ਮਃ ੫ ॥
ਪੰਜਵੀਂ ਪਾਤਸ਼ਾਹੀ।
ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥
ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ,
ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥
ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ? ।੨।