Sri Guru Granth Sahib Ji — Ang 310 (punjabi)
ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥
ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ ।੧੬।
ਸਲੋਕ ਮਃ ੪ ॥
ਸਲੋਕ ਚੋਥੀ ਪਾਤਸ਼ਾਹੀ।
ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ ॥
ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਵੱਸ ਪਿਆ ਹੈ (ਭਾਵ, ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿਚ ਅਨੁਭਵ ਕਰ ਲਿਆ ਹੈ), ਸਾਰੇ ਰਸ ਉਹਨਾਂ ਦੇ ਅੰਦਰ ਹਨ (ਭਾਵ, ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸੁਆਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵਲ ਦੌੜਨ ਨਹੀਂ ਦੇਂਦੇ, ਹਿਰਦੇ ਵਿਚ ਨਾਮ-ਰਸ ਦਾ ਆਨੰਦ ਲੈਂਦੇ ਹਨ, ਜੋ ਸਭ ਰਸਾਂ ਤੋਂ ਉੱਤਮ ਰਸ ਹੈ)
ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ ॥
ਹਰੀ ਦੀ ਦਰਗਾਹ ਵਿਚ ਉਹ ਖਿੜੇ-ਮੱਥੇ ਜਾਂਦੇ ਹਨ; ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ ।
ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥
ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਆਪ ਨੂੰ ਭੀ) ਕੋਈ ਡਰ ਨਹੀਂ ਰਹਿ ਜਾਂਦਾ;
ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥
(ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ ।
ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥
ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਪਰਗਟ ਹੁੰਦਾ ਹੈ) ਉਹਨਾਂ ਨੂੰ ਉਸ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ
ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ ॥
ਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ । ਤੇ, ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ
ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥੧॥
। ਹੇ ਹਰੀ! (ਇਹੋ ਜਿਹੇ ਆਪਣੇ) ਬੰਦੇ ਦਾਸ ਨਾਨਕ ਨੂੰ ਭੀ ਮਿਲਾ । ਅਸੀ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ ।੧।
ਮਃ ੪ ॥
ਚੋਥੀ ਪਾਤਸ਼ਾਹੀ।
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥
ਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥
ਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ ।
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥
ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥
। ਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ
ਹਰਿ ਸਤਿਗੁਰੁ ਮੇਲਹੁ ਦਇਆ ਕਰਿ ਜਨੁ ਨਾਨਕੁ ਧੋਵੈ ਪਾਇ ॥੨॥
ਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ ।੨।
ਪਉੜੀ ॥
pauVI[
ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ, (ਕਿਉਂਕਿ) ਉਸ ਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿਚ ਪਰੋਤਾ ਹੋਇਆ ਹੈ
ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥
(ਤੇ ਇਸ ਤਰ੍ਹਾਂ) ਉਸ ਨੇ (ਹਿਰਦੇ ਵਿਚੋਂ ਕਾਮ ਕਰੋਧ ਆਦਿਕ ਦੇ) ਵਿਹੁ ਨੂੰ ਕੱਢ ਦਿੱਤਾ ਹੈ
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥
ਜਦੋਂ ਮੈਂ (ਅਜੇਹਾ ਇਹ) ਪੂਰਾ ਸਤਿਗੁਰੂ ਵੇਖਿਆ, ਤਦੋਂ ਮੇਰੇ ਮਨ ਨੂੰ ਅੰਦਰ ਧੀਰਜ ਆ ਗਈ
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥
(ਇਸ ਲਈ) ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ
ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ ।੧੭।
ਸਲੋਕ ਮਃ ੪ ॥
ਸਲੋਕ ਚੌਥੀ ਪਾਤਸ਼ਾਹੀ।
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥
ਜਿਸ ਮਨੁੱਖ ਨੂੰ ਕਿਰਪਾ ਕਰ ਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ
ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ ॥
ਤੇ ਉਹੋ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ, ਪੂਰਾ ਸਤਿਗੁਰੂ (ਅਗੋਂ) ਉਸ ਦੇ ਹਿਰਦੇ ਵਿਚ ('ਨਾਮੁ ਨਿਧਾਨ') ਵਸਾ ਦੇਂਦਾ ਹੈ
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥
ਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ (ਵੱਸ ਪੈਂਦਾ) ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ ।
ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥
ਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ (ਤਿਆਰ) ਹੋਵੇ, ਹੋਰ ਕਿਤਨੀ ਹੀ ਦੁਨੀਆ ਖਪ ਖਪ ਮਰੇ (ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ)
ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ॥੧॥
(ਇਸ ਵਾਸਤੇ) ਹੇ ਨਾਨਕ! ਤੂੰ ਨਾਮ ਜਪ, ਪ੍ਰਭੂ ਇਸ ਲੋਕ ਵਿਚ ਤੇ ਪਰਲੋਕ ਵਿਚ (ਹਰੇਕ ਕਿਸਮ ਦੇ ਡਰ ਤੋਂ) ਬਚਾ ਲਏਗਾ ।੧।
ਮਃ ੪ ॥
ਚੋਥੀ ਪਾਤਸ਼ਾਹੀ!
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥
ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥
ਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ ।
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥
ਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂ ਦੇ ਮਨ ਵਿਚ (ਸਦਾ ਵੱਸਦਾ ਹੈ)
ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥
ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ ।
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥
ਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ
ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥
ਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ
ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥
ਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੨।
ਪਉੜੀ ॥
pauVI[
ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥
ਮੇਰੀ ਇਹ ਅਰਦਾਸ ਹੈ ਕਿ ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਹਵਾਂ
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥
(ਜਿਸ) ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ, ਉਹ ਸੱਚਾ ਪ੍ਰਭੂ ਸਲਾਹੁਣ-ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ