Sri Guru Granth Sahib Ji — Ang 298 (punjabi)
ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥
(ਪਰ ਕੋਈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ) । ਪਰਮਾਤਮਾ (ਸਭ ਤੋਂ) ਸ੍ਰੇਸ਼ਟ ਤੇ (ਸਭ ਤੋਂ) ਉੱਚਾ ਹੈ (ਕਿਸੇ ਦੀ ਉਸ ਤਕ ਪਹੁੰਚ ਨਹੀਂ) । ਅਨੇਕਾਂ ਸ਼ੇਸ਼ਨਾਗ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦੇ ।
ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥
ਨਾਦਰ ਰਿਸ਼ੀ, ਅਨੇਕਾਂ ਮੁਨੀ ਲੋਕ, ਸੁਖਦੇਵ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤਿ-ਸਾਲਾਹ ਗਾਂਦੇ ਹਨ ।
ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥
ਭਗਵਾਨ ਦੇ ਭਗਤ ਉਸ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਸ ਦੀ ਯਾਦ ਵਿਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿਚ ਮਸਤ ਰਹਿੰਦੇ ਹਨ ।
ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥
ਜਿਨ੍ਹਾਂ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ ।
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥
ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ ।
ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥
ਸਾਧ ਸੰਗਤਿ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜ ਕੇ (ਉੱਚਾ ਆਤਮਕ ਜੀਵਨ-ਰੂਪ) ਲਾਭ ਖੱਟ ਲਈਦਾ ਹੈ (ਵਿਕਾਰਾਂ ਵਾਲੇ ਪਾਸੇ ਪਿਆਂ ਜੋ ਆਤਮਕ ਜੀਵਨ ਵਿਚ ਘਾਟ ਪੈਂਦੀ ਜਾਂਦੀ ਹੈ, ਉਹ) ਘਾਟ ਦੂਰ ਹੋ ਜਾਂਦੀ ਹੈ ।
ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥
ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ ।੬।
ਸਲੋਕੁ ॥
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥
ਹੇ ਨਾਨਕ! ਸੰਤ ਜਨ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦੇ ਹਨ,
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥
ਪ੍ਰੇਮ ਵਿਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ (ਕਿਉਂਕਿ) ਇਕ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜੀ ਰੱਖਿਆਂ ਮਨ ਸ਼ਾਂਤ ਰਹਿੰਦਾ ਹੈ ।੭।
ਪਉੜੀ ॥
pauVI[
ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥
(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰੋ । ਨਾਮ-ਧਨ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ,
ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥
(ਪਰ ਉਸ ਪਰਮਾਤਮਾ ਦਾ ਇਹ ਨਾਮ ਧਨ) ਸਾਧ ਸੰਗਤਿ ਵਿਚ ਰਿਹਾਂ ਹੀ ਮਿਲਦਾ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈਂਦਾ, ਜਿਸ ਦੇ ਸਰੂਪ ਦਾ ਉਰਲਾ ਪਰਲਾ ਬੰਨਾ ਨਹੀਂ ਲੱਭਦਾ ।
ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥
(ਹੇ ਭਾਈ!) ਆਪਾ-ਭਾਵ ਦੂਰ ਕਰੋ, ਪਰਮਾਤਮਾ ਦਾ ਭਜਨ ਕਰਦੇ ਰਹੁ, ਪ੍ਰਭੂ ਪਾਤਸ਼ਾਹ ਦੀ ਸਰਨ ਪਏ ਰਹੋ (ਜੇਹੜਾ ਮਨੁੱਖ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ,
ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥
ਉਹ ਆਪਣੇ ਸਾਰੇ) ਦੁਖ ਦੂਰ ਕਰ ਲੈਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਤੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ ।
ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥
(ਹੇ ਭਾਈ!) ਜੇਹੜਾ ਮਨੁੱਖ ਅੱਠੇ ਪਹਰ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਦਾ ਹੈ, ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,
ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥
ਜੇਹੜਾ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਬਾਹਰ ਸਦਾ ਨਾਲ (ਵੱਸਦਾ) ਹੈ ਉਹ ਸਿਰਜਣਹਾਰ ਪ੍ਰਭੂ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ ।
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥
(ਹੇ ਭਾਈ!) ਜੇਹੜਾ ਮਨੁੱਖ (ਸਾਨੂੰ) ਪਰਮਾਤਮਾ (ਦਾ ਨਾਮ ਜਪਣ) ਦੀ ਮਤਿ ਦੇਂਦਾ ਹੈ, ਉਹੀ (ਸਾਡਾ ਅਸਲੀ) ਸੱਜਣ ਹੈ, ਸਾਥੀ ਹੈ, ਮਿੱਤਰ ਹੈ ।
ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥੭॥
ਹੇ ਨਾਨਕ! (ਆਖ—) ਜੇਹੜਾ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ।੭।
ਸਲੋਕੁ ॥
slok[
ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥
ਹੇ ਨਾਨਕ! ਜੇ ਅੱਠੇ ਪਹਰ (ਪਰਮਾਤਮਾ ਦੇ) ਗੁਣ ਗਾਏ ਜਾਣ, ਤੇ ਹੋਰ ਸਾਰੇ ਬੰਧਨ ਛੱਡੇ ਜਾਣ,
ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥੮॥
ਤਾਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ ਅਤੇ ਜਮਦੂਤ ਤੱਕ ਨਹੀਂ ਸਕਦਾ (ਮੌਤ ਦਾ ਡਰ ਨੇੜੇ ਨਹੀਂ ਢੁਕਦਾ, ਆਤਮਕ ਮੌਤ ਨੇੜੇ ਨਹੀਂ ਆ ਸਕਦੀ ।੮।
ਪਉੜੀ ॥
pauVI[
ਅਸਟਮੀ ਅਸਟ ਸਿਧਿ ਨਵ ਨਿਧਿ ॥
(ਨਾਮ ਦੇ ਪਰਤਾਪ ਵਿਚ ਹੀ) ਅੱਠੇ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ,
ਸਗਲ ਪਦਾਰਥ ਪੂਰਨ ਬੁਧਿ ॥
ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਅਕਲ ਪ੍ਰਾਪਤ ਹੋ ਜਾਂਦੀ ਹੈ ਜੋ ਕਦੇ ਉਕਾਈ ਨਹੀਂ ਖਾਂਦੀ ।
ਕਵਲ ਪ੍ਰਗਾਸ ਸਦਾ ਆਨੰਦ ॥
(ਇਸ ਮੰਤ੍ਰ ਦੀ ਬਰਕਤਿ ਨਾਲ) ਜੀਵਨ-ਜੁਗਤਿ ਪਵਿਤ੍ਰ ਹੋ ਜਾਂਦੀ ਹੈ, (ਮਨ ਵਿਚ) ਸਦਾ ਚਾਉ ਹੀ ਚਾਉ ਟਿਕਿਆ ਰਹਿੰਦਾ ਹੈ, (ਹਿਰਦੇ ਦਾ) ਕੌਲ-ਫੁੱਲ ਖਿੜ ਜਾਂਦਾ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ-ਫੁੱਲ ਖਿੜਦਾ ਹੈ, ਤਿਵੇਂ ਨਾਮ-ਸਿਮਰਨ ਦੀ ਬਰਕਤਿ ਨਾਲ ਹਿਰਦਾ ਖਿੜਿਆ ਰਹਿੰਦਾ ਹੈ) ।
ਨਿਰਮਲ ਰੀਤਿ ਨਿਰੋਧਰ ਮੰਤ ॥
(ਪਰਮਾਤਮਾ ਦਾ ਨਾਮ ਇਕ ਐਸਾ) ਮੰਤ੍ਰ ਹੈ ਜਿਸ ਦਾ ਅਸਰ ਜ਼ਾਇਆ ਨਹੀਂ ਹੋ ਸਕਦਾ,
ਸਗਲ ਧਰਮ ਪਵਿਤ੍ਰ ਇਸਨਾਨੁ ॥
(ਹੇ ਭਾਈ! ਪਰਮਾਤਮਾ ਦਾ ਨਾਮ ਹੀ) ਸਾਰੇ ਧਰਮਾਂ (ਦਾ ਧਰਮ ਹੈ, ਸਾਰੇ ਤੀਰਥ-ਇਸ਼ਨਾਨਾਂ ਨਾਲੋਂ) ਪਵਿਤ੍ਰ-ਇਸ਼ਨਾਨ ਹੈ ।
ਸਭ ਮਹਿ ਊਚ ਬਿਸੇਖ ਗਿਆਨੁ ॥
(ਨਾਮ-ਸਿਮਰਨ ਹੀ ਸਾਰੇ ਸ਼ਾਸਤ੍ਰ ਆਦਿਕਾਂ ਦੇ ਦਿੱਤੇ ਗਿਆਨਾਂ ਨਾਲੋਂ) ਸਭ ਤੋਂ ਉੱਚਾ ਤੇ ਸ੍ਰੇਸ਼ਟ ਗਿਆਨ ਹੈ ।
ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥
ਹੇ ਨਾਨਕ! ਪੂਰੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਜੇ ਹਰਿ-ਨਾਮ ਦਾ ਭਜਨ ਕੀਤਾ ਜਾਏ
ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥੮॥
ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਹਰਿ-ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ।੮।
ਸਲੋਕੁ ॥
slok[
ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥
(ਜਿਸ ਮਨੁੱਖ ਨੇ ਕਦੇ) ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, (ਉਹ ਸਦਾ) ਵਿਕਾਰਾਂ ਵਿਚ (ਦੁਨੀਆ ਦੇ ਪਦਾਰਥਾਂ ਦੇ) ਸੁਆਦਾਂ ਵਿਚ ਫਸਿਆ ਰਹਿੰਦਾ ਹੈ ।
ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥੯॥
ਹੇ ਨਾਨਕ! ਜੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਜਾਏ ਤਾਂ ਨਰਕ ਸੁਰਗ (ਭੋਗਣ ਲਈ ਮੁੜ ਮੁੜ) ਜਨਮ ਲੈਣੇ ਪੈਂਦੇ ਹਨ ।੯।
ਪਉੜੀ ॥
pauVI[
ਨਉਮੀ ਨਵੇ ਛਿਦ੍ਰ ਅਪਵੀਤ ॥
ਉਹਨਾਂ ਦੇ ਕੰਨ ਨੱਕ ਆਦਿਕ ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ
ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ
ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ ॥
(ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ,
ਕਰਨ ਨ ਸੁਨਹੀ ਹਰਿ ਜਸੁ ਬਿੰਦ ॥
ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ ।
ਹਿਰਹਿ ਪਰ ਦਰਬੁ ਉਦਰ ਕੈ ਤਾਈ ॥
(ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ
ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥
(ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ ।
ਹਰਿ ਸੇਵਾ ਬਿਨੁ ਏਹ ਫਲ ਲਾਗੇ ॥
ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ,
ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥੯॥
ਹੇ ਨਾਨਕ! ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।੯।
ਸਲੋਕੁ ॥
slok[
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥
ਹੇ ਨਾਨਕ! (ਆਖ—ਉਂਞ ਤਾਂ) ਮੈਂ ਜਿਧਰ ਵੇਖਦਾ ਹਾਂ, Eਧਰ ਉਹ (ਪਰਮਾਤਮਾ) ਹੀ ਵੱਸ ਰਿਹਾ ਹੈ (ਪਰ ਘਰ ਛੱਡ ਕੇ) ਦਸੀਂ ਪਾਸੀਂ ਹੀ ਮੈਂ ਢੂੰਡ ਫਿਰਿਆ ਹਾਂ (ਜੰਗਲ ਆਦਿਕਾਂ ਵਿਚ ਕਿਤੇ ਭੀ ਮਨ ਵੱਸ ਵਿਚ ਨਹੀਂ ਆਉਂਦਾ);
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥੧੦॥
ਮਨ ਤਦੋਂ ਹੀ ਵੱਸ ਵਿਚ ਆਉਂਦਾ ਹੈ ਜੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੀ (ਆਪਣੀ) ਮਿਹਰ ਹੋਵੇ ।੧੦।
ਪਉੜੀ ॥
pauVI[
ਦਸਮੀ ਦਸ ਦੁਆਰ ਬਸਿ ਕੀਨੇ ॥
ਦਸਾਂ ਹੀ ਇੰਦ੍ਰਿਆਂ ਨੂੰ ਮਨੁੱਖ ਆਪਣੇ ਕਾਬੂ ਵਿਚ ਕਰ ਲੈਂਦਾ ਹੈ
ਮਨਿ ਸੰਤੋਖੁ ਨਾਮ ਜਪਿ ਲੀਨੇ ॥
(ਜਦੋਂ ਪਰਮਾਤਮਾ ਦੀ ਕਿਰਪਾ ਨਾਲ ਮਨੁੱਖ) ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਸ ਦੇ ਮਨ ਵਿਚ ਸੰਤੋਖ ਪੈਦਾ ਹੁੰਦਾ ਹੈ
ਕਰਨੀ ਸੁਨੀਐ ਜਸੁ ਗੋਪਾਲ ॥
(ਪ੍ਰਭੂ ਦੀ ਕਿਰਪਾ ਰਾਹੀਂ) ਕੰਨਾਂ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣੀਦੀ ਹੈ
ਨੈਨੀ ਪੇਖਤ ਸਾਧ ਦਇਆਲ ॥
ਅੱਖਾਂ ਨਾਲ ਦਇਆ ਦੇ ਘਰ ਗੁਰੂ ਦਾ ਦਰਸਨ ਕਰੀਦਾ ਹੈ,
ਰਸਨਾ ਗੁਨ ਗਾਵੈ ਬੇਅੰਤ ॥
ਜੀਭ ਬੇਅੰਤ ਪ੍ਰਭੂ ਦੇ ਗੁਣ ਗਾਣ ਲੱਗ ਪੈਂਦੀ ਹੈ,
ਮਨ ਮਹਿ ਚਿਤਵੈ ਪੂਰਨ ਭਗਵੰਤ ॥
ਤੇ ਮਨੁੱਖ ਆਪਣੇ ਮਨ ਵਿਚ ਸਰਬ-ਵਿਆਪਕ ਭਗਵਾਨ (ਦੇ ਗੁਣ) ਚੇਤੇ ਕਰਦਾ ਹੈ ।