Sri Guru Granth Sahib Ji — Ang 288 (punjabi)
ਰਚਿ ਰਚਨਾ ਅਪਨੀ ਕਲ ਧਾਰੀ ॥
ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪਣੀ ਸੱਤਿਆ (ਇਸ ਸ੍ਰਿਸ਼ਟੀ ਵਿਚ) ਟਿਕਾਈ ਹੈ ।
ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥
ਹੇ ਨਾਨਕ! (ਆਖ) ਮੈਂ ਕਈ ਵਾਰ (ਐਸੇ ਪ੍ਰਭੂ ਤੋਂ) ਸਦਕੇ ਹਾਂ ।੮।੧੮।
ਸਲੋਕੁ ॥
slok[
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥
ਪ੍ਰਭੂ ਦੇ) ਭਜਨ ਤੋਂ ਬਿਨਾ (ਹੋਰ ਕੋਈ ਸ਼ੈ ਮਨੁੱਖ ਦੇ) ਨਾਲ ਨਹੀਂ ਜਾਂਦੀ, ਸਾਰੀ ਮਾਇਆ (ਜੋ ਮਨੁੱਖ ਕਮਾਉਂਦਾ ਰਹਿੰਦਾ ਹੈ, ਜਗਤ ਤੋਂ ਤੁਰਨ ਵੇਲੇ ਇਸ ਦੇ ਵਾਸਤੇ) ਸੁਆਹ (ਸਮਾਨ) ਹੈ ।
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥
ਹੇ ਨਾਨਕ! ਅਕਾਲ ਪੁਰਖ ਦਾ ਨਾਮ (ਸਿਮਰਨ) ਦੀ ਕਮਾਈ ਕਰਨਾ ਹੀ (ਸਭ ਤੋਂ) ਚੰਗਾ ਧਨ ਹੈ (ਇਹੀ ਮਨੁੱਖ ਦੇ ਨਾਲ ਨਿਭਦਾ ਹੈ) ।੧।
ਅਸਟਪਦੀ ॥
AStpdI[
ਸੰਤ ਜਨਾ ਮਿਲਿ ਕਰਹੁ ਬੀਚਾਰੁ ॥
ਸੰਤਾਂ ਨਾਲ ਮਿਲ ਕੇ (ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰੋ,
ਏਕੁ ਸਿਮਰਿ ਨਾਮ ਆਧਾਰੁ ॥
ਇੱਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ (ਲਵੋ) ।
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥
ਹੇ ਮਿਤ੍ਰ! ਹੋਰ ਸਾਰੇ ਹੀਲੇ ਛੱਡ ਦਿਉ ,
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥
ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਹਿਰਦੇ ਵਿਚ ਟਿਕਾਉ ।
ਕਰਨ ਕਾਰਨ ਸੋ ਪ੍ਰਭੁ ਸਮਰਥੁ ॥
ਉਹ ਪ੍ਰਭੂ (ਸਭ ਕੁਝ ਆਪ) ਕਰਨ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥
ਉਸ ਪ੍ਰਭੂ ਦਾ ਨਾਮ-ਰੂਪੀ (ਸੋਹਣਾ) ਪਦਾਰਥ ਪੱਕਾ ਕਰ ਕੇ ਸਾਂਭ ਲਵੋ ।
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥
(ਹੇ ਭਾਈ!) (ਨਾਮ-ਰੂਪ) ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ,
ਸੰਤ ਜਨਾ ਕਾ ਨਿਰਮਲ ਮੰਤ ॥
ਸੰਤਾਂ ਦਾ ਇਹੀ ਪਵਿਤ੍ਰ ਉਪਦੇਸ਼ ਹੈ ।
ਏਕ ਆਸ ਰਾਖਹੁ ਮਨ ਮਾਹਿ ॥
ਆਪਣੇ ਮਨ ਵਿਚ ਇਕ (ਪ੍ਰਭੂ ਦੀ) ਆਸ ਰੱਖੋ,
ਸਰਬ ਰੋਗ ਨਾਨਕ ਮਿਟਿ ਜਾਹਿ ॥੧॥
ਹੇ ਨਾਨਕ! (ਇਸ ਤਰ੍ਹਾਂ) ਸਾਰੇ ਰੋਗ ਮਿਟ ਜਾਣਗੇ ।੧।
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥
(ਹੇ ਮਿਤ੍ਰ!) ਜਿਸ ਧਨ ਦੀ ਖ਼ਾਤਰ (ਤੂੰ) ਚੌਹੀਂ ਪਾਸੀਂ ਉਠ ਦੌੜਦਾ ਹੈਂ ,
ਸੋ ਧਨੁ ਹਰਿ ਸੇਵਾ ਤੇ ਪਾਵਹਿ ॥
ਉਹ ਧਨ ਤੂੰ ਪ੍ਰਭੂ ਦੀ ਸੇਵਾ ਤੋਂ ਲਏਂਗਾ ।
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥
ਹੇ ਮਿਤ੍ਰ! ਜਿਸ ਸੁਖ ਨੂੰ ਤੂੰ ਸਦਾ ਤਾਂਘਦਾ ਹੈਂ,
ਸੋ ਸੁਖੁ ਸਾਧੂ ਸੰਗਿ ਪਰੀਤਿ ॥
ਉਹ ਸੁਖ ਸੰਤਾਂ ਦੀ ਸੰਗਤਿ ਵਿਚ ਪਿਆਰ ਕੀਤਿਆਂ (ਮਿਲਦਾ ਹੈ) ।
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥
ਜਿਸ ਸੋਭਾ ਦੀ ਖ਼ਾਤਰ ਤੂੰ ਨੇਕ ਕਮਾਈ ਕਰਦਾ ਹੈਂ,
ਸਾ ਸੋਭਾ ਭਜੁ ਹਰਿ ਕੀ ਸਰਨੀ ॥
ਉਹ ਸੋਭਾ (ਖੱਟਣ ਲਈ) ਤੂੰ ਅਕਾਲ ਪੁਰਖ ਦੀ ਸਰਣ ਪਉ ।
ਅਨਿਕ ਉਪਾਵੀ ਰੋਗੁ ਨ ਜਾਇ ॥
ਜੇਹੜਾ ਹਉਮੈ ਦਾ) ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ।
ਰੋਗੁ ਮਿਟੈ ਹਰਿ ਅਵਖਧੁ ਲਾਇ ॥
ਉਹ ਰੋਗ ਪ੍ਰਭੂ ਦਾ ਨਾਮ-ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ ।
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥
ਸਾਰੇ (ਦੁਨੀਆਵੀ) ਖ਼ਜ਼ਾਨਿਆਂ ਵਿਚ ਪ੍ਰਭੂ ਦਾ ਨਾਮ (ਵਧੀਆ) ਖ਼ਜ਼ਾਨਾ ਹੈ ।
ਜਪਿ ਨਾਨਕ ਦਰਗਹਿ ਪਰਵਾਨੁ ॥੨॥
ਹੇ ਨਾਨਕ! (ਨਾਮ) ਜਪ, ਦਰਗਾਹ ਵਿਚ ਕਬੂਲ (ਹੋਵੇਂਗਾ) ।੨।
ਮਨੁ ਪਰਬੋਧਹੁ ਹਰਿ ਕੈ ਨਾਇ ॥
ਹੇ ਭਾਈ! ਆਪਣੇ) ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ,
ਦਹ ਦਿਸਿ ਧਾਵਤ ਆਵੈ ਠਾਇ ॥
ਨਾਮ ਦੀ ਬਰਕਤਿ ਨਾਲ) ਦਸੀਂ ਪਾਸੀਂ ਦੌੜਦਾ (ਇਹ ਮਨ) ਟਿਕਾਣੇ ਆ ਜਾਂਦਾ ਹੈ ।
ਤਾ ਕਉ ਬਿਘਨੁ ਨ ਲਾਗੈ ਕੋਇ ॥
ਉਸ ਮਨੁੱਖ ਨੂੰ ਕੋਈ ਔਕੜ ਨਹੀਂ ਪੋਂਹਦੀ,
ਜਾ ਕੈ ਰਿਦੈ ਬਸੈ ਹਰਿ ਸੋਇ ॥
ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਵੱਸਦਾ ਹੈ ।
ਕਲਿ ਤਾਤੀ ਠਾਂਢਾ ਹਰਿ ਨਾਉ ॥
ਕਲਿਜੁਗ ਤੱਤੀ (ਅੱਗ) ਹੈ (ਭਾਵ, ਵਿਕਾਰ ਜੀਆਂ ਨੂੰ ਸਾੜ ਰਹੇ ਹਨ) ਪ੍ਰਭੂ ਦਾ ਨਾਮ ਠੰਢਾ ਹੈ,
ਸਿਮਰਿ ਸਿਮਰਿ ਸਦਾ ਸੁਖ ਪਾਉ ॥
ਉਸ ਨੂੰ ਸਦਾ ਸਿਮਰੋ ਤੇ ਸੁਖ ਪਾਉ;
ਭਉ ਬਿਨਸੈ ਪੂਰਨ ਹੋਇ ਆਸ ॥
(ਨਾਮ ਸਿਮਰਿਆਂ) ਡਰ ਉੱਡ ਜਾਂਦਾ ਹੈ, ਤੇ, ਆਸ ਪੁੱਗ ਜਾਂਦੀ ਹੈ
ਭਗਤਿ ਭਾਇ ਆਤਮ ਪਰਗਾਸ ॥
ਪ੍ਰਭੂ ਦੀ ਭਗਤੀ ਨਾਲ ਪਿਆਰ ਕੀਤਿਆਂ ਆਤਮਾ ਚਮਕ ਪੈਂਦਾ ਹੈ ।
ਤਿਤੁ ਘਰਿ ਜਾਇ ਬਸੈ ਅਬਿਨਾਸੀ ॥
(ਜੋ ਸਿਮਰਦਾ ਹੈ) ਉਸ ਦੇ (ਹਿਰਦੇ) ਘਰ ਵਿਚ ਅਬਿਨਾਸੀ ਪ੍ਰਭੂ ਆ ਵੱਸਦਾ ਹੈ ।
ਕਹੁ ਨਾਨਕ ਕਾਟੀ ਜਮ ਫਾਸੀ ॥੩॥
ਹੇ ਨਾਨਕ! ਆਖ (ਕਿ ਨਾਮ ਜਪਿਆਂ) ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ।੩।
ਤਤੁ ਬੀਚਾਰੁ ਕਹੈ ਜਨੁ ਸਾਚਾ ॥
ਜੋ ਮਨੁੱਖ ਪਾਰਬ੍ਰਹਮ ਦੀ ਸਿਫ਼ਤਿ-ਰੂਪ ਸੋਚ ਸੋਚਦਾ ਹੈ ਉਹ ਸਚ-ਮੁਚ ਮਨੁੱਖ ਹੈ,
ਜਨਮਿ ਮਰੈ ਸੋ ਕਾਚੋ ਕਾਚਾ ॥
ਪਰ ਜੋ ਜੰਮ ਕੇ (ਨਿਰਾ) ਮਰ ਜਾਂਦਾ ਹੈ (ਤੇ ਬੰਦਗੀ ਨਹੀਂ ਕਰਦਾ) ਉਹ ਨਿਰੋਲ ਕੱਚਾ ਹੈ ।
ਆਵਾ ਗਵਨੁ ਮਿਟੈ ਪ੍ਰਭ ਸੇਵ ॥
ਪ੍ਰਭੂ ਦਾ ਸਿਮਰਨ ਕੀਤਿਆਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ;
ਆਪੁ ਤਿਆਗਿ ਸਰਨਿ ਗੁਰਦੇਵ ॥
ਆਪਾ-ਭਾਵ ਛੱਡ ਕੇ, ਸਤਿਗੁਰੂ ਦੀ ਸਰਨੀ ਪੈ ,
ਇਉ ਰਤਨ ਜਨਮ ਕਾ ਹੋਇ ਉਧਾਰੁ ॥
ਇਸ ਤਰ੍ਹਾਂ ਕੀਮਤੀ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ।
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥
ਹੇ ਭਾਈ!) ਪ੍ਰਭੂ ਨੂੰ ਸਿਮਰ, (ਇਹੀ) ਪ੍ਰਾਣਾਂ ਦਾ ਆਸਰਾ ਹੈ ।
ਅਨਿਕ ਉਪਾਵ ਨ ਛੂਟਨਹਾਰੇ ॥
ਅਨੇਕਾਂ ਹੀਲੇ ਕੀਤਿਆਂ (ਆਵਾਗਵਨ ਤੋਂ) ਬਚ ਨਹੀਂ ਸਕੀਦਾ;
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
ਸਿੰਮ੍ਰਿਤੀਆਂ ਸ਼ਾਸਤ੍ਰ ਵੇਦ (ਆਦਿਕ) ਵਿਚਾਰਿਆਂ ਵੀ ਬਚ ਨਹੀਂ ਸਕੀਦਾ;
ਹਰਿ ਕੀ ਭਗਤਿ ਕਰਹੁ ਮਨੁ ਲਾਇ ॥
ਮਨ ਲਾ ਕੇ ਕੇਵਲ ਪ੍ਰਭੂ ਦੀ ਹੀ ਭਗਤੀ ਕਰੋ ।
ਮਨਿ ਬੰਛਤ ਨਾਨਕ ਫਲ ਪਾਇ ॥੪॥
ਹੇ ਨਾਨਕ! ਉਸ ਨੂੰ ਮਨ-ਇੱਛਤ ਫਲ ਮਿਲ ਜਾਂਦੇ ਹਨ ।੪।
ਸੰਗਿ ਨ ਚਾਲਸਿ ਤੇਰੈ ਧਨਾ ॥
ਹੇ ਮੂਰਖ ਮਨ! ਧਨ ਤੇਰੇ ਨਾਲ ਨਹੀਂ ਜਾ ਸਕਦਾ,
ਤੂੰ ਕਿਆ ਲਪਟਾਵਹਿ ਮੂਰਖ ਮਨਾ ॥
ਹੇ ਮੂਰਖ ਮਨ! ਤੂੰ ਕਿਉਂ ਇਸ ਨੂੰ ਜੱਫਾ ਮਾਰੀ ਬੈਠਾ ਹੈਂ?
ਸੁਤ ਮੀਤ ਕੁਟੰਬ ਅਰੁ ਬਨਿਤਾ ॥
ਪੁਤ੍ਰ, ਮਿੱਤ੍ਰ, ਪਰਵਾਰ ਤੇ ਇਸਤ੍ਰੀ ,
ਇਨ ਤੇ ਕਹਹੁ ਤੁਮ ਕਵਨ ਸਨਾਥਾ ॥
ਇਹਨਾਂ ਵਿਚੋਂ, ਦੱਸ, ਕੌਣ ਤੇਰਾ ਸਾਥ ਦੇਣ ਵਾਲਾ ਹੈ ?
ਰਾਜ ਰੰਗ ਮਾਇਆ ਬਿਸਥਾਰ ॥
ਮਾਇਆ ਦੇ ਅਡੰਬਰ, ਰਾਜ ਤੇ ਰੰਗ-ਰਲੀਆਂ,
ਇਨ ਤੇ ਕਹਹੁ ਕਵਨ ਛੁਟਕਾਰ ॥
ਇਹਨਾਂ ਵਿਚੋਂ ਕਿਸ ਦੇ ਨਾਲ (ਮੋਹ ਪਾਇਆਂ) ਸਦਾ ਲਈ (ਮਾਇਆ ਤੋਂ) ਖ਼ਲਾਸੀ ਮਿਲ ਸਕਦੀ ਹੈ ?
ਅਸੁ ਹਸਤੀ ਰਥ ਅਸਵਾਰੀ ॥
ਘੋੜੇ, ਹਾਥੀ, ਰਥਾਂ ਦੀ ਸਵਾਰੀ ਕਰਨੀ,
ਝੂਠਾ ਡੰਫੁ ਝੂਠੁ ਪਾਸਾਰੀ ॥
ਇਹ ਸਭ ਝੂਠਾ ਦਿਖਾਵਾ ਹੈ, ਇਹ ਅਡੰਬਰ ਰਚਾਉਣ ਵਾਲਾ ਭੀ ਬਿਨਸਨਹਾਰ ਹੈ ।
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥
ਮੂਰਖ ਮਨੁੱਖ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਇਹ ਸਾਰੇ ਪਦਾਰਥ ਦਿੱਤੇ ਹਨ,
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥
ਹੇ ਨਾਨਕ! ਨਾਮ ਨੂੰ ਭੁਲਾ ਕੇ (ਆਖ਼ਰ) ਪਛੁਤਾਉਂਦਾ ਹੈ ।੫।
ਗੁਰ ਕੀ ਮਤਿ ਤੂੰ ਲੇਹਿ ਇਆਨੇ ॥
ਹੇ ਅੰਞਾਣ! ਸਤਿਗੁਰੂ ਦੀ ਮਤਿ ਲੈ ,
ਭਗਤਿ ਬਿਨਾ ਬਹੁ ਡੂਬੇ ਸਿਆਨੇ ॥
ਸਿੱਖਿਆ ਤੇ ਤੁਰ) ਬੜੇ ਸਿਆਣੇ ਸਿਆਣੇ ਬੰਦੇ ਭੀ ਭਗਤੀ ਤੋਂ ਬਿਨਾ (ਵਿਕਾਰਾਂ ਵਿਚ ਹੀ) ਡੁੱਬ ਜਾਂਦੇ ਹਨ ।
ਹਰਿ ਕੀ ਭਗਤਿ ਕਰਹੁ ਮਨ ਮੀਤ ॥
ਹੇ ਮਿਤ੍ਰ ਮਨ! ਪ੍ਰਭੂ ਦੀ ਭਗਤੀ ਕਰ,
ਨਿਰਮਲ ਹੋਇ ਤੁਮੑਾਰੋ ਚੀਤ ॥
ਇਸ ਤਰ੍ਹਾਂ ਤੇਰੀ ਸੁਰਤਿ ਪਵਿਤ੍ਰ ਹੋਵੇਗੀ ।
ਚਰਨ ਕਮਲ ਰਾਖਹੁ ਮਨ ਮਾਹਿ ॥
(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ,