Sri Guru Granth Sahib Ji — Ang 287 (punjabi)
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥
ਜਿਸ ਤੇ (ਪ੍ਰਭੂ ਆਪਣੀ ਮੇਹਰ ਕਰਦਾ ਹੈ ।
ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥
ਹੇ ਨਾਨਕ! ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ ।੨।
ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥
ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ,
ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥
ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ ।
ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥
ਸਤਿਗੁਰੂ (ਭੀ) ਉਹ ਹੈ ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,
ਅਨਿਕ ਬਾਰ ਗੁਰ ਕਉ ਬਲਿ ਜਾਉ ॥
ਮੈਂ ਐਸੇ) ਗੁਰੂ ਤੋਂ ਕਈ ਵਾਰੀ ਸਦਕੇ ਜਾਂਦਾ ਹਾਂ ।
ਸਰਬ ਨਿਧਾਨ ਜੀਅ ਕਾ ਦਾਤਾ ॥
(ਸਤਿਗੁਰੂ) ਸਾਰੇ ਖ਼ਜ਼ਾਨਿਆਂ ਦਾ ਤੇ ਆਤਮਕ ਜ਼ਿੰਦਗੀ ਦਾ ਦੇਣ ਵਾਲਾ ਹੈ,
ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥
ਉਹ ਅੱਠੇ ਪਹਰ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਰਹਿੰਦਾ ਹੈ ।
ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥
(ਪ੍ਰਭੂ ਦਾ) ਸੇਵਕ-(ਸਤਿਗੁਰੂ) ਪ੍ਰਭੂ ਵਿਚ (ਜੁੜਿਆ ਰਹਿੰਦਾ ਹੈ) ਤੇ (ਪ੍ਰਭੂ ਦੇ) ਸੇਵਕ-ਸਤਿਗੁਰੂ ਵਿਚ ਪ੍ਰਭੂ (ਸਦਾ ਟਿਕਿਆ ਹੈ),
ਏਕਹਿ ਆਪਿ ਨਹੀ ਕਛੁ ਭਰਮੁ ॥
ਗੁਰੂ ਤੇ ਪ੍ਰਭੂ ਇਕ-ਰੂਪ ਹਨ, ਇਸ ਵਿਚ ਭੁਲੇਖੇ ਵਾਲੀ ਗੱਲ ਨਹੀਂ ।
ਸਹਸ ਸਿਆਨਪ ਲਇਆ ਨ ਜਾਈਐ ॥
ਹਜ਼ਾਰਾਂ ਚਤੁਰਾਈਆਂ ਨਾਲ ਅਜੇਹਾ ਗੁਰੂ ਮਿਲਦਾ ਨਹੀਂ,
ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥
ਹੇ ਨਾਨਕ! ਅਜੇਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ ।੩।
ਸਫਲ ਦਰਸਨੁ ਪੇਖਤ ਪੁਨੀਤ ॥
ਗੁਰੂ ਦਾ ਦੀਦਾਰ (ਸਾਰੇ) ਫਲ ਦੇਣ ਵਾਲਾ ਹੈ, ਦੀਦਾਰ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ,
ਪਰਸਤ ਚਰਨ ਗਤਿ ਨਿਰਮਲ ਰੀਤਿ ॥
ਗੁਰੂ ਦੇ ਚਰਨ ਛੋਹਿਆਂ ਉਚੀ ਅਵਸਥਾ ਤੇ ਸੁੱਚੀ ਰਹੁ-ਰੀਤ ਹੋ ਜਾਂਦੀ ਹੈ ।
ਭੇਟਤ ਸੰਗਿ ਰਾਮ ਗੁਨ ਰਵੇ ॥
ਗੁਰੂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦੇ ਗੁਣ ਗਾ ਸਕੀਦੇ ਹਨ,
ਪਾਰਬ੍ਰਹਮ ਕੀ ਦਰਗਹ ਗਵੇ ॥
ਅਕਾਲ ਪੁਰਖ ਦੀ ਦਰਗਾਹ ਵਿਚ ਪਹੁੰਚ ਹੋ ਜਾਂਦੀ ਹੈ ।
ਸੁਨਿ ਕਰਿ ਬਚਨ ਕਰਨ ਆਘਾਨੇ ॥
ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਹਨ,
ਮਨਿ ਸੰਤੋਖੁ ਆਤਮ ਪਤੀਆਨੇ ॥
ਮਨ ਵਿਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦਾ ਹੈ ।
ਪੂਰਾ ਗੁਰੁ ਅਖੵਓ ਜਾ ਕਾ ਮੰਤ੍ਰ ॥
ਸਤਿਗੁਰੂ ਪੂਰਨ ਪੁਰਖ ਹੈ, ਉਸ ਦਾ ਉਪਦੇਸ਼ ਭੀ ਸਦਾ ਲਈ ਅਟੱਲ ਹੈ,
ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥
ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ Eਹੀ ਸੰਤ ਹੋ ਜਾਂਦਾ ਹੈ ।
ਗੁਣ ਬਿਅੰਤ ਕੀਮਤਿ ਨਹੀ ਪਾਇ ॥
ਸਤਿਗੁਰੂ ਦੇ ਗੁਣ ਬੇਅੰਤ ਹਨ, ਮੁੱਲ ਨਹੀਂ ਪੈ ਸਕਦਾ ।
ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥
ਹੇ ਨਾਨਕ! ਜੋ ਜੀਵ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ।੪।
ਜਿਹਬਾ ਏਕ ਉਸਤਤਿ ਅਨੇਕ ॥
ਮਨੁੱਖ ਦੀ) ਜੀਭ ਇੱਕ ਹੈ, ਪਰ ਪੂਰਨ ਪੁਰਖ ਵਾਲੇ ਸਦਾ-ਥਿਰ ਵਿਆਪਕ ਪ੍ਰਭੂ ਦੇ ਅਨੇਕਾਂ ਗੁਣ ਹਨ;
ਸਤਿ ਪੁਰਖ ਪੂਰਨ ਬਿਬੇਕ ॥ ਕਾਹੂ ਬੋਲ ਨ ਪਹੁਚਤ ਪ੍ਰਾਨੀ ॥
ਪਰ ਪੂਰਨ ਪੁਰਖ ਵਾਲੇ ਸਦਾ-ਥਿਰ ਵਿਆਪਕ ਪ੍ਰਭੂ ਦੇਗੁਣਾਂ ਤਕ ਮਨੁੱਖ ਕਿਸੇ ਬੋਲ ਦੁਆਰਾ ਪਹੁੰਚ ਨਹੀਂ ਸਕਦਾ, ਪ੍ਰਭੂ ਪਹੁੰਚ ਤੋਂ ਪਰੇ ਹੈ,
ਅਗਮ ਅਗੋਚਰ ਪ੍ਰਭ ਨਿਰਬਾਨੀ ॥
ਵਾਸਨਾ-ਰਹਿਤ ਹੈ, ਤੇ ਮਨੁੱਖ ਦੇ ਸਰੀਰਕ ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ।
ਨਿਰਾਹਾਰ ਨਿਰਵੈਰ ਸੁਖਦਾਈ ॥
ਅਕਾਲ ਪੁਰਖ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪ੍ਰਭੂ ਵੈਰ-ਰਹਿਤ ਹੈ (ਸਗੋਂ ਸਭ ਨੂੰ) ਸੁਖ ਦੇਣ ਵਾਲਾ ਹੈ,
ਤਾ ਕੀ ਕੀਮਤਿ ਕਿਨੈ ਨ ਪਾਈ ॥
ਕੋਈ ਜੀਵ ਉਸ (ਦੇ ਗੁਣਾਂ) ਦਾ ਮੁੱਲ ਨਹੀਂ ਪਾ ਸਕਿਆ ।
ਅਨਿਕ ਭਗਤ ਬੰਦਨ ਨਿਤ ਕਰਹਿ ॥
ਅਨੇਕਾਂ ਭਗਤ ਸਦਾ (ਪ੍ਰਭੂ ਨੂੰ) ਨਮਸਕਾਰ ਕਰਦੇ ਹਨ,
ਚਰਨ ਕਮਲ ਹਿਰਦੈ ਸਿਮਰਹਿ ॥
ਉਸ ਦੇ ਕਮਲਾਂ ਵਰਗੇ (ਸੋਹਣੇ) ਚਰਨਾਂ ਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ ।
ਸਦ ਬਲਿਹਾਰੀ ਸਤਿਗੁਰ ਅਪਨੇ ॥
ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ ।
ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥
ਹੇ ਨਾਨਕ! (ਆਖ—) ਜਿਸ ਗੁਰੂ ਦੀ ਮੇਹਰ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ ਹੈ।੫।
ਇਹੁ ਹਰਿ ਰਸੁ ਪਾਵੈ ਜਨੁ ਕੋਇ ॥
ਕੋਈ ਵਿਰਲਾ ਮਨੁੱਖ ਪ੍ਰਭੂ ਦੇ ਨਾਮ ਦਾ ਸੁਆਦ ਮਾਣਦਾ ਹੈ,
ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥
ਉਹ ਨਾਮ-ਅੰਮ੍ਰਿਤ ਪੀਂਦਾ ਹੈ, ਤੇ ਅਮਰ ਹੋ ਜਾਂਦਾ ਹੈ ।
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥ ਜਾ ਕੈ ਮਨਿ ਪ੍ਰਗਟੇ ਗੁਨਤਾਸ ॥
ਉਸ ਦਾ ਕਦੇ ਨਾਸ ਨਹੀਂ ਹੁੰਦਾ ,ਜਿਸ ਦੇ ਮਨ ਵਿਚ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ,
ਆਠ ਪਹਰ ਹਰਿ ਕਾ ਨਾਮੁ ਲੇਇ ॥
ਅੱਠੇ ਪਹਰ ਪ੍ਰਭੂ ਦਾ ਨਾਮ ਸਿਮਰਦਾ ਹੈ,
ਸਚੁ ਉਪਦੇਸੁ ਸੇਵਕ ਕਉ ਦੇਇ ॥
ਆਪਣੇ ਸੇਵਕ ਨੂੰ ਭੀ ਇਹੀ ਸੱਚਾ ਉਪਦੇਸ ਦੇਂਦਾ ਹੈ ।
ਮੋਹ ਮਾਇਆ ਕੈ ਸੰਗਿ ਨ ਲੇਪੁ ॥
ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ,
ਮਨ ਮਹਿ ਰਾਖੈ ਹਰਿ ਹਰਿ ਏਕੁ ॥
ਉਹ ਸਦਾ ਆਪਣੇ ਮਨ ਵਿਚ ਇਕ ਪ੍ਰਭੂ ਨੂੰ ਟਿਕਾਉਂਦਾ ਹੈ ।
ਅੰਧਕਾਰ ਦੀਪਕ ਪਰਗਾਸੇ ॥
(ਜਿਸ ਦੇ ਅੰਦਰੋਂ) (ਨਾਮ-ਰੂਪ) ਦੀਵੇ ਦੇ ਨਾਲ (ਅਗਿਆਨਤਾ ਦਾ) ਹਨੇਰਾ (ਹਟ ਕੇ) ਚਾਨਣ ਹੋ ਜਾਂਦਾ ਹੈ,
ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥
ਹੇ ਨਾਨਕ! ਉਸ ਦੇ ਭੁਲੇਖੇ ਤੇ ਮੋਹ ਦੇ (ਕਾਰਣ ਪੈਦਾ ਹੋਏ) ਦੁੱਖ ਦੂਰ ਹੋ ਜਾਂਦੇ ਹਨ ।੬।
ਤਪਤਿ ਮਾਹਿ ਠਾਢਿ ਵਰਤਾਈ ॥
ਹੇ ਭਾਈ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ,
ਅਨਦੁ ਭਇਆ ਦੁਖ ਨਾਠੇ ਭਾਈ ॥
ਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ ।
ਜਨਮ ਮਰਨ ਕੇ ਮਿਟੇ ਅੰਦੇਸੇ ॥
ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ ।
ਸਾਧੂ ਕੇ ਪੂਰਨ ਉਪਦੇਸੇ ॥
ਗੁਰੂ ਦੇ ਪੂਰੇ ਉਪਦੇਸ਼ ਦੁਆਰਾ ,
ਭਉ ਚੂਕਾ ਨਿਰਭਉ ਹੋਇ ਬਸੇ ॥
(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ ,
ਸਗਲ ਬਿਆਧਿ ਮਨ ਤੇ ਖੈ ਨਸੇ ॥
ਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ ।
ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥
ਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;
ਸਾਧਸੰਗਿ ਜਪਿ ਨਾਮੁ ਮੁਰਾਰੀ ॥
ਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ,
ਥਿਤਿ ਪਾਈ ਚੂਕੇ ਭ੍ਰਮ ਗਵਨ ॥
(ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ ।
ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥
ਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ।੭।
ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥
ਉਹ ਆਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਵੱਖਰਾ ਹੈ, ਤ੍ਰਿਗੁਣੀ ਸੰਸਾਰ ਦਾ ਰੂਪ ਭੀ ਆਪ ਹੀ ਹੈ ।
ਕਲਾ ਧਾਰਿ ਜਿਨਿ ਸਗਲੀ ਮੋਹੀ ॥
ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰ ਕੇ ਸਾਰੇ ਜਗਤ ਨੂੰ ਮੋਹਿਆ ਹੈ,
ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥
ਪ੍ਰਭੂ ਨੇ ਆਪਣੇ ਖੇਲ-ਤਮਾਸ਼ੇ ਆਪ ਹੀ ਬਣਾਏ ਹਨ,
ਅਪੁਨੀ ਕੀਮਤਿ ਆਪੇ ਪਾਏ ॥
ਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ ।
ਹਰਿ ਬਿਨੁ ਦੂਜਾ ਨਾਹੀ ਕੋਇ ॥
ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
ਸਰਬ ਨਿਰੰਤਰਿ ਏਕੋ ਸੋਇ ॥
ਆਪਣੀ ਬਜ਼ੁਰਗੀ ਦਾ ਮੁੱਲ ਭੀ ਆਪ ਹੀ ਪਾਂਦਾ ਹੈ ।
ਓਤਿ ਪੋਤਿ ਰਵਿਆ ਰੂਪ ਰੰਗ ॥
ਤਾਣੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿਚ ਵਿਆਪਕ ਹੈ;
ਭਏ ਪ੍ਰਗਾਸ ਸਾਧ ਕੈ ਸੰਗ ॥
ਇਹ ਚਾਨਣ (ਭਾਵ, ਸਮਝ) ਸਤਿਗੁਰੂ ਦੀ ਸੰਗਤਿ ਵਿਚ ਪ੍ਰਕਾਸ਼ਦਾ ਹੈ ।