Sri Guru Granth Sahib Ji — Ang 268 (punjabi)
ਇਆਹੂ ਜੁਗਤਿ ਬਿਹਾਨੇ ਕਈ ਜਨਮ ॥
ਇਸੇ ਰਾਹੇ ਪੈ ਕੇ (ਇਸ ਦੇ) ਕਈ ਜਨਮ ਗੁਜ਼ਾਰ ਗਏ ਹਨ ।
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥
ਹੇ ਨਾਨਕ! (ਇਸ ਵਿਚਾਰੇ ਜੀਵ ਵਾਸਤੇ ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ) ਆਪਣੀ ਮੇਹਰ ਕਰ ਕੇ (ਇਸ ਨੂੰ) ਬਚਾ ਲਵੋ ।੭।
ਤੂ ਠਾਕੁਰੁ ਤੁਮ ਪਹਿ ਅਰਦਾਸਿ ॥
(ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ,
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ ।
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੂੰ ਸਾਡਾ ਮਾਂ ਪਿਉ ਹੈਂ, ਅਸੀ ਤੇਰੇ ਬਾਲ ਹਾਂ,
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਤੇਰੀ ਮੇਹਰ (ਦੀ ਨਜ਼ਰ) ਵਿਚ ਬੇਅੰਤ ਸੁਖ ਹਨ ।
ਕੋਇ ਨ ਜਾਨੈ ਤੁਮਰਾ ਅੰਤੁ ॥
ਕੋਈ ਤੇਰਾ ਅੰਤ ਨਹੀਂ ਪਾ ਸਕਦਾ,
ਊਚੇ ਤੇ ਊਚਾ ਭਗਵੰਤ ॥
(ਕਿਉਂਕਿ) ਤੂੰ ਸਭ ਤੋਂ ਉੱਚਾ ਭਗਵਾਨ ਹੈਂ ।
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
ਜਗਤ ਦੇ) ਸਾਰੇ ਪਦਾਰਥ ਤੇਰੇ ਹੀ ਹੁਕਮ ਵਿਚ ਟਿਕੇ ਹੋਏ ਹਨ;
ਤੁਮ ਤੇ ਹੋਇ ਸੁ ਆਗਿਆਕਾਰੀ ॥
ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿਚ ਤੁਰ ਰਹੀ ਹੈ ।
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ—ਇਹ ਤੂੰ ਆਪ ਹੀ ਜਾਣਦਾ ਹੈਂ ।
ਨਾਨਕ ਦਾਸ ਸਦਾ ਕੁਰਬਾਨੀ ॥੮॥੪॥
ਹੇ ਨਾਨਕ! (ਆਖ, ਹੇ ਪ੍ਰਭੂ!) ਤੇਰੇ ਸੇਵਕ (ਤੈਥੋਂ) ਸਦਾ ਸਦਕੇ ਜਾਂਦੇ ਹਨ ।੮।੪।
ਸਲੋਕੁ ॥
slok[
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
(ਸਾਰੀਆਂ ਦਾਤਾਂ) ਦੇਣ ਵਾਲੇ ਪ੍ਰਭੂ ਨੂੰ ਛੱਡ ਕੇ (ਜੀਵ) ਹੋਰ ਸੁਆਦ ਵਿਚ ਲੱਗਦੇ ਹਨ;
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥
ਹੇ ਨਾਨਕ! (ਇਹੋ ਜਿਹਾ) ਕਦੇ (ਕੋਈ ਮਨੁੱਖ ਜੀਵਨ-ਯਾਤ®ਾ ਵਿਚ) ਕਾਮਯਾਬ ਨਹੀਂ ਹੁੰਦਾ (ਕਿਉਂਕਿ ਪ੍ਰਭੂ ਦੇ) ਨਾਮ ਤੋਂ ਬਿਨਾ ਇੱਜ਼ਤ ਨਹੀਂ ਰਹਿੰਦੀ ।੧।
ਅਸਟਪਦੀ ॥
AStpdI[
ਦਸ ਬਸਤੂ ਲੇ ਪਾਛੈ ਪਾਵੈ ॥
ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ,
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
(ਪਰ) ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ ।
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥
(ਜੇ ਪ੍ਰਭੂ) ਇਕ ਚੀਜ਼ ਭੀ ਨਾਹ ਦੇਵੇ, ਤੇ, ਦਸ (ਦਿੱਤੀਆਂ ਹੋਈਆਂ) ਭੀ ਖੋਹ ਲਏ,
ਤਉ ਮੂੜਾ ਕਹੁ ਕਹਾ ਕਰੇਇ ॥
ਤਾਂ, ਦੱਸੋ, ਇਹ ਮੂਰਖ ਕੀਹ ਕਰ ਸਕਦਾ ਹੈ?
ਜਿਸੁ ਠਾਕੁਰ ਸਿਉ ਨਾਹੀ ਚਾਰਾ ॥
ਜਿਸ ਮਾਲਕ ਦੇ ਨਾਲ ਪੇਸ਼ ਨਹੀਂ ਜਾ ਸਕਦੀ,
ਤਾ ਕਉ ਕੀਜੈ ਸਦ ਨਮਸਕਾਰਾ ॥
ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਹੀ ਚਾਹੀਦਾ ਹੈ,
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ,
ਸਰਬ ਸੂਖ ਤਾਹੂ ਮਨਿ ਵੂਠਾ ॥
ਸਾਰੇ ਸੁਖ ਉਸੇ ਦੇ ਹਿਰਦੇ ਵਿਚ ਆ ਵੱਸਦੇ ਹਨ ।
ਜਿਸੁ ਜਨ ਅਪਨਾ ਹੁਕਮੁ ਮਨਾਇਆ ॥
ਜਿਸ ਮਨੁੱਖ ਤੋਂ ਪ੍ਰਭੂ ਆਪਣਾ ਹੁਕਮ ਮਨਾਉਂਦਾ ਹੈ,
ਸਰਬ ਥੋਕ ਨਾਨਕ ਤਿਨਿ ਪਾਇਆ ॥੧॥
ਹੇ ਨਾਨਕ! (ਦੁਨੀਆ ਦੇ) ਸਾਰੇ ਪਦਾਰਥ (ਮਾਨੋ) ਉਸ ਨੇ ਲੱਭ ਲਏ ਹਨ ।੧।
ਅਗਨਤ ਸਾਹੁ ਅਪਨੀ ਦੇ ਰਾਸਿ ॥
ਪ੍ਰਭੂ) ਸ਼ਾਹ ਅਣਗਿਣਤ (ਪਦਾਰਥਾਂ ਦੀ) ਪੂੰਜੀ (ਜੀਵ ਵਣਜਾਰੇ ਨੂੰ) ਦੇਂਦਾ ਹੈ,
ਖਾਤ ਪੀਤ ਬਰਤੈ ਅਨਦ ਉਲਾਸਿ ॥
(ਜੀਵ) ਖਾਂਦਾ ਪੀਂਦਾ ਚਾਉ ਤੇ ਖ਼ੁਸ਼ੀ ਨਾਲ (ਇਹਨਾਂ ਪਦਾਰਥਾਂ ਨੂੰ) ਵਰਤਦਾ ਹੈ ।
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥
(ਜੇ) ਸ਼ਾਹ ਆਪਣੀ ਕੋਈ ਅਮਾਨਤ ਮੋੜ ਲਏ,
ਅਗਿਆਨੀ ਮਨਿ ਰੋਸੁ ਕਰੇਇ ॥
ਤਾਂ (ਇਹ) ਅਗਿਆਨੀ ਮਨ ਵਿਚ ਰੋਸਾ ਕਰਦਾ ਹੈ;
ਅਪਨੀ ਪਰਤੀਤਿ ਆਪ ਹੀ ਖੋਵੈ ॥
(ਇਸ ਤਰ੍ਹਾਂ) ਆਪਣਾ ਇਤਬਾਰ ਆਪ ਹੀ ਗਵਾ ਲੈਂਦਾ ਹੈ,
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
ਤੇ ਮੁੜ ਇਸ ਦਾ ਵਿਸਾਹ ਨਹੀਂ ਕੀਤਾ ਜਾਂਦਾ ।
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥
ਜੇ) ਜਿਸ ਪ੍ਰਭੂ ਦੀ (ਬਖ਼ਸ਼ੀ ਹੋਈ) ਚੀਜ਼ ਹੈ ਉਸ ਦੇ ਅੱਗੇ (ਆਪ ਹੀ ਖ਼ੁਸ਼ੀ ਨਾਲ) ਰੱਖ ਦਏ,
ਪ੍ਰਭ ਕੀ ਆਗਿਆ ਮਾਨੈ ਮਾਥੈ ॥
ਤੇ ਪ੍ਰਭੂ ਦਾ ਹੁਕਮ (ਕੋਈ ਚੀਜ਼ ਖੁੱਸਣ ਵੇਲੇ) ਸਿਰ ਮੱਥੇ ਤੇ ਮੰਨ ਲਏ,
ਉਸ ਤੇ ਚਉਗੁਨ ਕਰੈ ਨਿਹਾਲੁ ॥
ਤਾਂ (ਪ੍ਰਭੂ ਉਸ ਨੂੰ) ਅੱਗੇ ਨਾਲੋਂ ਚਉਗੁਣਾ ਨਿਹਾਲ ਕਰਦਾ ਹੈ ।
ਨਾਨਕ ਸਾਹਿਬੁ ਸਦਾ ਦਇਆਲੁ ॥੨॥
ਹੇ ਨਾਨਕ! ਮਾਲਕ ਸਦਾ ਮੇਹਰ ਕਰਨ ਵਾਲਾ ਹੈ ।੨।
ਅਨਿਕ ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥
ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ (ਭਾਵ, ਮਾਇਆ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਂਹਦੇ ਹਨ),
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
ਜੇ ਕੋਈ ਮਨੁੱਖ) ਰੁੱਖ ਦੀ ਛਾਂ ਨਾਲ ਪਿਆਰ ਪਾ ਬੈਠੇ,
ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਉਹ ਛਾਂ ਨਾਸ ਹੋ ਜਾਂਦੀ ਹੈ, ਤੇ, ਉਹ ਮਨੁੱਖ ਮਨ ਵਿਚ ਪਛੁਤਾਂਦਾ ਹੈ ।
ਜੋ ਦੀਸੈ ਸੋ ਚਾਲਨਹਾਰੁ ॥
(ਇਹ ਸਾਰਾ ਜਗਤ) ਜੋ ਦਿੱਸ ਰਿਹਾ ਹੈ ਨਾਸਵੰਤ ਹੈ,
ਲਪਟਿ ਰਹਿਓ ਤਹ ਅੰਧ ਅੰਧਾਰੁ ॥
ਇਸ (ਜਗਤ) ਨਾਲ ਇਹ ਅੰਨ੍ਹਿਆਂ ਦਾ ਅੰਨ੍ਹਾ (ਜੀਵ) ਜੱਫਾ ਪਾਈ ਬੈਠਾ ਹੈ ।
ਬਟਾਊ ਸਿਉ ਜੋ ਲਾਵੈ ਨੇਹ ॥
ਜੋ (ਭੀ) ਮਨੁੱਖ (ਕਿਸੇ) ਰਾਹੀ ਨਾਲ ਪਿਆਰ ਪਾ ਲੈਂਦਾ ਹੈ,
ਤਾ ਕਉ ਹਾਥਿ ਨ ਆਵੈ ਕੇਹ ॥
(ਅੰਤ ਨੂੰ) ਉਸ ਦੇ ਹੱਥ ਪੱਲੇ ਕੁਝ ਨਹੀਂ ਪੈਂਦਾ ।
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਹੇ ਮਨ! ਪ੍ਰਭੂ ਦੇ ਨਾਮ ਦਾ ਪਿਆਰ (ਹੀ) ਸੁਖ ਦੇਣ ਵਾਲਾ ਹੈ;
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥
(ਪਰ) ਹੇ ਨਾਨਕ! (ਇਹ ਪਿਆਰ ਉਸ ਮਨੁੱਖ ਨੂੰ ਨਸੀਬ ਹੁੰਦਾ ਹੈ, ਜਿਸ ਨੂੰ) ਪ੍ਰਭੂ ਮੇਹਰ ਕਰ ਕੇ ਆਪ ਲਾਉਂਦਾ ਹੈ ।੩।
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥
ਜਦ ਇਹ) ਸਰੀਰ, ਧਨ ਤੇ ਸਾਰਾ ਪਰਵਾਰ ਨਾਸਵੰਤ ਹੈ,
ਮਿਥਿਆ ਹਉਮੈ ਮਮਤਾ ਮਾਇਆ ॥
(ਤਾਂ) ਮਾਇਆ ਦੀ ਮਾਲਕੀ ਤੇ ਹਉਮੈ (ਭਾਵ, ਧਨ ਤੇ ਪਰਵਾਰ ਦੇ ਕਾਰਣ ਵਡੱਪਣ)—ਇਹਨਾਂ ਉਤੇ ਮਾਣ ਭੀ ਝੂਠਾ ।
ਮਿਥਿਆ ਰਾਜ ਜੋਬਨ ਧਨ ਮਾਲ ॥
ਰਾਜ ਜੁਆਨੀ ਤੇ ਧਨ ਮਾਲ ਸਭ ਨਾਸਵੰਤ ਹਨ,
ਮਿਥਿਆ ਕਾਮ ਕ੍ਰੋਧ ਬਿਕਰਾਲ ॥
ਇਸ ਵਾਸਤੇ ਇਹਨਾਂ ਦੇ ਕਾਰਣ) ਕਾਮ (ਦੀ ਲਹਰ) ਤੇ ਭਿਆਨਕ ਕੋ੍ਰਧ ਇਹ ਭੀ ਵਿਅਰਥ ਹਨ ।
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥
ਰਥ, ਹਾਥੀ, ਘੋੜੇ ਤੇ (ਸੁੰਦਰ) ਕੱਪੜੇ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ,
ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
(ਇਸ ਸਾਰੀ) ਮਾਇਆ ਨੂੰ ਪਿਆਰ ਨਾਲ ਵੇਖ ਕੇ (ਜੀਵ) ਹੱਸਦਾ ਹੈ, (ਪਰ ਇਹ ਹਾਸਾ ਤੇ ਮਾਣ ਭੀ) ਵਿਅਰਥ ਹੈ ।
ਮਿਥਿਆ ਧ੍ਰੋਹ ਮੋਹ ਅਭਿਮਾਨੁ ॥
ਦਗ਼ਾ, ਮੋਹ ਤੇ ਅਹੰਕਾਰ—(ਇਹ ਸਾਰੇ ਹੀ ਮਨ ਦੇ) ਵਿਅਰਥ (ਤਰੰਗ) ਹਨ;
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
ਆਪਣੇ ਉਤੇ ਮਾਣ ਕਰਨਾ ਭੀ ਝੂਠਾ (ਨਸ਼ਾ) ਹੈ ।
ਅਸਥਿਰੁ ਭਗਤਿ ਸਾਧ ਕੀ ਸਰਨ ॥
ਸਦਾ ਕਾਇਮ ਰਹਿਣ ਵਾਲੀ (ਪ੍ਰਭੂ ਦੀ) ਭਗਤੀ (ਹੀ ਹੈ ਜੋ) ਗੁਰੂ ਦੀ ਸਰਣ ਪੈ ਕੇ (ਕੀਤੀ ਜਾਏ) ।
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥
ਹੇ ਨਾਨਕ! ਪ੍ਰਭੂ ਦੇ ਚਰਣ (ਹੀ) ਸਦਾ ਜਪ ਕੇ (ਮਨੁੱਖ) ਅਸਲੀ ਜੀਵਨ ਜੀਊਂਦਾ ਹੈ ।੪।
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
(ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ,
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
ਹੱਥ ਵਿਅਰਥ ਹਨ (ਜੇ ਇਹ) ਪਰਾਏ ਧਨ ਨੂੰ ਚੁਰਾਉਂਦੇ ਹਨ;