Sri Guru Granth Sahib Ji — Ang 249 (punjabi)
ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥
(ਹੇ ਭਾਈ!) ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ,
ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥
ਉਹ ਹਰੀ-ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ ।
ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥
(ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ ।
ਬਿਨਵੰਤਿ ਨਾਨਕ ਕਰਹੁ ਕਿਰਪਾ ਪਾਰਬ੍ਰਹਮ ਹਰਿ ਰਾਇਆ ॥੨॥
ਨਾਨਕ ਬੇਨਤੀ ਕਰਦਾ ਹੈ—ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ (ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ।੨।
ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥
ਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਜਿਸ ਨੇ ਸਭਨਾਂ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ
ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥
ਜੋ ਤਰਸ-ਸਰੂਪ ਹੈ, ਸਭ ਤਾਕਤਾਂ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ,
ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥
ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ,
ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥
ਜੋ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ ।
ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ ॥
ਹੇ ਮਨ! ਮੁਰਾਰੀ-ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ ।
ਬਿਨਵੰਤਿ ਨਾਨਕ ਕਰਹੁ ਕਿਰਪਾ ਸਮਰਥ ਸਭ ਕਲ ਧਾਰੀ ॥੩॥
ਨਾਨਕ ਬੇਨਤੀ ਕਰਦਾ ਹੈ—ਹੇ ਸਭ ਤਾਕਤਾਂ ਦੇ ਮਾਲਕ! ਹੇ ਸਭਨਾਂ ਵਿਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ।੩।
ਗੁਣ ਗਾਉ ਮਨਾ ਅਚੁਤ ਅਬਿਨਾਸੀ ਸਭ ਤੇ ਊਚ ਦਇਆਲਾ ॥
ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ,
ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥
ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭ ਕੁਝ ਦੇਣ ਜੋਗਾ ਹੈ, ਜੋ ਸਭ ਦੀ ਪਾਲਣਾ ਕਰਦਾ ਹੈ ।
ਪ੍ਰਤਿਪਾਲ ਮਹਾ ਦਇਆਲ ਦਾਨਾ ਦਇਆ ਧਾਰੇ ਸਭ ਕਿਸੈ ॥
(ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ । ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ ।
ਕਾਲੁ ਕੰਟਕੁ ਲੋਭੁ ਮੋਹੁ ਨਾਸੈ ਜੀਅ ਜਾ ਕੈ ਪ੍ਰਭੁ ਬਸੈ ॥
ਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ (ਕੰਡੇ ਵਾਂਗ ਚੁੱਭਦਾ ਰਹਿਣ ਵਾਲਾ) ਮੌਤ ਦਾ ਸਹਮ ਦੂਰ ਹੋ ਜਾਂਦਾ ਹੈ ।
ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥
(ਹੇ ਮਨ!) ਜਿਸ ਮਨੁੱਖ ਉਤੇ ਪ੍ਰਭੂ-ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪਂੈਦਾ ਹੈ, ਉਸ ਦੀ ਕੀਤੀ ਮਿਹਨਤ ਸਿਰੇ ਚੜ੍ਹ ਜਾਂਦੀ ਹੈ ।
ਬਿਨਵੰਤ ਨਾਨਕ ਇਛ ਪੁਨੀ ਜਪਤ ਦੀਨ ਦੈਆਲਾ ॥੪॥੩॥
ਨਾਨਕ ਬੇਨਤੀ ਕਰਦਾ ਹੈ—ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ।੪।੩।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥
ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ ਬੇਨਤੀ) ਸੁਣ (ਆ,) ਰਲ ਕੇ ਭੋਜਨ ਕਰੀਏ (ਤੇ) ਕੰਤ-ਪ੍ਰਭੂ ਨੂੰ (ਆਪਣੇ ਉਤੇ) ਖ਼ੁਸ਼ ਕਰ ਲਈਏ ।
ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥
ਅਹੰਕਾਰ ਦੂਰ ਕਰ ਕੇ (ਤੇ ਕੰਤ-ਪ੍ਰਭੂ ਦੀ) ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ-ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ ।
ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
ਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪੇ੍ਰਮ-ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ ।
ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥
ਹੇ ਨਾਨਕ! (ਜੇਹੜਾ ਜੀਵ ਕੰਤ-ਪ੍ਰਭੂ ਦੀ ਸਰਨ ਆਉਂਦਾ ਹੈ) ਉਸ ਜੀਵ ਨੂੰ ਉਹ ਪਵਿਤ੍ਰ (ਜੀਵਨ ਵਾਲਾ) ਬਣਾ ਦੇਂਦਾ ਹੈ (ਉਸ ਦੇ ਪਵਿਤ੍ਰ ਆਤਮਕ ਜੀਵਨ ਨੂੰ ਉਹ ਪ੍ਰਭੂ) ਬੁਢੇਪਾ ਨਹੀਂ ਆਉਣ ਦੇਂਦਾ, ਮੌਤ ਨਹੀਂ ਆਉਣ ਦੇਂਦਾ, ਉਸ ਦੇ ਸਾਰੇ ਡਰ ਤੇ ਨਰਕ (ਵੱਡੇ ਤੋਂ ਵੱਡੇ ਦੁੱਖ) ਦੂਰ ਕਰ ਦੇਂਦਾ ਹੈ ।੧।
ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥
ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ) ਇਹ ਭਲੀ ਬੇਨਤੀ (ਸੁਣ । ਆ) ਇਹ ਸਲਾਹ ਪੱਕੀ ਕਰੀਏ
ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥
ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਛਲ-ਫ਼ਰੇਬ ਦੂਰ ਕਰ ਕੇ ਗੋਬਿਦ (ਦੀ ਸਿਫ਼ਤਿ-ਸਾਲਾਹ) ਦੇ ਗੀਤ ਗਾਵੀਏ ।
ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥
(ਗੋਬਿੰਦ ਦੀ ਸਿਫ਼ਤਿ-ਸਾਲਾਹ ਕੀਤਿਆਂ, ਅੰਦਰੋਂ ਵਿਕਾਰਾਂ ਦੀ) ਖਹ-ਖਹ ਤੇ ਹੋਰ ਸਾਰੇ ਕਲੇਸ਼ ਮਿਟ ਜਾਂਦੇ ਹਨ (ਮਾਇਆ ਦੇ ਪਿੱਛੇ ਮਨ ਦੀਆਂ) ਦੌੜ-ਭੱਜਾਂ ਮੁੱਕ ਜਾਂਦੀਆਂ ਹਨ, ਮਨ ਵਿਚ ਚਿਤਵਿਆ ਹੋਇਆ ਫਲ ਪ੍ਰਾਪਤ ਹੋ ਜਾਂਦਾ ਹੈ ।
ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥
ਹੇ ਨਾਨਕ! (ਆਖ—ਹੇ ਸਤਸੰਗੀ ਸੱਜਣ!) ਪਾਰਬ੍ਰਹਮ ਪੂਰਨ ਪਰਮੇਸਰ ਦਾ ਨਾਮ (ਸਦਾ) ਸਿਮਰਨਾ ਚਾਹੀਦਾ ਹੈ ।੨।
ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥
(ਹੇ ਸਹੇਲੀਏ! ਮੈਂ ਸਦਾ ਤਾਂਘ ਕਰਦੀ ਰਹਿੰਦੀ ਹਾਂ ਤੇ ਸੁੱਖਣਾ ਸੁੱਖਦੀ ਰਹਿੰਦੀ ਹਾਂ (ਕਿ) ਹੇ ਪ੍ਰਭੂ! ਮੇਰੀ ਆਸ ਪੂਰੀ ਕਰ,
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥
ਮੈਂ ਤੇਰੇ ਦਰਸਨ ਲਈ ਉਤਾਵਲੀ ਹੋਈ ਸਾਰੇ ਥਾਂ ਵੇਖਦੀ ਫਿਰਦੀ ਹਾਂ ।
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥
(ਹੇ ਸਹੇਲੀਏ! ਪ੍ਰਭੂ ਦੀ) ਖੋਜ ਕਰ ਕਰ ਕੇ ਮੈਂ ਸੰਤ ਜਨਾਂ ਦਾ ਸਾਥ (ਜਾ) ਲੱਭਦੀ ਹਾਂ (ਸਾਧ ਸੰਗਤਿ ਹੀ ਉਸ ਪ੍ਰਭੂ ਦਾ) ਮੇਲ ਕਰਾਂਦੀ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਜੋ ਸਭ ਵਿਚ ਵਿਆਪਕ ਹੈ ।
ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥
ਹੇ ਨਾਨਕ! (ਆਖ)—ਹੇ ਮਾਂ! (ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲਦੇ ਹਨ) ਉਹਨਾਂ ਨੂੰ ਹੀ ਦੇਵ-ਲੋਕ ਦਾ ਮਾਲਕ ਤੇ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲਦਾ ਹੈ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ।੩।
ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥
ਹੇ ਸਹੇਲੀਏ! (ਸਾਧ ਸੰਗਤਿ ਦੀ ਬਰਕਤਿ ਨਾਲ ਹੁਣ) ਮੈਂ (ਸਦਾ) ਆਪਣੇ ਖਸਮ-ਪ੍ਰਭੂ ਨਾਲ ਵੱਸਦੀ ਹਾਂ, ਮੇਰਾ ਮਨ ਉਸ ਹਰੀ ਨਾਲ ਗਿੱਝ ਗਿਆ ਹੈ, ਮੇਰਾ ਤਨ (ਹਿਰਦਾ) ਉਸ ਹਰੀ ਨਾਲ ਇਕ-ਮਿੱਕ ਹੋ ਗਿਆ ਹੈ ।
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥
ਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ ।
ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥
ਉਸ ਮਾਲਕ-ਪ੍ਰਭੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਮੇਰੇ ਅੰਦਰ ਹੁਣ ਸ਼ਾਂਤੀ ਬਣੀ ਰਹਿੰਦੀ ਹੈ, ਮੈਂ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹਾਂ, (ਮੇਰੇ ਅੰਦਰ ਉਸ ਦੀ ਜੋਤਿ ਦਾ) ਚਾਨਣ ਹੋ ਗਿਆ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ)) ਕੌਲ-ਫੁੱਲ ਖਿੜ ਪੈਂਦਾ ਹੈ (ਤਿਵੇਂ ਉਸ ਦੀ ਜੋਤਿ ਦੇ ਚਾਨਣ ਨਾਲ ਮੇਰਾ ਹਿਰਦਾ ਖਿੜਿਆ ਰਹਿੰਦਾ ਹੈ) ।
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥
ਹੇ ਨਾਨਕ! (ਆਖ—ਹੇ ਸਹੇਲੀਏ! ਸਾਧ ਸੰਗਤਿ ਦੀ ਬਰਕਤਿ ਨਾਲ) ਮੈਂ ਅੰਤਰਜਾਮੀ ਪ੍ਰਭੂ-ਖਸਮ ਲੱਭ ਲਿਆ ਹੈ, ਤੇ (ਮੇਰੇ ਸਿਰ ਦਾ) ਇਹ ਸੁਹਾਗ ਕਦੇ ਦੂਰ ਹੋਣ ਵਾਲਾ ਨਹੀਂ ।੪।੪।੨।੫।੧੧।