Sri Guru Granth Sahib Ji — Ang 241 (punjabi)
ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥
ਹੇ ਮਨ ਨੂੰ ਮੋਹ ਲੈਣ ਵਾਲੇ ਸੋਹਣੇ ਲਾਲ! ਹੇ ਸਭ ਜੀਵਾਂ ਦੇ ਆਸਰੇ ਪ੍ਰਭੂ!
ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥
ਮੈਂ ਨਿਊਂ ਨਿਊਂ ਕੇ ਗੁਰੂ ਦੀ ਪੈਰੀਂ ਲੱਗਦਾ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ) ਦਰਸਨ ਕਰਾ ਦੇਵੇ ।੩।
ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥
ਮੈਂ ਅਨੇਕਾਂ ਸਾਕ-ਸਨਬੰਧੀਆਂ ਨੂੰ ਆਪਣਾ ਮਿੱਤਰ ਬਣਾਇਆ (ਪਰ ਕਿਸੇ ਨਾਲ ਭੀ ਤੋੜ ਦਾ ਸਾਥ ਨਹੀਂ ਨਿਭਦਾ, ਹੁਣ ਮੈਂ) ਇਕ ਪਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਹਾਂ (ਉਹੀ ਨਾਲ ਨਿਭਣ ਵਾਲਾ ਸਾਥੀ ਹੈ) ।
ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥
ਸਾਰੇ ਗੁਣ (ਭੀ) ਹੋਰ ਕਿਸੇ ਵਿਚ ਨਹੀਂ ਹਨ, ਇਕ ਪਰਮਾਤਮਾ ਹੀ ਭਰੇ ਖ਼ਜ਼ਾਨਿਆਂ ਵਾਲਾ ਹੈ ।੪।
ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥
ਹੇ ਨਾਨਕ! (ਆਖ—ਹੇ ਪ੍ਰਭੂ!) ਚੌਹੀਂ ਪਾਸੀਂ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ, (ਜੇਹੜਾ ਮਨੁੱਖ ਜਪਦਾ ਹੈ ਉਹ) ਸੁਖ-ਆਨੰਦ ਵਿਚ (ਰਹਿੰਦਾ ਹੈ ਉਸ ਦਾ ਜੀਵਨ) ਸੰਵਰ ਜਾਂਦਾ ਹੈ ।
ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥
ਹੇ ਪ੍ਰਭੂ!) ਮੈਂ ਤੇਰਾ ਆਸਰਾ ਤੱਕਿਆ ਹੈ, ਮੈਂ ਤੈਥੋਂ ਸਦਕੇ ਹਾਂ ।੫।
ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥
(ਹੇ ਭਾਈ!) ਗੁਰੂ ਨੇ ਮੈਨੂੰ ਬਾਂਹ ਖਿਲਾਰ ਕੇ ਮੋਹ ਦੇ ਖੂਹ ਵਿਚੋਂ ਕੱਢ ਲਿਆ ਹੈ,
ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥
(ਉਸ ਦੀ ਬਰਕਤਿ ਨਾਲ) ਮੈਂ ਕੀਮਤੀ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲਈ ਹੈ, ਮੁੜ ਮੈਂ (ਮੋਹ ਦੇ ਟਾਕਰੇ ਤੇ) ਬਾਜ਼ੀ ਨਹੀਂ ਹਾਰਾਂਗਾ ।੬।
ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥
(ਗੁਰੂ ਦੀ ਕਿਰਪਾ ਨਾਲ) ਮੈਂ ਸਾਰੇ ਗੁਣਾਂ ਦਾ ਖ਼ਜ਼ਾਨਾ ਉਹ ਪਰਮਾਤਮਾ ਲੱਭ ਲਿਆ ਹੈ, ਜਿਸ ਦੀਆਂ ਸਿਫ਼ਤਿ-ਸਾਲਾਹ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ।
ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥
(ਜੇਹੜੇ ਮਨੁੱਖ ਸਰਬ-ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ) ਉਹ ਉਸ ਦੀ ਦਰਗਾਹ ਵਿਚ ਸੋਭਾ ਹਾਸਲ ਕਰ ਲੈਂਦੇ ਹਨ, ਉਹ ਉਥੇ ਬਾਂਹ ਹੁਲਾਰ ਕੇ ਤੁਰਦੇ ਹਨ (ਮੌਜ-ਆਨੰਦ ਵਿਚ ਰਹਿੰਦੇ ਹਨ) ।੭।
ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥
ਹੇ ਦਾਸ ਨਾਨਕ! (ਆਖ—ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ) ਪਰਮਾਤਮਾ ਦਾ ਬੇਅੰਤ ਕੀਮਤੀ ਨਾਮ-ਰਤਨ ਹਾਸਲ ਕਰ ਲਿਆ ।
ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥
(ਹੇ ਭਾਈ!) ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸਰਨ ਪਿਆਂ ਸੰਸਾਰ-ਸਮੁੰਦਰ ਤੋਂ (ਬੇ-ਦਾਗ਼ ਰਹਿ ਕੇ) ਪਾਰ ਲੰਘ ਜਾਈਦਾ ਹੈ ।੮।੧੨।
ਗਉੜੀ ਮਹਲਾ ੫
ਗਊੜੀ ਪਾਤਸ਼ਾਹੀ ਪੰਜਵੀਂ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
ਨਾਰਾਇਣ ਹਰਿ ਰੰਗ ਰੰਗੋ ॥
ਹਰੀ-ਪਰਮਾਤਮਾ ਦੇ ਪਿਆਰ-ਰੰਗ ਵਿਚ ਆਪਣੇ ਮਨ ਨੂੰ ਰੰਗ ।
ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥
(ਹੇ ਭਾਈ!) ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪ, ਹਰੀ ਦੇ ਦਰ ਤੋਂ ਉਸ ਦਾ ਨਾਮ ਮੰਗ ।੧।ਰਹਾਉ।
ਤਜਿ ਹਉਮੈ ਗੁਰ ਗਿਆਨ ਭਜੋ ॥
(ਹੇ ਭਾਈ!) ਗੁਰੂ ਦੇ ਬਖ਼ਸ਼ੇ ਗਿਆਨ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰ ।
ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥
ਜਿਸ ਮਨੁੱਖ ਦੇ ਮੱਥੇ ਉਤੇ ਧੁਰ ਦਰਗਾਹੋਂ ਬਖ਼ਸ਼ਸ਼ ਦਾ ਲੇਖ ਲਿਖਿਆ ਜਾਂਦਾ ਹੈ, ਉਹ ਸਾਧ ਸੰਗਤਿ ਵਿਚ ਮਿਲ ਕੇ (ਹਉਮੈ ਦੂਰ ਕਰਦਾ ਹੈ ਤੇ ਹਰਿ-ਨਾਮ ਜਪਦਾ ਹੈ) ।੧।
ਜੋ ਦੀਸੈ ਸੋ ਸੰਗਿ ਨ ਗਇਓ ॥
(ਹੇ ਭਾਈ! ਜਗਤ ਵਿਚ ਅੱਖੀਂ) ਜੋ ਕੁਝ ਦਿੱਸ ਰਿਹਾ ਹੈ, ਇਹ ਕਿਸੇ ਦੇ ਭੀ ਨਾਲ ਨਹੀਂ ਜਾਂਦਾ,
ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥
ਪਰ ਮੂਰਖ ਮਾਇਆ-ਵੇੜ੍ਹਿਆ ਮਨੁੱਖ (ਇਸ ਦਿੱਸਦੇ ਪਿਆਰ ਵਿਚ) ਲੱਗ ਕੇ ਖ਼ੁਆਰ ਹੋ ਕੇ ਆਤਮਕ ਮੌਤ ਸਹੇੜਦਾ ਹੈ ।੨।
ਮੋਹਨ ਨਾਮੁ ਸਦਾ ਰਵਿ ਰਹਿਓ ॥
ਉਸ ਮੋਹਨ-ਪ੍ਰਭੂ ਦਾ ਨਾਮ ਪ੍ਰਾਪਤ ਕੀਤਾ ਹੈ ਜੋ ਸਦਾ ਹਰ ਥਾਂ ਵਿਆਪ ਰਿਹਾ ਹੈ
ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥
(ਹੇ ਭਾਈ!) ਕੋ®ੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ।੩।
ਹਰਿ ਸੰਤਨ ਕਰਿ ਨਮੋ ਨਮੋ ॥
(ਹੇ ਭਾਈ!) ਪਰਮਾਤਮਾ ਦੇ ਸੇਵਕ ਸੰਤ ਜਨਾਂ ਨੂੰ ਸਦਾ ਸਦਾ ਨਮਸਕਾਰ ਕਰਦਾ ਰਹੁ, ਤੂੰ ਬੇਅੰਤ ਸੁਖ ਪਾਏਂਗਾ ,
ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥
ਤੈਨੂੰ ਉਹ ਨਾਮ ਮਿਲ ਜਾਏਗਾ ਜੋ, ਮਾਨੋ, ਧਰਤੀ ਦੇ ਨੌ ਹੀ ਖ਼ਜ਼ਾਨੇ ਹੈ ।੪।
ਨੈਨ ਅਲੋਵਉ ਸਾਧ ਜਨੋ ॥
(ਮੇਰੀ ਤਾਂ ਇਹੀ ਅਰਦਾਸ ਹੈ ਕਿ) ਮੈਂ ਆਪਣੀਆਂ ਅੱਖਾਂ ਨਾਲ (ਉਹਨਾਂ ਦਾ) ਦਰਸਨ ਕਰਦਾ ਰਹਾਂ (ਜੋ ਨਾਮ ਜਪਦੇ ਹਨ)
ਹਿਰਦੈ ਗਾਵਹੁ ਨਾਮ ਨਿਧੋ ॥੫॥
ਹੇ ਸਾਧ ਜਨੋ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਗਾਂਦੇ ਰਹੋ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ।੫।
ਕਾਮ ਕ੍ਰੋਧ ਲੋਭੁ ਮੋਹੁ ਤਜੋ ॥
(ਹੇ ਭਾਈ! ਆਪਣੇ ਮਨ ਵਿਚੋਂ) ਕਾਮ, ਕੋ®ਧ, ਲੋਭ ਤੇ ਮੋਹ ਦੂਰ ਕਰੋ ।
ਜਨਮ ਮਰਨ ਦੁਹੁ ਤੇ ਰਹਿਓ ॥੬॥
(ਜੇਹੜਾ ਮਨੁੱਖ ਇਹਨਾਂ ਵਿਕਾਰਾਂ ਨੂੰ ਮਿਟਾਂਦਾ ਹੈ) ਉਹ ਜਨਮ ਅਤੇ ਮਰਨ ਦੋਹਾਂ (ਦੇ ਗੇੜ) ਤੋਂ ਬਚ ਜਾਂਦਾ ਹੈ ।੬।
ਦੂਖੁ ਅੰਧੇਰਾ ਘਰ ਤੇ ਮਿਟਿਓ ॥
ਉਸ ਦੇ ਹਿਰਦੇ-ਘਰ ਵਿਚੋਂ ਦੁਖ ਤੇ ਹਨੇਰਾ ਮਿਟ ਜਾਂਦਾ ਹੈ
ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥
(ਹੇ ਭਾਈ!) ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੱਕੀ ਕਰ ਦਿੱਤੀ, ਉਸ ਦੇ ਅੰਦਰ (ਆਤਮਕ ਸੂਝ ਦਾ) ਦੀਵਾ ਜਗ ਪੈਂਦਾ ਹੈ ।੭।
ਜਿਨਿ ਸੇਵਿਆ ਸੋ ਪਾਰਿ ਪਰਿਓ ॥
ਹੇ ਦਾਸ ਨਾਨਕ! (ਆਖ—) ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ।
ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥
ਗੁਰੂ ਦੀ ਸਰਨ ਪੈ ਕੇ ਜਗਤ (ਸੰਸਾਰ-ਸਮੁੰਦਰ ਨੂੰ) ਤਰ ਜਾਂਦਾ ਹੈ ।੮।੧।੧੩।
ਮਹਲਾ ੫ ਗਉੜੀ ॥
ਗਊੜੀ ਪਾਤਸ਼ਾਹੀ ਪੰਜਵੀਂ।
ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ,
ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥
ਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ।੧।ਰਹਾਉ।
ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥
ਹੇ ਭਾਈ! ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ ।੧।
ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ ।੨।
ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥
(ਹੇ ਭਾਈ!) ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ ।੩।
ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥
(ਹੇ ਭਾਈ!) ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ®ਤਾ (ਆਦਿਕ ਰਾਸਿ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ ।੪।
ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥
(ਹੇ ਭਾਈ!) ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ।੫।
ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥
ਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ।੬।
ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥
ਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ ।੭।
ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥
ਹੇ ਨਾਨਕ! (ਅਰਦਾਸ ਕਰ, ਤੇ ਆਖ—) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ ।੮।੨।੧੪।