Sri Guru Granth Sahib Ji — Ang 211 (punjabi)
ਪ੍ਰਭ ਕੇ ਚਾਕਰ ਸੇ ਭਲੇ ॥
ਹੇ ਨਾਨਕ! (ਆਖ—ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ, ਉਹ ਭਾਗਾਂ ਵਾਲੇ ਹੋ ਜਾਂਦੇ ਹਨ
ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥
(ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ ।੪।੩।੧੪੧।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਜੀਅਰੇ ਓਲੑਾ ਨਾਮ ਕਾ ॥
ਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ) ।
ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥
(ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ।੧।ਰਹਾਉ।
ਅਵਰ ਜਤਨਿ ਨਹੀ ਪਾਈਐ ॥
(ਤੇ ਸਿਮਰਨ ਤੋਂ ਬਿਨਾ ਕਿਸੇ ਭੀ) ਹੋਰ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ
ਵਡੈ ਭਾਗਿ ਹਰਿ ਧਿਆਈਐ ॥੧॥
(ਪਰ) ਵੱਡੀ ਕਿਸਮਤਿ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ
ਲਾਖ ਹਿਕਮਤੀ ਜਾਨੀਐ ॥
(ਜੇ ਜਗਤ ਵਿਚ) ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ,
ਆਗੈ ਤਿਲੁ ਨਹੀ ਮਾਨੀਐ ॥੨॥
ਪਰਲੋਕ ਵਿਚ (ਇਹਨਾਂ ਹਿਕਮਤਾਂ ਦੇ ਕਾਰਨ) ਰਤਾ ਜਿਤਨਾ ਭੀ ਆਦਰ ਨਹੀਂ ਮਿਲਦਾ ।੨।
ਅਹੰਬੁਧਿ ਕਰਮ ਕਮਾਵਨੇ ॥ ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥
(ਹੇ ਜਿੰਦੇ! ਜੇ ਆਪਣੇ ਵਲੋਂ ਧਾਰਮਿਕ) ਕੰਮ (ਭੀ) ਕੀਤੇ ਜਾਣ (ਪਰ ਉਹ) ਹਉਮੈ ਵਾਲੀ ਅਕਲ ਵਧਾਣ ਵਾਲੇ ਹੀ ਹੋਣ, ਤਾਂ ਉਹ ਅਜੇਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ (ਹੜ੍ਹ ਦੇ) ਪਾਣੀ ਨੇ ਰੋੜ੍ਹ ਦਿੱਤਾ ।੩।
ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥
ਹੇ ਨਾਨਕ! (ਆਖ—) ਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ,
ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥
ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਮਿਲਦਾ ਹੈ ।੪।੪।੧੪੨।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪਜੰਵੀਂ।
ਬਾਰਨੈ ਬਲਿਹਾਰਨੈ ਲਖ ਬਰੀਆ ॥
ਹੇ ਭਾਈ! ਮੈਂ (ਪਰਮਾਤਮਾ ਦੇ ਨਾਮ ਤੋਂ) ਲੱਖਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ।
ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥
ਮਾਲਕ-ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ ।੧।ਰਹਾਉ।
ਕਰਨ ਕਰਾਵਨ ਤੁਹੀ ਏਕ ॥
ਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ,
ਜੀਅ ਜੰਤ ਕੀ ਤੁਹੀ ਟੇਕ ॥੧॥
ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ, ਤੂੰ ਹੀ ਸਾਰੇ ਜੀਵਾਂ-ਜੰਤਾਂ ਦਾ ਸਹਾਰਾ ਹੈਂ ।੧।
ਰਾਜ ਜੋਬਨ ਪ੍ਰਭ ਤੂੰ ਧਨੀ ॥ ਤੂੰ ਨਿਰਗੁਨ ਤੂੰ ਸਰਗੁਨੀ ॥੨॥
ਹੇ ਪ੍ਰਭੂ! ਤੂੰ ਹੀ ਹਕੂਮਤ ਦਾ ਮਾਲਕ ਹੈਂ, ਤੂੰ ਹੀ ਜਵਾਨੀ ਦਾ ਮਾਲਕ ਹੈਂ (ਤੈਥੋਂ ਹੀ ਜੀਵ ਦੁਨੀਆ ਵਿਚ ਹਕੂਮਤ ਕਰਨ ਦੀ ਦਾਤਿ ਲੈਂਦੇ ਹਨ, ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ) । (ਜਦੋਂ ਜਗਤ ਨਹੀਂ ਸੀ ਬਣਿਆ) ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਭੀ ਤੂੰ ਹੈਂ, (ਹੁਣ ਤੂੰ ਜਗਤ ਰਚ ਦਿੱਤਾ ਹੈ) ਇਹ ਦਿੱਸਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ—ਇਹ ਭੀ ਤੂੰ ਆਪ ਹੀ ਹੈਂ ।੨।
ਈਹਾ ਊਹਾ ਤੁਮ ਰਖੇ ॥
(ਹੇ ਪ੍ਰਭੂ! ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈਂ,
ਗੁਰ ਕਿਰਪਾ ਤੇ ਕੋ ਲਖੇ ॥੩॥
(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ ।੩।
ਅੰਤਰਜਾਮੀ ਪ੍ਰਭ ਸੁਜਾਨੁ ॥
ਹੇ ਪ੍ਰਭੂ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ ਸਿਆਣਾ ਹੈਂ ।
ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥
ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ ।੪।੫।੧੪੩।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਹਰਿ ਹਰਿ ਹਰਿ ਆਰਾਧੀਐ ॥
(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।
ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥
ਸੰਤਾਂ ਦੀ ਸੰਗਤਿ ਵਿਚ (ਹੀ) ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਭਟਕਣਾ ਨੂੰ, ਮੋਹ ਨੂੰ ਤੇ ਡਰ-ਸਹਮ ਨੂੰ ਕਾਬੂ ਕੀਤਾ ਜਾ ਸਕਦਾ ਹੈ ।੧।ਰਹਾਉ।
ਬੇਦ ਪੁਰਾਣ ਸਿਮ੍ਰਿਤਿ ਭਨੇ ॥
(ਹੇ ਭਾਈ! ਪੰਡਤ ਲੋਕ ਭਾਵੇਂ) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ
ਸਭ ਊਚ ਬਿਰਾਜਿਤ ਜਨ ਸੁਨੇ ॥੧॥
ਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ ।੧।
ਸਗਲ ਅਸਥਾਨ ਭੈ ਭੀਤ ਚੀਨ ॥
(ਹੇ ਭਾਈ!) ਹੋਰ ਸਾਰੇ ਹਿਰਦੇ-ਥਾਂ ਡਰਾਂ ਨਾਲ ਸਹਮੇ ਹੋਏ ਵੇਖੀਦੇ ਹਨ,
ਰਾਮ ਸੇਵਕ ਭੈ ਰਹਤ ਕੀਨ ॥੨॥
(ਪਰਮਾਤਮਾ ਦੇ ਸਿਮਰਨ ਨੇ) ਪਰਮਾਤਮਾ ਦੇ ਭਗਤਾਂ ਨੂੰ ਡਰਾਂ ਤੋਂ ਰਹਿਤ ਕਰ ਦਿੱਤਾ ਹੈ ।੨।
ਲਖ ਚਉਰਾਸੀਹ ਜੋਨਿ ਫਿਰਹਿ ॥
(ਹੇ ਭਾਈ! ਜੀਵ) ਚੌਰਾਸੀ ਲੱਖ ਜੂਨਾਂ ਵਿਚ ਭਟਕਦੇ ਫਿਰਦੇ ਹਨ
ਗੋਬਿੰਦ ਲੋਕ ਨਹੀ ਜਨਮਿ ਮਰਹਿ ॥੩॥
ਪਰ ਪਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ।੩।
ਬਲ ਬੁਧਿ ਸਿਆਨਪ ਹਉਮੈ ਰਹੀ ॥ ਹਰਿ ਸਾਧ ਸਰਣਿ ਨਾਨਕ ਗਹੀ ॥੪॥੬॥੧੪੪॥
(ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ । ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ ।੪।੬।੧੪੪।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਮਨ ਰਾਮ ਨਾਮ ਗੁਨ ਗਾਈਐ ॥
ਹੇ (ਮੇਰੇ) ਮਨ! (ਆ) ਪਰਮਾਤਮਾ ਦਾ ਨਾਮ ਸਿਮਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ ।
ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥
(ਹੇ ਮਨ!) ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ।੧।ਰਹਾਉ।
ਸੰਤਸੰਗਿ ਹਰਿ ਮਨਿ ਵਸੈ ॥
(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ।
ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥
(ਜਿਸ ਦੇ ਮਨ ਵਿਚ ਵੱਸ ਪੈਂਦਾ ਹੈ ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ, ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਜਾਂਦੀ ਹੈ ।੧।
ਸੰਤ ਪ੍ਰਸਾਦਿ ਹਰਿ ਜਾਪੀਐ ॥ ਸੋ ਜਨੁ ਦੂਖਿ ਨ ਵਿਆਪੀਐ ॥੨॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਹੀ) ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ । (ਜੇਹੜਾ ਮਨੁੱਖ ਜਪਦਾ ਹੈ) ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿਚ ਨਹੀਂ ਘਿਰਦਾ ।੨।
ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥
(ਹੇ ਭਾਈ!) ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਮੰਤ੍ਰ ਦੇਂਦਾ ਹੈ,
ਸੋ ਉਬਰਿਆ ਮਾਇਆ ਅਗਨਿ ਤੇ ॥੩॥
ਉਹ ਮਨੁੱਖ ਮਾਇਆ ਦੀ (ਤਿ®ਸ਼ਨਾ) ਅੱਗ (ਵਿਚ ਸੜਨ) ਤੋਂ ਬਚ ਜਾਂਦਾ ਹੈ ।੩।
ਨਾਨਕ ਕਉ ਪ੍ਰਭ ਮਇਆ ਕਰਿ ॥
(ਹੇ ਪ੍ਰਭੂ! ਮੈਂ) ਨਾਨਕ ਉਤੇ ਕਿਰਪਾ ਕਰ,
ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥੪॥੭॥੧੪੫॥
(ਤਾਕਿ) ਮੇਰੇ ਮਨ ਵਿਚ ਹਿਰਦੇ ਵਿਚ, ਹੇ ਹਰੀ! ਤੇਰਾ ਨਾਮ ਵੱਸ ਪਏ ।੪।੭।੧੪੫।
ਗਉੜੀ ਮਹਲਾ ੫ ॥
ਗਵੂੜੀ ਪਾਤਸ਼ਾਹੀ ਪੰਜਵੀਂ।
ਰਸਨਾ ਜਪੀਐ ਏਕੁ ਨਾਮ ॥
(ਹੇ ਭਾਈ!) ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ ।
ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥
(ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ ।੧।
ਕਟੀਐ ਤੇਰਾ ਅਹੰ ਰੋਗੁ ॥
(ਹੇ ਭਾਈ! ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ ।
ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥
(ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ ।੧।
ਹਰਿ ਰਸੁ ਜਿਨਿ ਜਨਿ ਚਾਖਿਆ ॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ,
ਤਾ ਕੀ ਤ੍ਰਿਸਨਾ ਲਾਥੀਆ ॥੨॥
ਉਸ ਦੀ (ਮਾਇਆ ਦੀ) ਤਿ®ਸ਼ਨਾ ਲਹਿ ਜਾਂਦੀ ਹੈ ।੨।
ਹਰਿ ਬਿਸ੍ਰਾਮ ਨਿਧਿ ਪਾਇਆ ॥
(ਹੇ ਭਾਈ! ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ,
ਸੋ ਬਹੁਰਿ ਨ ਕਤ ਹੀ ਧਾਇਆ ॥੩॥
ਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ।੩।
ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥
(ਹੇ ਨਾਨਕ) ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ,
ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥
ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ।੪।੮।੧੪੬।