Sri Guru Granth Sahib Ji — Ang 209 (punjabi)
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਤੁਮ ਹਰਿ ਸੇਤੀ ਰਾਤੇ ਸੰਤਹੁ ॥
ਹੇ ਸੰਤ ਜਨੋ! (ਤੁਸੀ ਭਾਗਾਂ ਵਾਲੇ ਹੋ ਕਿ) ਤੁਸੀ ਪਰਮਾਤਮਾ ਨਾਲ ਰੱਤੇ ਹੋਏ ਹੋ ।
ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥
ਹੇ ਸਰਬ-ਵਿਆਪਕ ਕਰਤਾਰ! ਹੇ ਦਾਤਾਰ! ਮੈਨੂੰ ਭੀ (ਆਪਣੇ ਪਿਆਰ ਵਿਚ) ਨਿਬਾਹ ਲੈ, ਮੈਨੂੰ ਭੀ ਤੋੜ ਤਕ (ਪੀ੍ਰਤਿ ਦੇ ਦਰਜੇ ਤਕ) ਅਪੜਾ ਲੈ ।੧।ਰਹਾਉ।
ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥
ਹੇ ਸਰਬ-ਵਿਆਪਕ ਕਰਤਾਰ! ਆਪਣੇ ਦਿਲ ਦੀ ਗੱਲ ਤੂੰ ਆਪ ਹੀ ਜਾਣਦਾ ਹੈਂ,
ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥
ਮੈਨੂੰ ਅਨਾਥ ਨੂੰ ਗ਼ਰੀਬ ਨੂੰ ਆਪਣੀ ਸਰਨ ਵਿਚ ਰੱਖ, ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇ ।੧।
ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥
(ਹੇ ਪ੍ਰਭੂ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਤੇਰੇ ਚਰਨ (ਮੇਰੇ ਲਈ) ਜਹਾਜ਼ ਹਨ । ਕਿਸ ਤਰੀਕੇ ਨਾਲ ਤੂੰ ਪਾਰ ਲੰਘਾਂਦਾ ਹੈਂ?—ਇਹ ਤੂੰ ਆਪ ਹੀ ਜਾਣਦਾ ਹੈਂ ।
ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥
ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਜਿਸ ਮਨੁੱਖ ਨੂੰ ਆਪਣੇ ਨਾਲ ਰੱਖਦਾ ਹੈਂ, ਉਹ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੨।
ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥
ਹੇ ਪ੍ਰਭੂ! (ਅਸਾਂ ਜੀਵਾਂ ਵਾਸਤੇ) ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਤਾਕਤਾਂ ਦਾ ਮਾਲਕ ਹੈਂ (ਸਾਡਾ ਹਰੇਕ ਸੁਖ ਦੁਖ) ਤੇਰੇ ਹੀ ਹੱਥ ਵਿਚ ਹੈ ।
ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਅਜੇਹਾ ਨਾਮ-ਖ਼ਜ਼ਾਨਾ ਦੇਹੋ, ਜੇਹੜਾ (ਇਥੋਂ ਚਲਦਿਆਂ) ਮੇਰੇ ਨਾਲ ਸਾਥ ਕਰੇ ।੩।
ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥
(ਹੇ ਸੰਤ ਜਨੋ!) ਮੈਨੂੰ ਗੁਣ-ਹੀਨ ਨੂੰ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਗੁਣ ਬਖ਼ਸ਼ੋ, (ਮਿਹਰ ਕਰੋ,) ਮੇਰਾ ਮਨ ਪਰਮਾਤਮਾ ਦਾ ਨਾਮ ਸਦਾ ਜਪਦਾ ਰਹੇ ।
ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥
ਹੇ ਨਾਨਕ! ਗੁਰੂ-ਸੰਤ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ ਮਨ (ਮਾਇਆ ਦੀ ਤਿ®ਸ਼ਨਾ ਵਲੋਂ) ਰੱਜ ਜਾਂਦੇ ਹਨ, ਉਹਨਾਂ ਦੇ ਤਨ ਠੰਢੇ-ਠਾਰ ਹੋ ਜਾਂਦੇ ਹਨ (ਵਿਕਾਰਾਂ ਦੀ ਤਪਸ਼ ਤੋਂ ਬਚ ਜਾਂਦੇ ਹਨ) ।੪।੧੪।੧੩੫।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।
ਸਹਜਿ ਸਮਾਇਓ ਦੇਵ ॥
ਮੈਂ ਹੁਣ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹਾਂ
ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥
ਹੇ ਪ੍ਰਕਾਸ਼-ਰੂਪ ਪ੍ਰਭੂ! (ਤੇਰੀ ਮਿਹਰ ਨਾਲ) ਮੇਰੇ ਉਤੇ ਸਤਿਗੁਰੂ ਜੀ ਦਇਆਵਾਨ ਹੋ ਗਏ
ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥
(ਹੇ ਪ੍ਰਭੂ!) ਗੁਰੂ ਨੇ ਮੈਨੂੰ ਤੇਰਾ (ਹਰ ਥਾਂ ਵਿਆਪਕ) ਅਸਚਰਜ ਰੂਪ ਵਿਖਾ ਦਿੱਤਾ ਹੈ, ਉਸ ਨੇ ਮੇਰੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਮੈਨੂੰ ਤੇਰਾ ਦਾਸ ਬਣਾ ਦਿੱਤਾ ਹੈ,
ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥
ਮੈਨੂੰ ਸੰਤ ਜਨਾਂ ਦੀ ਸੇਵਾ ਵਿਚ ਲਾ ਦਿੱਤਾ ਹੈ, ਹੁਣ ਮੈਂ ਸਿਰਫ਼ ਤੇਰੇ ਹੀ ਨਾਮ ਦਾ ਪੁਜਾਰੀ ਬਣ ਗਿਆ ਹਾਂ ।੧।
ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥
(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ ਮੇਰੇ ਮਨ ਵਿਚ ਪਰਗਟ ਹੋ ਗਿਆ, ਤਾਂ ਮੇਰੇ ਅੰਦਰ ਪਰਮਾਤਮਾ ਦੀ ਹੋਂਦ ਦਾ ਚਾਨਣ ਹੋ ਗਿਆ, ਮੈਨੂੰ ਸਭ ਥਾਂ ਉਸੇ ਦਾ ਚਾਨਣ ਦਿੱਸ ਪਿਆ ।
ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥੨॥
ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਪੀਤਾ ਹੈ, ਤੇ ਮੇਰਾ ਮਨ (ਮਾਇਆ ਦੀ ਤਿ®ਸ਼ਨਾ ਵਲੋਂ) ਰੱਜ ਗਿਆ ਹੈ । ਮੈਂ ਉਸ ਪਰਮਾਤਮਾ ਵਿਚ ਟਿਕ ਗਿਆ ਹਾਂ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ।੨।
ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥
(ਹੇ ਭਾਈ!) ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ ।
ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥੩॥
ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ ਪਰਮਾਤਮਾ ਹੀ ਦਿੱਸ ਰਿਹਾ ਹੈ ।੩।
ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥
(ਹੇ ਭਾਈ! ਜਦੋਂ ਤੋਂ ਸਤਿਗੁਰੂ ਜੀ ਮੇਰੇ ਉਤੇ ਦਇਆਵਾਨ ਹੋਏ ਹਨ, ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ, ਇਹ ਸਾਰਾ ਤਾਂ ਪ੍ਰਭੂ-ਪਾਤਿਸ਼ਾਹ ਨੇ ਇਕ ਖੇਲ ਰਚਾਇਆ ਹੋਇਆ ਹੈ ।
ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥
ਹੇ ਨਾਨਕ! ਆਖ—ਸਰਬ-ਪਾਲਕ ਪਰਮਾਤਮਾ ਅਪਹੁੰਚ ਹੈ, ਸਭ ਜੀਵਾਂ ਦੀ ਪਹੁੰਚ ਤੋਂ ਪਰੇ ਹੈ । ਉਸ ਦੇ ਭਗਤਾਂ ਨੂੰ ਉਸ ਹਰੀ ਦੇ ਨਾਮ ਦਾ ਹੀ ਸਹਾਰਾ ਹੈ ।੪।੧੫।੧੩੬।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥
ਹੇ ਮੇਰੇ ਮਨ! ਉਸ ਪਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ, ਜੋ ਬੇਅੰਤ ਹੈ, ਸਰਬ-ਵਿਆਪਕ ਹੈ, ਤੇ ਸਭ ਤੋਂ ਵੱਡਾ ਮਾਲਕ ਹੈ!
ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥
ਹੇ ਮਨ! ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਜਿਸ ਨੇ ਸਾਰੇ ਧਰਤੀ-ਮੰਡਲਾਂ ਨੂੰ, ਸਾਰੇ ਜਗਤ ਨੂੰ (ਪੈਦਾ ਕਰ ਕੇ) ਸਹਾਰਾ ਦਿੱਤਾ ਹੋਇਆ ਹੈ ।੧।ਰਹਾਉ
ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥
ਹੇ ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ । ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ ਸਕੀਦਾ ਹੈ ।
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥
ਹੇ ਸੰਤ ਜਨੋ! ਸੁਖ ਵਿਚ (ਭੀ), ਤੇ ਦੁਖ ਵਿਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ ਚਾਹੀਦਾ ਹੈ । ਹੇ ਸੰਤ ਜਨੋ! ਜੋ ਕੁਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ ।੧।
ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥
(ਹੇ ਹਰਿ ਜਨੋ!) ਵਿਕਾਰਾਂ ਵਿਚ ਡਿੱਗੇ ਹੋਏ ਕ®ੋੜਾਂ ਬੰਦਿਆਂ ਨੂੰ (ਜੇ ਚਾਹੇ ਤਾਂ) ਕਰਤਾਰ ਇਕ ਖਿਨ ਵਿਚ (ਵਿਕਾਰਾਂ ਤੋਂ) ਬਚਾ ਲੈਂਦਾ ਹੈ, (ਤੇ ਇਹ ਕੰਮ ਕਰਦਿਆਂ) ਕਰਤਾਰ ਨੂੰ ਰਤਾ ਚਿਰ ਨਹੀਂ ਲੱਗਦਾ ।
ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥
ਉਹ ਮਾਲਕ-ਪ੍ਰਭੂ ਗਰੀਬਾਂ ਦੇ ਦਰਦ-ਦੁੱਖ ਨਾਸ ਕਰਨ ਵਾਲਾ ਹੈ । ਜਿਸ ਉਤੇ ਉਹ ਪ੍ਰਸੰਨ ਹੁੰਦਾ ਹੈ, ਉਸ ਉਤੇ ਬਖ਼ਸ਼ਸ਼ ਕਰਦਾ ਹੈ ।੨।
ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥
ਹੇ ਭਾਈ! ਪਰਮਾਤਮਾ ਸਭ ਦੀਆਂ ਜਿੰਦਾਂ ਤੇ ਪ੍ਰਾਣਾਂ ਵਾਸਤੇ ਸੁਖਾਂ ਦਾ ਸਮੁੰਦਰ ਹੈ, ਸਭਨਾਂ ਦਾ ਮਾਂ-ਪਿਉ ਹੈ, ਸਭ ਦੀ ਪਾਲਣਾ ਕਰਦਾ ਹੈ ।
ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥
(ਜੀਵਾਂ ਨੂੰ ਦਾਤਾਂ) ਦੇਂਦਿਆਂ ਉਸ ਕਰਤਾਰ ਦੇ ਖ਼ਜ਼ਾਨੇ ਵਿਚ ਕਮੀ ਨਹੀਂ ਹੁੰਦੀ, ਉਹ ਰਤਨਾਂ ਦੀ ਖਾਣ ਹੈ ਤੇ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ ।੩।
ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥
ਹੇ ਮੇਰੇ ਮਾਲਕ! (ਤੇਰੇ ਦਰ ਦਾ) ਮੰਗਤਾ (ਨਾਨਕ) ਤੇਰਾ ਨਾਮ (ਦਾਤਿ ਵਜੋਂ) ਮੰਗਦਾ ਹੈ । (ਹੇ ਭਾਈ!) ਉਹ ਪਰਮਾਤਮਾ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ
ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥
(ਹੇ ਭਾਈ!) ਦਾਸ ਨਾਨਕ ਉਸ ਪਰਮਾਤਮਾ ਦੀ ਹੀ ਸਰਨ ਪਿਆ ਹੈ, ਜਿਸ ਦੇ ਦਰ ਤੋਂ ਕੋਈ ਨਿਰਾਸ ਨਹੀਂ ਜਾਂਦਾ ।੪।੧੬।੧੩੭।