Sri Guru Granth Sahib Ji — Ang 208 (punjabi)
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥
ਮੈਂ ਗੁਰੂ ਪਾਸੋਂ ਅਸਲ ਜੋਗ ਦਾ ਤਰੀਕਾ ਸੁਣ ਕੇ ਆਇਆ ਹਾਂ ।
ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥
(ਹੇ ਭਾਈ!) ਮੈਨੂੰ ਸਤਿਗੁਰੂ ਦੇ ਸ਼ਬਦ ਨੇ (ਪਰਮਾਤਮਾ ਦੇ ਮਿਲਾਪ ਦੀ ਜਾਚ) ਸਮਝਾ ਦਿੱਤੀ ਹੈ ।
ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥
(ਹੇ ਭਾਈ!) ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿੰਦਾ ਹਾਂ, ਜੇਹੜਾ ਇਸ ਮਨੁੱਖਾ ਸਰੀਰ ਦੇ ਵਿਚ ਹੀ ਮੌਜੂਦ ਹੈ (ਇਹੀ ਹੈ ਮੇਰੇ ਵਾਸਤੇ ਜੋਗੀਆਂ ਵਾਲਾ) ਸਾਰੀ ਧਰਤੀ (ਦਾ ਰਟਨ) ।
ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥
ਮੈਂ ਆਪਣੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਦਿ®ੜ੍ਹ ਕਰ ਲਿਆ ਹੈ (ਇਹੀ ਹੈ ਮੇਰੇ ਵਾਸਤੇ) ਕੰਨਾਂ ਵਿਚ ਮੁੰਦ®ਾਂ (ਜੋ ਜੋਗੀ ਲੋਕ ਪਾਂਦੇ ਹਨ) ਮੈਂ ਇਕ ਨਿਰੰਕਾਰ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹਾਂ ।੧।
ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥
(ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ—ਇਹ ਹੈ ਮੇਰਾ ਜੋਗ-ਪੰਥ ।
ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥੨॥
(ਗੁਰੂ ਦੇ ਉਪਦੇਸ਼ ਦੀ ਰਾਹੀਂ ਜਦੋਂ ਤੋਂ) ਵਿਕਾਰਾਂ ਵਲੋਂ ਉਪਰਾਮ ਹੋ ਕੇ ਮੇਰੀਆਂ ਦਸੇ ਇੰਦ®ੀਆਂ (ਉੱਚੀ ਮਤਿ ਦੀ) ਆਗਿਆ ਵਿਚ ਤੁਰਨ ਲੱਗ ਪਈਆਂ ਹਨ, ਤਦੋਂ ਤੋਂ ਮੈਂ ਪਵਿੱਤਰ ਜੀਵਨ ਵਾਲਾ ਜੋਗੀ ਬਣ ਗਿਆ ਹਾਂ ।੨।
ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥
(ਹੇ ਭਾਈ! ਮਨ ਦੀ) ਭਟਕਣਾ ਨੂੰ ਸਾੜ ਕੇ (ਇਹ) ਸੁਆਹ ਮੈਂ (ਆਪਣੇ ਪਿੰਡੇ ਉਤੇ) ਮਲ ਲਈ ਹੈ, ਮੈਂ ਇਕ ਪਰਮਾਤਮਾ ਨੂੰ ਹੀ ਸਾਰੇ ਸੰਸਾਰ ਵਿਚ ਵਿਆਪਕ ਵੇਖਦਾ ਹਾਂ—ਇਹ ਹੈ ਮੇਰਾ ਜੋਗ-ਪੰਥ ।
ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥੩॥
(ਹੇ ਭਾਈ!) ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ (ਆਪਣੀ ਆਤਮਕ ਖ਼ੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ) ਚੂਰਮਾ ਬਣਾਇਆ ਹੈ, ਜਿਸ ਦੀ ਪ੍ਰਾਪਤੀ ਠਾਕੁਰ-ਪ੍ਰਭੂ ਨੇ ਮੇਰੇ ਮੱਥੇ ਉਤੇ ਲਿਖ ਦਿੱਤੀ ।੩।
ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥
(ਹੇ ਭਾਈ!) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਇਕ-ਰਸ ਸਿੰਙੀ ਵਜਾ ਰਿਹਾ ਹਾਂ (ਇਸ ਦੀ ਬਰਕਤਿ ਨਾਲ) ਮੈਂ ਉਸ ਆਤਮਕ ਅਵਸਥਾ ਵਿਚ ਆਪਣਾ ਆਸਣ ਜਮਾਇਆ ਹੋਇਆ ਹੈ ਜਿਥੇ (ਦੁਨੀਆ ਵਾਲਾ) ਕੋਈ ਡਰ ਮੈਨੂੰ ਪੋਹ ਨਹੀਂ ਸਕਦਾ ।
ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥੪॥
(ਹੇ ਭਾਈ!) ਜਗਤ ਦੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦੇ ਰਹਿਣਾ—ਇਸ ਨੂੰ (ਜੋਗੀਆਂ ਵਾਲਾ) ਡੰਡਾ ਬਣਾ ਕੇ ਮੈਂ ਆਪਣੇ ਪਾਸ ਰੱਖਿਆ ਹੋਇਆ ਹੈ । (ਪਰਮਾਤਮਾ ਦੇ) ਨਾਮ (ਨੂੰ ਸਿਮਰਦੇ ਰਹਿਣਾ ਬੱਸ! ਇਹੀ ਜੋਗੀ ਦੀ) ਜੁਗਤਿ ਮੇਰੇ ਮਨ ਵਿਚ ਚੰਗੀ ਲੱਗ ਰਹੀ ਹੈ ।
ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥
(ਹੇ ਭਾਈ!) ਇਹੋ ਜਿਹੀ (ਜੁਗਤਿ ਨਿਬਾਹੁਣ ਵਾਲਾ) ਜੋਗੀ (ਜਿਸ ਮਨੁੱਖ ਨੂੰ) ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, ਉਹ ਉਸ ਦੇ ਮਾਇਆ ਦੇ (ਮੋਹ ਦੇ) ਸਾਰੇ ਬੰਧਨ ਕੱਟ ਦੇਂਦਾ ਹੈ ।
ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥
ਮੈਂ ਭੀ ਪਰਮਾਤਮਾ-ਦੇ-ਰੂਪ ਅਜੇਹੇ ਜੋਗੀ ਦੀ ਸੇਵਾ ਕਰਦਾ ਹਾਂ ਪੂਜਾ ਕਰਦਾ ਹਾਂ । ਨਾਨਕ ਅਜੇਹੇ ਜੋਗੀ ਦੇ ਪੈਰ ਪਰਸਦਾ ਹੈ ।੫।੧੧।੧੩੨।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥
ਹੇ ਮਿੱਤਰੋ! ਸੁਣੋ, ਪਰਮਾਤਮਾ ਦਾ ਨਾਮ ਇਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ । (ਇਸ ਵਾਸਤੇ, ਹੇ ਮਿੱਤਰੋ!) ਸਾਰੇ (ਇਸ ਨਾਮ ਨੂੰ) ਸਿਮਰੋ ।
ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦਿੱਤਾ ਉਹਨਾਂ ਦੇ ਚਿੱਤ (ਹਰੇਕ ਕਿਸਮ ਦੇ ਵਿਕਾਰ ਦੀ) ਮੈਲ ਤੋਂ ਸਾਫ਼ ਹੋ ਗਏ ।੧।ਰਹਾਉ।
ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਦੇ ਅੰਦਰ ਆਪਣੇ) ਸ਼ਬਦ ਦੀ ਰਾਹੀਂ (ਆਤਮਕ ਗਿਆਨ ਦਾ) ਦੀਵਾ ਜਗਾ ਦਿੱਤਾ, ਉਸ ਦੇ ਹਿਰਦੇ ਵਿਚੋਂ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਗਿਆ ।
ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥
(ਹੇ ਭਾਈ!) ਸਾਧ ਸੰਗਤਿ ਵਿਚ ਜਿਸ ਮਨੁੱਖ ਦੀ ਸਰਧਾ ਬਣ ਗਈ, (ਗੁਰੂ ਨੇ) ਉਸ (ਦੇ ਮਨ) ਦਾ (ਮਾਇਆ ਦੀ ਖ਼ਾਤਰ) ਭਟਕਣਾ ਦਾ ਜਾਲ ਕੱਟ ਦਿੱਤਾ ।੧।
ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥
(ਹੇ ਭਾਈ! ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ-ਰੂਪ ਜਹਾਜ਼ ਦਾ ਆਸਰਾ ਲਿਆ, ਉਹ ਇਸ ਅਥਾਹ ਤੇ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ।
ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਪਿਆ, ਉਸ ਦੇ ਮਨ ਦੀ (ਹਰੇਕ) ਕਾਮਨਾ ਪੂਰੀ ਹੋ ਗਈ ।੨।
ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥
(ਹੇ ਭਾਈ! ਜਿਨ੍ਹਾਂ) ਭਗਤ ਜਨਾਂ ਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਲੱਭ ਲਿਆ, ਉਹਨਾਂ ਦੇ ਮਨ (ਮਾਇਆ ਵਲੋਂ ਤਿ®ਪਤ ਹੋ ਗਏ, ਉਹਨਾਂ ਦੇ ਤਨ (ਹਿਰਦੇ ਮਾਇਆ ਵਲੋਂ) ਰੱਜ ਗਏ ।
ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥
ਹੇ ਨਾਨਕ! (ਆਖ—ਇਹ ਨਾਮ-ਖ਼ਜ਼ਾਨਾ) ਪਰਮਾਤਮਾ ਉਹਨਾਂ ਨੂੰ ਹੀ ਦੇਂਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ।੩।੧੨।੧੩੩।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।
ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥
ਹੇ ਮੇਰੀ ਜਿੰਦ ਦੇ ਮਾਲਕ! (ਮੇਰੇ ਉਤੇ) ਦਇਆ ਕਰ ਮਿਹਰ ਕਰ । ਹੇ ਪ੍ਰਭੂ! ਮੈਂ ਅਨਾਥ ਤੇਰੀ ਸਰਨ ਆਇਆ ਹਾਂ ।
ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥
(ਮੈਂ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚ ਡਿੱਗਾ ਪਿਆ ਹਾਂ, ਆਪਣਾ) ਹੱਥ ਦੇ ਕੇ ਮੈਨੂੰ (ਇਸ ਹਨੇਰੇ ਖੂਹ ਵਿਚੋਂ) ਬਚਾ ਲੈ । ਮੇਰੀ ਕੋਈ ਸਿਆਣਪ ਮੇਰੀ ਕੋਈ ਦਲੀਲ (ਇਥੇ) ਨਹੀਂ ਚੱਲ ਸਕਦੀ ।੧।ਰਹਾਉ।
ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥
ਹੇ ਮੇਰੇ ਪ੍ਰਭੂ! (ਸਭ ਜੀਵਾਂ ਵਿਚ ਵਿਆਪਕ ਹੋ ਕੇ) ਤੂੰ ਆਪ ਹੀ ਸਭ ਕੁਝ ਕਰ ਰਿਹਾ ਹੈਂ, ਤੂੰ ਆਪ ਹੀ ਸਭ ਕੁਝ ਕਰਾ ਰਿਹਾ ਹੈਂ, ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਤੇਰੇ ਬਰਾਬਰ ਦਾ ਕੋਈ ਹੋਰ ਦੂਜਾ ਨਹੀਂ ਹੈ ।
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥
(ਹੇ ਪ੍ਰਭੂ!) ਤੂੰ ਕਿਹੋ ਜਿਹਾ ਹੈਂ ਤੂੰ ਕੇਡਾ ਵੱਡਾ ਹੈਂ—ਇਹ ਭੇਦ ਤੂੰ ਆਪ ਹੀ ਜਾਣਦਾ ਹੈਂ । ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ (ਤੇਰੀ ਬਖ਼ਸ਼ਸ਼ ਦੇ) ਭਾਗ ਜਾਗਦੇ ਹਨ, ਉਹ ਤੇਰੇ ਸੇਵਕ ਬਣ ਜਾਂਦੇ ਹਨ ।੧।
ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥
ਹੇ ਮੇਰੇ ਪ੍ਰਭੂ! ਤੂੰ ਆਪਣੇ ਸੇਵਕਾਂ ਨਾਲ ਸਦਾ ਪਿਆਰ ਕਰਦਾ ਹੈਂ, ਆਪਣੇ ਭਗਤਾਂ ਨਾਲ ਤੂੰ ਆਪਣੀ ਪ੍ਰੀਤਿ ਇਉਂ ਜੋੜੀ ਹੋਈ ਹੈ ਜਿਵੇਂ ਤਾਣੇ ਪੇਟੇ ਵਿਚ ਧਾਗੇ ਮਿਲੇ ਹੁੰਦੇ ਹਨ ਜਿਵੇਂ ਚਕੋਰ ਦੀ ਨਿਗਾਹ ਚੰਦ ਵਲ ਰਹਿੰਦੀ ਹੈ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਹੈ ।
ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥
ਤੇਰਾ ਭਗਤ ਤੈਨੂੰ ‘ਪਿਆਰਾ ਪਿਆਰਾ’ ਆਖ ਆਖ ਕੇ ਤੇਰਾ ਨਾਮ ਜਪਦਾ ਹੈ, ਤੇ ਤੇਰਾ ਦੀਦਾਰ ਲੋਚਦਾ ਹੈ ।੨।
ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥
(ਹੇ ਭਾਈ!) ਪਰਮਾਤਮਾ ਤੇ ਪਰਮਾਤਮਾ ਦੇ ਸੰਤ ਵਿਚ ਕੋਈ ਫ਼ਰਕ ਨਹੀਂ ਹੁੰਦਾ, ਪਰ ਇਹੋ ਜਿਹਾ ਮਨੁੱਖ ਕਈ ਲੱਖਾਂ ਕ®ੋੜਾਂ ਵਿਚੋਂ ਕੋਈ ਇੱਕ ਹੀ ਹੁੰਦਾ ਹੈ ।
ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਰਕਾਸ਼ ਕਰਦਾ ਹੈ, ਉਹ ਮਨੁੱਖ ਹਰ ਵੇਲੇ ਆਪਣੀ ਜੀਭ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰਦਾ ਰਹਿੰਦਾ ਹੈ ।੩।
ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥
ਹੇ ਮੇਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ! ਹੇ ਬੇਅੰਤ ਉੱਚੇ! ਹੇ ਸਭ ਨੂੰ ਸੁਖ ਦੇਣ ਵਾਲੇ! ਤੂੰ ਸਭ ਤਾਕਤਾਂ ਦਾ ਮਾਲਕ ਹੈਂ
ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥
ਹੇ ਪ੍ਰਭੂ! ਮੈਂ ਨਾਨਕ ਉਤੇ ਕਿਰਪਾ ਕਰ, ਮੈਨੂੰ ਉਹਨਾਂ ਸੰਤ ਜਨਾਂ ਦੀ ਸੰਗਤਿ ਵਿਚ ਥਾਂ ਦੇਈ ਰੱਖ ।੪।੧੩।੧੩੪।