Sri Guru Granth Sahib Ji — Ang 206 (punjabi)
ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥
(ਹੇ ਪਿਤਾ-ਪ੍ਰਭੂ! ਇਹਨਾਂ ਪੰਜਾਂ ਬਿਖਾਦੀਆਂ ਤੋਂ ਬਚਣ ਲਈ) ਮੈਂ ਅਨੇਕਾਂ ਤੇ ਕਈ ਕਿਸਮਾਂ ਦੇ ਜਤਨ ਕਰ ਕਰ ਕੇ ਥੱਕ ਗਿਆ ਹਾਂ, ਇਹ ਕਿਸੇ ਤਰ੍ਹਾਂ ਭੀ ਮੇਰੀ ਖ਼ਲਾਸੀ ਨਹੀਂ ਕਰਦੇ ।
ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥
ਇਕ ਇਹ ਗੱਲ ਸੁਣ ਕੇ ਕਿ ਸਾਧ ਸੰਗਤਿ ਵਿਚ ਰਿਹਾਂ ਇਹ ਮੁੱਕ ਜਾਂਦੇ ਹਨ, ਮੈਂ ਤੇਰੀ ਸਾਧ ਸੰਗਤਿ ਦਾ ਆਸਰਾ ਲਿਆ ਹੈ ।੨।
ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥
(ਸਾਧ ਸੰਗਤਿ ਵਿਚ) ਕਿਰਪਾ ਕਰ ਕੇ ਮੈਨੂੰ ਤੇਰੇ ਸੰਤ ਜਨ ਮਿਲ ਪਏ, ਉਹਨਾਂ ਤੋਂ ਮੈਨੂੰ ਹੌਸਲਾ ਮਿਲਿਆ ਹੈ ।
ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥
ਸੰਤਾਂ ਨੇ ਮੈਨੂੰ (ਇਹਨਾਂ ਪੰਜਾਂ ਬਿਖਾਦੀਆਂ ਤੋਂ) ਨਿਡਰ ਕਰਨ ਵਾਲਾ ਉਪਦੇਸ਼ ਦਿੱਤਾ ਹੈ ਤੇ ਮੈਂ ਗੁਰੂ ਦਾ ਸ਼ਬਦ ਆਪਣੇ ਜੀਵਨ ਵਿਚ ਧਾਰਿਆ ਹੈ ।੩।
ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥
ਗੁਰੂ ਦੀ ਆਤਮਕ ਅਡੋਲਤਾ ਦੇਣ ਵਾਲੀ, ਤੇ ਸੁਖ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੈਂ ਉਹ ਪੰਜੇ ਵੱਡੇ ਝਗੜਾਲੂ ਜਿੱਤ ਲਏ ਹਨ ।
ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥
। ਹੇ ਨਾਨਕ! (ਹੁਣ) ਆਖ—ਮੇਰੇ ਮਨ ਵਿਚ ਆਤਮਕ ਚਾਨਣ ਹੋ ਗਿਆ ਹੈ, ਮੈਂ ਉਹ ਆਤਮਕ ਦਰਜਾ ਪ੍ਰਾਪਤ ਕਰ ਲਿਆ ਹੈ, ਜਿਥੇ ਕੋਈ ਵਾਸ਼ਨਾ ਨਹੀਂ ਪੋਹ ਸਕਦੀ ।੪।੪।੧੨੫।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਓਹੁ ਅਬਿਨਾਸੀ ਰਾਇਆ ॥
(ਹੇ ਪ੍ਰਭੂ! ਤੂੰ ਇਕ) ਉਹ ਰਾਜਾ ਹੈਂ ਜੋ ਕਦੇ ਨਾਸ ਹੋਣ ਵਾਲਾ ਨਹੀਂ ।
ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥
ਜੇਹੜੇ ਜੀਵ ਤੇਰੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਭੀ ਕੋਈ ਡਰ-ਖ਼ੌਫ਼ ਨਹੀਂ ਆਉਂਦਾ ।੧।ਰਹਾਉ।
ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ) ਇਕ (ਮਨੁੱਖ ਦੇ) ਸਰੀਰ ਵਿਚ ਤੂੰ (ਆਪ ਹੀ) ਅਹੰਕਾਰੀ ਬਣਿਆ ਹੈਂ ਤੇ ਇਕ ਹੋਰ ਸਰੀਰ ਵਿਚ ਤੂੰ ਮਾਣ-ਰਹਿਤ ਹੈਂ ।
ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥੧॥
ਇਕ ਸਰੀਰ ਵਿਚ ਤੂੰ ਆਪ ਹੀ ਸਭ ਇਖ਼ਤਿਆਰ ਵਾਲਾ ਹੈਂ ਤੇ ਇਕ ਸਰੀਰ ਵਿਚ ਤੂੰ ਗ਼ਰੀਬ ਕੰਗਾਲ ਹੈਂ ।੧।
ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥
(ਹੇ ਪ੍ਰਭੂ!) ਇਕ (ਮਨੁੱਖਾ) ਸਰੀਰ ਵਿਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈਂ ਤੇ ਇਕ ਸਰੀਰ ਵਿਚ ਤੂੰ ਮੂਰਖ ਬਣਿਆ ਹੋਇਆ ਹੈਂ ।
ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥੨॥
ਇਕ ਸਰੀਰ ਵਿਚ (ਬੈਠ ਕੇ ਤੂੰ ਗਰੀਬਾਂ, ਕਮਜ਼ੋਰਾਂ ਪਾਸੋਂ) ਸਭ ਕੁਝ (ਖੋਹ ਕੇ ਆਪਣੇ ਪਾਸ) ਇਕੱਠਾ ਕਰਨ ਵਾਲਾ ਹੈਂ, ਤੇ ਇਕ ਸਰੀਰ ਵਿਚ ਤੂੰ (ਵਿਰਕਤ ਬਣ ਕੇ) ਕੋਈ ਚੀਜ਼ ਭੀ ਅੰਗੀਕਾਰ ਨਹੀਂ ਕਰਦਾ ।੨।
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥
(ਪਰ, ਹੇ ਭਾਈ!) ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ, ਇਸ ਨੂੰ ਖਿਡਾਣ ਵਾਲਾ ਪ੍ਰਭੂ ਹੀ ਜਾਣਦਾ ਹੈ ਕਿ ਇਸ ਨੂੰ ਕਿਵੇਂ ਨਚਾ ਰਿਹਾ ਹੈ ।
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥
(ਬਾਜੀ ਖਿਡਾਣ ਵਾਲਾ ਪ੍ਰਭੂ) ਬਾਜੀਗਰ ਜਿਹੋ ਜਿਹਾ ਸਾਂਗ ਰਚਾਂਦਾ ਹੈ, ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ ।੩।
ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥
ਪ੍ਰਭੂ ਨੇ (ਜਗਤ ਵਿਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ) ਅਨੇਕ (ਸਰੀਰ-) ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਪ੍ਰਭੂ ਆਪ ਹੀ (ਸਭ ਦਾ) ਰਾਖਾ ਬਣਿਆ ਹੋਇਆ ਹੈ ।
ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥
ਇਹ ਵਿਚਾਰਾ ਜੀਵ (ਆਪਣੇ ਆਪ) ਕੁਝ ਭੀ ਕਰਨ ਜੋਗਾ ਨਹੀਂ ਹੈ । ਜਿਹੋ ਜਿਹੇ ਸਰੀਰ ਵਿਚ ਪਰਮਾਤਮਾ ਇਸ ਨੂੰ ਰੱਖਦਾ ਹੈ, ਉਹੋ ਜਿਹੇ ਸਰੀਰ ਵਿਚ ਇਸ ਨੂੰ ਰਹਿਣਾ ਪੈਂਦਾ ਹੈ ।੪।
ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥
ਹੇ ਨਾਨਕ! ਆਖ—ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੈ, Eਹੀ (ਇਸ ਦੇ ਭੇਦ ਨੂੰ) ਜਾਣਦਾ ਹੈ ।
ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥
ਉਹ ਪਰਮਾਤਮਾ ਪਰੇ ਤੋਂ ਪਰੇ ਹੈ, (ਸਾਰੀ ਰਚਨਾ ਦਾ) ਮਾਲਕ ਹੈ, ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ ।੫।੫।੧੨੬।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥
ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ ।
ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥
ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ।੧।ਰਹਾਉ।
ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥
(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ ।
ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥
ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ । ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ ।੧।
ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥
(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ ।
ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥
ਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ । ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ ।੨।
ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥
(ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ ।
ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥
ਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪੀ੍ਰਤਿ ਰਤਾ ਭੀ ਨਹੀਂ ਘਟਦੀ ।੩।
ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥
ਹੇ ਦਾਸ ਨਾਨਕ! ਆਖ—ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ । ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ ।
ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥
ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ।੪।੬।੧੨੭।
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।
ਤੁਝ ਬਿਨੁ ਕਵਨੁ ਹਮਾਰਾ ॥
ਤੈਥੋਂ ਬਿਨਾ ਸਾਡਾ ਹੋਰ ਕੌਣ (ਸਹਾਰਾ) ਹੈ?
ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ!
ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥
ਹੇ ਮੇਰੇ ਅਥਾਹ ਤੇ ਅਡੋਲ ਠਾਕੁਰ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੂੰ ਹੀ ਮੇਰਾ ਸੱਜਣ ਹੈਂ; ਤੂੰ ਹੀ ਮੈਨੂੰ ਸੁਖ ਦੇਣ ਵਾਲਾ ਹੈਂ ।
ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥
ਸਾਰੇ ਸੁਖ ਮੈਂ ਤੈਥੋਂ ਹੀ ਲੱਭੇ ਹਨ ।੧।