Sri Guru Granth Sahib Ji — Ang 178 (punjabi)
ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥
(ਹੇ ਭਾਈ !) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ ।
ਅਵਰਿ ਜਤਨ ਕਹਹੁ ਕਉਨ ਕਾਜ ॥
(ਹੇ ਭਾਈ !) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ ?
ਕਰਿ ਕਿਰਪਾ ਰਾਖੈ ਆਪਿ ਲਾਜ ॥੨॥
(ਪ੍ਰਭੂ ਦੀ ਸ਼ਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ।੨।
ਕਿਆ ਮਾਨੁਖ ਕਹਹੁ ਕਿਆ ਜੋਰੁ ॥
ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ ?
ਝੂਠਾ ਮਾਇਆ ਕਾ ਸਭੁ ਸੋਰੁ ॥
(ਹੇ ਭਾਈ !) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ) ।
ਕਰਣ ਕਰਾਵਨਹਾਰ ਸੁਆਮੀ ॥
ਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ ।
ਸਗਲ ਘਟਾ ਕੇ ਅੰਤਰਜਾਮੀ ॥੩॥
ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ।੩।
ਸਰਬ ਸੁਖਾ ਸੁਖੁ ਸਾਚਾ ਏਹੁ ॥
ਇਹ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ ਹੈ ਕਿ
ਗੁਰ ਉਪਦੇਸੁ ਮਨੈ ਮਹਿ ਲੇਹੁ ॥
(ਹੇ ਭਾਈ !) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,
ਜਾ ਕਉ ਰਾਮ ਨਾਮ ਲਿਵ ਲਾਗੀ ॥
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,
ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥
ਹੇ ਨਾਨਕ ! ਆਖ—ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ।੪।੭।੭੬।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਸੁਣਿ ਹਰਿ ਕਥਾ ਉਤਾਰੀ ਮੈਲੁ ॥
ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਕੇ (ਆਪਣੇ ਮਨ ਤੋਂ ਵਿਕਾਰਾਂ ਦੀ) ਮੈਲ ਲਾਹ ਲਈ
ਮਹਾ ਪੁਨੀਤ ਭਏ ਸੁਖ ਸੈਲੁ ॥
ਉਹ ਬੜੇ ਹੀ ਪਵਿਤ® (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ ।
ਵਡੈ ਭਾਗਿ ਪਾਇਆ ਸਾਧਸੰਗੁ ॥
ਉਹਨਾਂ ਨੇ ਵੱਡੀ ਕਿਸਮਤਿ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ,
ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥
ਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ ।੧।
ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥
ਹਰਿ-ਨਾਮ ਸਿਮਰਦੇ ਸੇਵਕ ਨੂੰ (ਗੁਰੂ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ ।
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥
ਗੁਰੂ ਨੇ (ਸੇਵਕ ਨੂੰ) ਤਿ®ਸ਼ਨਾ-ਅੱਗ ਦੇ ਸਮੰੁਦਰ ਤੋਂ ਪਾਰ ਲੰਘਾ ਲਿਆ ਹੈ ।੧।ਰਹਾਉ।
ਕਰਿ ਕੀਰਤਨੁ ਮਨ ਸੀਤਲ ਭਏ ॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ,
ਜਨਮ ਜਨਮ ਕੇ ਕਿਲਵਿਖ ਗਏ ॥
(ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ ।
ਸਰਬ ਨਿਧਾਨ ਪੇਖੇ ਮਨ ਮਾਹਿ ॥
ਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿਚ ਹੀ ਵੇਖ ਲਏ, (ਇਸ ਵਾਸਤੇ ਸੁਖ) ਢੂੰੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ ?
ਅਬ ਢੂਢਨ ਕਾਹੇ ਕਉ ਜਾਹਿ ॥੨॥
(ਭਾਵ, ਸੁਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ) ।੨।
ਪ੍ਰਭ ਅਪੁਨੇ ਜਬ ਭਏ ਦਇਆਲ ॥
ਜਦੋਂ ਪ੍ਰਭੂ ਜੀ ਆਪਣੇ ਦਾਸਾਂ ਉਤੇ ਦਿਆਲ ਹੁੰਦੇ ਹਨ,
ਪੂਰਨ ਹੋਈ ਸੇਵਕ ਘਾਲ ॥
ਤਦੋਂ ਦਾਸਾਂ ਦੀ (ਕੀਤੀ ਹੋਈ ਸੇਵਾ-ਸਿਮਰਨ ਦੀ) ਮਿਹਨਤ ਸਫਲ ਹੋ ਜਾਂਦੀ ਹੈ ।
ਬੰਧਨ ਕਾਟਿ ਕੀਏ ਅਪਨੇ ਦਾਸ ॥
(ਸੇਵਕਾਂ ਦੇ ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ ।
ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥
ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ) ।੩।
ਏਕੋ ਮਨਿ ਏਕੋ ਸਭ ਠਾਇ ॥
ਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਆਪਣੇ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਇਕ ਪਰਮਾਤਮਾ ਹੀ ਹਰੇਕ ਥਾਂ ਵਿਚ ਦਿੱਸਦਾ ਹੈ ।
ਪੂਰਨ ਪੂਰਿ ਰਹਿਓ ਸਭ ਜਾਇ ॥
ਉਸ ਨੂੰ ਹਰ ਥਾਂ ਵਿਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿੱਸਦਾ ਹੈ,
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥
ਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ,
ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥
ਹੇ ਨਾਨਕ ! ਪਰਮਾਤਮਾ ਦਾ ਸਿਮਰਨ ਕਰ ਕੇ ਉਸ ਮਨੁੱਖ ਨੇ ਆਤਮਕ ਆਨੰਦ ਲੱਭ ਲਿਆ ਹੈ ।੪।੮।੭੭।
ਗਉੜੀ ਗੁਆਰੇਰੀ ਮਹਲਾ ੫ ॥
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਅਗਲੇ ਮੁਏ ਸਿ ਪਾਛੈ ਪਰੇ ॥
ਜੇਹੜੇ ਆਪਣੇ ਵੱਡੇ-ਵਡੇਰੇ ਮਰ ਚੁਕੇ ਹੁੰਦੇ ਹਨ ਉਹ ਭੁੱਲ ਜਾਂਦੇ ਹਨ (ਭਾਵ, ਇਹ ਗੱਲ ਭੁੱਲ ਜਾਂਦੀ ਹੈ ਕਿ ਉਹ ਜੋੜੀ ਹੋਈ ਮਾਇਆ ਇੱਥੇ ਹੀ ਛੱਡ ਗਏ),
ਜੋ ਉਬਰੇ ਸੇ ਬੰਧਿ ਲਕੁ ਖਰੇ ॥
ਜੇਹੜੇ ਹੁਣ ਜੀਊਂਦੇ ਹਨ ਉਹ (ਮਾਇਆ ਜੋੜਨ ਲਈ) ਲੱਕ ਬੰਨ੍ਹ ਕੇ ਖਲੋ ਜਾਂਦੇ ਹਨ ।
ਜਿਹ ਧੰਧੇ ਮਹਿ ਓਇ ਲਪਟਾਏ ॥
ਜਿਸ ਧੰਧੇ ਵਿਚ ਉਹ (ਮਰ ਚੁਕੇ ਵੱਡੇ ਵਡੇਰੇ) ਫਸੇ ਹੋਏ ਸਨ,
ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
ਉਹਨਾਂ ਤੋਂ ਦੂਣੀ ਮਾਇਆ ਦੀ ਪਕੜ ਉਹ ਜੀਊਂਦੇ ਮਨੁੱਖ ਆਪਣੇ ਮਨ ਵਿਚ ਬਣਾ ਲੈਂਦੇ ਹਨ ।੧।
ਓਹ ਬੇਲਾ ਕਛੁ ਚੀਤਿ ਨ ਆਵੈ ॥
(ਮੂਰਖ ਮਨੁੱਖ ਨੂੰ) ਉਹ ਸਮਾਂ ਰਤਾ ਭੀ ਚੇਤੇ ਨਹੀਂ ਆਉਂਦਾ (ਜਦੋਂ ਵੱਡੇ-ਵਡੇਰਿਆਂ ਵਾਂਗ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ) ।
ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
ਮਨੁੱਖ (ਮੁੜ ਮੁੜ) ਉਸੇ (ਮਾਇਆ) ਨਾਲ ਚੰਬੜਦਾ ਹੈ ਜਿਸ ਨੇ ਨਾਸ ਹੋ ਜਾਣਾ ਹੈ (ਜਿਸ ਨਾਲ ਸਾਥ ਨਹੀਂ ਨਿਭਣਾ) ।੧।ਰਹਾਉ।
ਆਸਾ ਬੰਧੀ ਮੂਰਖ ਦੇਹ ॥
ਮੂਰਖ ਮਨੁੱਖ ਦਾ ਸਰੀਰ (ਭਾਵ, ਹਰੇਕ ਗਿਆਨ-ਇੰਦ®ਾ ਮਾਇਆ ਦੀਆਂ) ਆਸਾਂ ਨਾਲ ਜਕੜਿਆ ਰਹਿੰਦਾ ਹੈ,
ਕਾਮ ਕ੍ਰੋਧ ਲਪਟਿਓ ਅਸਨੇਹ ॥
ਮੂਰਖ ਮਨੁੱਖ ਕਾਮ ਕੋ®ਧ ਮੋਹ ਦੇ ਬੰਧਨਾਂ ਵਿਚ ਫਸਿਆ ਰਹਿੰਦਾ ਹੈ ।
ਸਿਰ ਊਪਰਿ ਠਾਢੋ ਧਰਮ ਰਾਇ ॥
ਸਿਰ ਉੱਤੇ ਧਰਮਰਾਜ ਖਲੋਤਾ ਹੋਇਆ ਹੈ (ਭਾਵ, ਮੌਤ ਦਾ ਸਮਾਂ ਨੇੜੇ ਆ ਰਿਹਾ ਹੈ, ਪਰ)
ਮੀਠੀ ਕਰਿ ਕਰਿ ਬਿਖਿਆ ਖਾਇ ॥੨॥
ਮੂਰਖ ਮਨੁੱਖ (ਆਤਮਕ ਮੌਤ ਲਿਆਉਣ ਵਾਲੀ) ਮਾਇਆ (-ਜ਼ਹਿਰ) ਮਿੱਠੀ ਜਾਣ ਜਾਣ ਕੇ ਖਾਂਦਾ ਰਹਿੰਦਾ ਹੈ ।੨।
ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥
(ਮਾਇਆ-ਮੱਤਾ ਮੂਰਖ ਮਨੁੱਖ ਇਉਂ ਅਹੰਕਾਰ-ਭਰੀਆਂ ਗੱਲਾਂ ਕਰਦਾ ਹੈ :—) ਮੈਂ (ਉਸ ਨੂੰ) ਬੰਨ੍ਹ ਲਵਾਂਗਾ, ਮੈਂ (ਉਸ ਪਾਸੋਂ ਆਪਣਾ) ਵੈਰ (ਦਾ ਬਦਲਾ) ਲਵਾਂਗਾ, ਮੇਰੀ ਭੁਇਂ ਉਤੇ ਕੌਣ ਪੈਰ ਰੱਖਦਾ ਹੈ ?
ਹਉ ਪੰਡਿਤੁ ਹਉ ਚਤੁਰੁ ਸਿਆਣਾ ॥
ਮੈਂ ਵਿਦਵਾਨ ਹਾਂ, ਮੈਂ ਚਤੁਰ ਹਾਂ ਮੈਂ ਸਿਆਣਾ ਹਾਂ ।
ਕਰਣੈਹਾਰੁ ਨ ਬੁਝੈ ਬਿਗਾਨਾ ॥੩॥
(ਆਪਣੇ ਅਹੰਕਾਰ ਵਿਚ) ਮੂਰਖ ਮਨੁੱਖ ਆਪਣੇ ਪੈਦਾ ਕਰਨ ਵਾਲੇ ਪਰਮਾਤਮਾ ਨੂੰ ਭੀ ਨਹੀਂ ਸਮਝਦਾ (ਚੇਤੇ ਰੱਖਦਾ) ।੩।
ਅਪੁਨੀ ਗਤਿ ਮਿਤਿ ਆਪੇ ਜਾਨੈ ॥
ਪਰਮਾਤਮਾ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ ।
ਕਿਆ ਕੋ ਕਹੈ ਕਿਆ ਆਖਿ ਵਖਾਨੈ ॥
(ਪਰ ਜੀਵ ਦੇ ਭੀ ਕੀਹ ਵੱਸ ?) ਜੀਵ (ਉਸ ਪਰਮਾਤਮਾ ਦੀ ਗਤਿ ਮਿਤਿ ਬਾਰੇ) ਕੁਝ ਭੀ ਕਹਿ ਨਹੀਂ ਸਕਦਾ, ਕੁਝ ਭੀ ਆਖ ਕੇ ਬਿਆਨ ਨਹੀਂ ਕਰ ਸਕਦਾ ।
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
ਹੇ ਪ੍ਰਭੂ ! ਤੂੰ ਜੀਵ ਨੂੰ ਜਿਸ ਜਿਸ ਪਾਸੇ ਲਾਂਦਾ ਹੈਂ, ਉਧਰ ਉਧਰ ਹੀ ਇਹ ਲੱਗ ਸਕਦਾ ਹੈ ।
ਅਪਨਾ ਭਲਾ ਸਭ ਕਾਹੂ ਮੰਗਨਾ ॥੪॥
ਹਰੇਕ ਜੀਵ ਨੇ ਤੇਰੇ ਪਾਸੋਂ ਹੀ ਆਪਣੇ ਭਲੇ ਦੀ ਮੰਗ ਮੰਗਣੀ ਹੈ ।੪।
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥
ਹੇ ਪ੍ਰਭੂ ! ਇਹ ਸਭ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਾਰੇ ਜਗਤ ਦਾ ਬਣਾਣ ਵਾਲਾ ਹੈਂ ।
ਅੰਤੁ ਨਾਹੀ ਕਿਛੁ ਪਾਰਾਵਾਰੁ ॥
ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੇ ਸਰੂਪ ਦਾ ਉਰਲਾ ਪਾਰਲਾ ਬੰਨ੍ਹਾ ਨਹੀਂ ਲੱਭ ਸਕਦਾ ।
ਦਾਸ ਅਪਨੇ ਕਉ ਦੀਜੈ ਦਾਨੁ ॥
ਹੇ ਪ੍ਰਭੂ ! ਆਪਣੇ ਦਾਸ ਨਾਨਕ ਨੂੰ ਇਹ ਦਾਤਿ ਬਖ਼ਸ਼ ਕਿ
ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
ਮੈਨੂੰ ਕਦੇ ਤੇਰਾ ਨਾਮ ਨਾਹ ਭੁੱਲੇ ।੫।੯।੭੮।
ਗਉੜੀ ਗੁਆਰੇਰੀ ਮਹਲਾ ੫ ॥
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
ਅਨਿਕ ਜਤਨ ਨਹੀ ਹੋਤ ਛੁਟਾਰਾ ॥
(ਹੇ ਮਨ !) ਅਨੇਕਾਂ ਜਤਨਾਂ ਦੀ ਰਾਹੀਂ ਭੀ (ਮਾਇਆ ਦੇ ਮੋਹ ਦੇ ਕਾਰਨ ਪੈਦਾ ਹੋਏ ਦੁਖ ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ,
ਬਹੁਤੁ ਸਿਆਣਪ ਆਗਲ ਭਾਰਾ ॥
(ਸਗੋਂ ਮਾਇਆ ਦੀ ਖ਼ਾਤਰ ਕੀਤੀ ਹੋਈ) ਬਹੁਤੀ ਚਤੁਰਾਈ (ਹੋਰ ਹੋਰ ਦੁੱਖਾਂ ਦਾ) ਬਹੁਤਾ ਭਾਰ (ਸਿਰ ਉਤੇ ਪਾ ਦੇਂਦੀ ਹੈ) ।
ਹਰਿ ਕੀ ਸੇਵਾ ਨਿਰਮਲ ਹੇਤ ॥
ਜੇ ਪਵਿਤ® ਪਿਆਰ ਨਾਲ ਹਰੀ ਦੀ ਸੇਵਾ-ਭਗਤੀ ਕਰੀਏ, ਤਾਂ
ਪ੍ਰਭ ਕੀ ਦਰਗਹ ਸੋਭਾ ਸੇਤ ॥੧॥
ਹਰੀ ਦੀ ਦਰਗਾਹ ਵਿਚ ਆਦਰ-ਵਡਿਆਈ ਨਾਲ ਪਹੁੰਚੀਦਾ ਹੈ ।੧।