Sri Guru Granth Sahib Ji — Ang 175 (punjabi)
ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥
ਹੇ ਦਾਸ ਨਾਨਕ ! ਤੂੰ ਭੀ ਸੰਗਤਿ ਵਿਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ, ਤੇ) ਵੱਡੇ ਭਾਗਾਂ ਵਾਲਾ ਬਣ । ਨਾਮ ਦੀ ਬਰਕਤਿ ਨਾਲ ਹੀ ਜੀਵਨ-ਮਨੋਰਥ ਦੀ ਸਫਲਤਾ ਹੁੰਦੀ ਹੈ ।੪।੪।੩੦।੬੮।
ਗਉੜੀ ਮਾਝ ਮਹਲਾ ੪ ॥
ਗਊੜੀ ਮਾਝ ਪਾਤਸ਼ਾਹੀ ਚੌਥੀ।
ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥
(ਹੇ ਸੰਤ ਜਨੋ !) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ
ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥
ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ ।
ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥
ਹੇ ਮਾਂ ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ।
ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥
(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ ।੧।
ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥
ਹੇ ਸੰਤ ਜਨੋ ! ਤੁਸੀਂ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ,
ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥
ਗੁਰੂ ਦੀ ਸ਼ਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ ।
ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥
(ਹੇ ਸੰਤ ਜਨੋ !) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ ।
ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥
(ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੰੁਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ ।੨।
ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥
ਹੇ ਸੰਤ ਜਨੋ ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸ਼ਨ ਕਰ ਸਕਾਂ ।
ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥
ਹੇ ਸੰਤ ਜਨੋ ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ ।
ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥
(ਹੇ ਸੰਤ ਜਨੋ !) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ,
ਵਡਭਾਗੀ ਜਪਿ ਨਾਉ ਜੀਉ ॥੩॥
ਵੱਡੇ ਭਾਗਾਂ ਨਾਲ ਹਰਿ-ਨਾਮ ਜਪੀ ਦਾ ਹੈ ।੩।
ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥
ਹੇ ਸੰਤ ਜਨੋ ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ ।
ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥
ਹੇ ਸੰਤ ਜਨੋ ! ਮੈਨੂੰ Eਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ ।
ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥
ਹੇ ਦਾਸ ਨਾਨਕ ! ਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ
ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥
(ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ ।੪।੫।੩੧।੬੯।
ਗਉੜੀ ਮਾਝ ਮਹਲਾ ੪ ॥
ਗਊੜੀ ਮਾਝ ਪਾਤਸ਼ਾਹੀ ਚੋਥੀ।
ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥
ਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ (ਮੈਥੋਂ) ਵਿੱਛੁੜਿਆ ਹੋਇਆ ਮੇਰਾ ਹਰਿ-ਨਾਮ (ਮਿੱਤਰ) ਮਿਲ ਪਏ ।
ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥
ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਮੇਰੇ) ਮਨ ਵਿਚ ਹੀ (ਵੱਸਦਾ ਹੈ, ਪਰ) ਉਹ ਹਰਿ-ਨਾਮ-ਅੰਮ੍ਰਿਤ ਗੁਰੂ ਦੀ ਮਤਿ ਦੀ ਰਾਹੀਂ ਹੀ ਮੈਂ ਲੈ ਸਕਦਾ ਹਾਂ ।
ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥
(ਜੇ ਮੇਰਾ) ਮਨ (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ ਰੰਗਿਆ ਜਾਏ, ਤਾਂ ਮੈਂ ਸਦਾ ਹਰਿ-ਨਾਮ ਦਾ ਰਸ ਪੀਂਦਾ ਰਹਾਂ ।
ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥
ਜਦੋਂ (ਗੁਰੂ ਦੀ ਕਿਰਪਾ ਨਾਲ ਮੈਨੂੰ) ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿਚ ਜੀਊ ਪੈਂਦਾ ਹਾਂ ।੨।
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥
(ਹੇ ਭਾਈ !) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ
ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥
(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ ।
ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥
ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ,
ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥
ਤੇ ਤਦੋਂ ਮੈਂ ਹਰਿ-ਨਾਮ ਤੋਂ ਸਦਕੇ ਜਾਂਦਾ ਹਾਂ ।੨।
ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥
ਹੇ ਸੰਤ ਜਨੋ ! ਮੈਂ (ਤੁਹਾਥੋਂ) ਹਰਿ-ਸੱਜਣ ਹਰਿ-ਮਿੱਤਰ (ਦਾ ਪਤਾ) ਪੁੱਛਦਾ ਹਾਂ ।
ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥
ਹੇ ਸੰਤ ਜਨੋ ! (ਮੈਨੂੰ ਉਸ ਦਾ ਪਤਾ) ਦੱਸੋ, ਮੈਂ ਉਸ ਹਰੀ-ਸੱਜਣ ਦੀ ਭਾਲ ਕਰਦਾ ਫਿਰਦਾ ਹਾਂ ।
ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥
ਹੇ ਸੰਤ ਜਨੋ ! ਮੈਂ ਤਦੋਂ ਹੀ ਹਰਿ-ਮਿੱਤਰ ਨੂੰ ਮਿਲ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰੂ (ਉਸ ਦਾ ਪਤਾ) ਦੱਸੇ,
ਹਰਿ ਨਾਮੇ ਨਾਮਿ ਸਮਾਈ ਜੀਉ ॥੩॥
ਤਦੋਂ ਹੀ ਮੈਂ ਸਦਾ ਉਸ ਹਰੀ ਦੇ ਨਾਮ ਵਿਚ ਲੀਨ ਹੋ ਸਕਦਾ ਹਾਂ ।੩।
ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥
ਹੇ ਸਤਿਗੁਰੂ ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ ।
ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥
ਹੇ ਗੁਰੂ ! ਮੇਰੀ ਸ਼ਰਧਾ ਪੂਰੀ ਕਰ (ਤਾਂ ਕਿ) ਮੈਂ ਉਸ ਦਾ ਨਾਮ-ਅੰਮ੍ਰਿਤ (ਆਪਣੇ) ਮੂੰਹ ਵਿਚ ਪਾਵਾਂ ।
ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥
ਹੇ ਹਰੀ ! ਮੇਰੇ ਉਤੇ ਦਿਆਲ ਹੋ, ਮੈਂ ਤੇਰਾ ਹਰਿ-ਨਾਮ ਧਿਆਵਾਂ,
ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥
ਹੇ ਦਾਸ ਨਾਨਕ ! (ਆਖ—)ਤੇ ਮੈਂ ਤੇਰਾ ਹਰਿ-ਨਾਮ-ਰਸ ਪ੍ਰਾਪਤ ਕਰਾਂ ।੪।੬।੨੦।੧੮।੩੨।੭੦।
ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ
ਪਾਤਸ਼ਾਹੀ ਪੰਜਵੀਂ ਰਾਗੁ ਗਊੜੀ ਗੁਆਰੇਰੀ ਚਉਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥
ਹੇ ਮੇਰੇ ਵੀਰ ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ ?
ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥
(ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ ? ।੧।ਰਹਾਉ।
ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥
ਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ ।
ਊਚੇ ਮੰਦਰ ਸੁੰਦਰ ਛਾਇਆ ॥
ਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ ।
ਝੂਠੇ ਲਾਲਚਿ ਜਨਮੁ ਗਵਾਇਆ ॥੧॥
(ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ ।