Sri Guru Granth Sahib Ji — Ang 172 (punjabi)
ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥
(ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ ।
ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥੨॥
ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ । ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ ।੨।
ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ ॥
(ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ,
ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥੩॥
ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ।੩।
ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥
ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ ।
ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥੪॥
ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।੪।
ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥
ਹੇ ਪ੍ਰਭੂ ! ਹੇ ਠਾਕੁਰ ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ ।
ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥੫॥੧੦॥੨੪॥੬੨॥
ਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ।੫।੧੦।੨੪।੬੨।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥
(ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ । ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ ।
ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥
(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ । ਇਹ ਸਾਰੀ ਮਿਹਰ ਗੁਰੂ ਦੀ ਹੀ ਹੈ ।੧।
ਰਾਮ ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ।੧।ਰਹਾਉ।
ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ ਗੁਰਿ ਮਾਰਗੁ ਪੰਥੁ ਬਤਾਇਆ ॥
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ ।
ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥
ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ।੨।
ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ ॥
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ ।
ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ ॥੩॥
ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ।੩।
ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥
ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ ।
ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥
ਪਰ ਹੁਣ, ਹੇ ਨਾਨਕ ! (ਆਖ—) ਹੇ ਹਰੀ ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ।੪।੧੧।੨੫।੬੩।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ ਪਾਤਸ਼ਾਹੀ ਚੋਥੀ।
ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥
ਗੁਰੂ ਦੀ ਮਤਿ ਉਤੇ ਤੁਰਿਆਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ (ਤੇ ਹੋਰ ਕੋਈ ਮਾਇਕ ਰਸ ਆਪਣਾ ਜ਼ੋਰ ਨਹੀਂ ਪਾ ਸਕਦਾ), ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ ।
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧੰਨੁ ਗੁਰੂ ਲਿਵ ਲਾਵੈ ॥੧॥
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦਾ ਦਰਸਨ ਪ੍ਰਾਪਤ ਕਰਦਾ ਹੈ । ਸਦਕੇ ਗੁਰੂ ਤੋਂ, ਸਦਕੇ ਗੁਰੂ ਤੋਂ । ਗੁਰੂ (ਮਨੁੱਖ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ) ਲਗਨ ਪੈਦਾ ਕਰਦਾ ਹੈ ।੧।
ਗੁਰਮੁਖਿ ਹਰਿ ਲਿਵ ਲਾਵੈ ॥੧॥ ਰਹਾਉ ॥
ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ (ਆਪਣੇ ਅੰਦਰ) ਹਰੀ ਦੇ ਮਿਲਾਪ ਦੀ ਲਗਨ ਪੈਦਾ ਕਰ ਸਕਦਾ ਹੈ ।੧।ਰਹਾਉ।
ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥
(ਹੇ ਭਾਈ !) ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਨ ਗੁਰੂ ਦੀ ਦੱਸੀ ਹੋਈ ਕਾਰ ਹੀ ਕਰਦਾ ਹੈ ।
ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥੨॥
ਮੈਂ ਆਪਣੇ ਗੁਰੂ ਦੇ ਪੈਰ ਮਲ ਮਲ ਕੇ ਧੋਂਦਾ ਹਾਂ, ਕਿਉਂਕਿ ਗੁਰੂ ਮੈਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ।੨।
ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥
(ਹੇ ਭਾਈ ! ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਭ ਰਸਾਂ ਦਾ ਘਰ ਪ੍ਰਭੂ-ਨਾਮ ਵੱਸ ਪੈਂਦਾ ਹੈ, (ਜਿਨ੍ਹਾਂ ਦੀ) ਜੀਭ ਪਰਮਾਤਮਾ ਦੇ ਗੁਣ ਗਾਂਦੀ ਹੈ,
ਮਨ ਰਸਕਿ ਰਸਕਿ ਹਰਿ ਰਸਿ ਆਘਾਨੇ ਫਿਰਿ ਬਹੁਰਿ ਨ ਭੂਖ ਲਗਾਵੈ ॥੩॥
ਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ ।੩।
ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥
ਪਰ ਕੋਈ ਭੀ ਮਨੁੱਖ ਪਰਮਾਤਮਾ ਦਾ ਨਾਮ (ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਹਾਸਲ ਨਹੀਂ ਕਰ ਸਕਦਾ, ਬੇਸ਼ੱਕ ਕੋਈ ਬਥੇਰੇ ਅਨੇਕਾਂ ਉਪਾਵ ਕਰਦਾ ਰਹੇ ।
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥੪॥੧੨॥੨੬॥੬੪॥
ਹੇ ਨਾਨਕ ! ਜਿਸ ਦਾਸ ਉਤੇ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਮਤਿ ਵਿਚ ਪਰਮਾਤਮਾ ਆਪਣਾ ਨਾਮ ਪੱਕਾ ਕਰ ਦੇਂਦਾ ਹੈ ।੪।੧੨।੨੬।੬੪।
ਰਾਗੁ ਗਉੜੀ ਮਾਝ ਮਹਲਾ ੪ ॥
ਰਾਗ ਗਊੜੀ ਮਾਝ ਪਾਤਸ਼ਾਹੀ ਚੋਥੀ।
ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ ॥
ਹੇ (ਮੇਰੀ) ਜਿੰਦੇ ! ਗੁਰੂ ਦੀ ਸ਼ਰਨ ਪੈ ਕੇ (ਪਰਮਾਤਮਾ ਦਾ) ਨਾਮ ਜਪੋ, (ਤੇਰੇ) ਭਾਗ (ਜਾਗ ਪਏ ਹਨ) ।
ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥
(ਹੇ ਜਿੰਦੇ ! ਗੁਰੂ ਦੀ ਦਿੱਤੀ) ਮਤਿ ਨੂੰ (ਆਪਣੀ) ਮਾਂ ਬਣਾ, ਤੇ ਮਤਿ ਨੂੰ ਹੀ ਜੀਵਨ (ਦਾ ਆਸਰਾ ਬਣਾ), ਰਾਮ ਦਾ ਨਾਮ ਮੂੰਹ ਨਾਲ ਜਪ ।
ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥
(ਹੇ ਜਿੰਦੇ !) ਸੰਤੋਖ ਨੂੰ ਪਿਤਾ ਬਣਾ, ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸ਼ਰਨ ਪਉ ।