Sri Guru Granth Sahib Ji — Ang 170 (punjabi)
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥੨॥
ਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ।੨।
ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ ।
ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥੩॥
(ਪਰ ਉਹਨਾਂ ਦੇ ਭੀ ਕੀਹ ਵੱਸ ?) ਧੁਰੋਂ (ਪਰਮਾਤਮਾ ਨੇ) ਉਹਨਾਂ ਦੇ ਭਾਗਾਂ ਵਿਚ (ਇਹ) ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ ਜਿਵੇਂ ਦੀਵੇ ਨੂੰ ਵੇਖ ਕੇ (ਪਤੰਗੇ) ।੩।
ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥
ਹੇ ਪ੍ਰਭੂ ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮਿਹਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲਾਂਦਾ ਹੈਂ, ਉਹ, ਹੇ ਹਰੀ ! ਤੇਰੀ ਸੇਵਾ-ਭਗਤੀ ਵਿਚ ਲਗੇ ਰਹਿੰਦੇ ਹਨ ।
ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥
ਹੇ ਦਾਸ ਨਾਨਕ ! ਉਹ ਪਰਮਾਤਮਾ ਦਾ ਨਾਮ ਜਪ ਜਮ ਕੇ ਚਮਕ ਪੈਂਦੇ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ।੪।੪।੧੮।੫੬।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
ਮੇਰੇ ਮਨ ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ ਕਹੁ ਕਿਥੈ ਹਰਿ ਪਹੁ ਨਸੀਐ ॥
ਹੇ ਮੇਰੇ ਮਨ ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ । ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ ?
ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥੧॥
ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ ।੧।
ਮੇਰੇ ਮਨ ਜਪਿ ਹਰਿ ਹਰਿ ਹਰਿ ਮਨਿ ਜਪੀਐ ॥
ਹੇ ਮੇਰੇ ਮਨ ! ਸਦਾ ਹਰਿ-ਨਾਮ ਜਪ । (ਹੇ ਭਾਈ !) ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ ।
ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥੧॥ ਰਹਾਉ ॥
ਹੇ ਮੇਰੇ ਮਨ ! ਸਤਿਗੁਰੂ ਦੀ ਸਰਨ ਜਾ ਪਉ । ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ ।੧।ਰਹਾਉ।
ਮੇਰੇ ਮਨ ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ ਜਿਤੁ ਸੇਵਿਐ ਨਿਜ ਘਰਿ ਵਸੀਐ ॥
ਹੇ ਮੇਰੇ ਮਨ ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ) । (ਹੇ ਮਨ !) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ) ।
ਗੁਰਮੁਖਿ ਜਾਇ ਲਹਹੁ ਘਰੁ ਅਪਨਾ ਘਸਿ ਚੰਦਨੁ ਹਰਿ ਜਸੁ ਘਸੀਐ ॥੨॥
(ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ।੨।
ਮੇਰੇ ਮਨ ਹਰਿ ਹਰਿ ਹਰਿ ਹਰਿ ਹਰਿ ਜਸੁ ਊਤਮੁ ਲੈ ਲਾਹਾ ਹਰਿ ਮਨਿ ਹਸੀਐ ॥
ਹੇ ਮੇਰੇ ਮਨ ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ । (ਹੇ ਭਾਈ !) ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ ।
ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥੩॥
ਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ ।੩।
ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥
ਹੇ ਮੇਰੇ ਮਨ ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ) ।
ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥੪॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ । ਹੇ ਮੇਰੇ ਮਨ ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ ।੪।
ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰਹਰਿ ਜਿਤੁ ਸੇਵਿਐ ਲੇਖਾ ਛੁਟੀਐ ॥
ਹੇ ਮੇਰੇ ਮਨ ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦਿ®ਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ । ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ) ।
ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥੫॥੫॥੧੯॥੫੭॥
ਹੇ ਦਾਸ ਨਾਨਕ ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ ।੫।੫।੧੯।੫੭।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥
ਹੇ ਪ੍ਰਭੂ ! ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ । ਮੇਰੀ ਜਿੰਦ ਤੇ ਮੇਰਾ ਸਰੀਰ ਇਹ ਸਭ ਤੇਰੇ ਹੀ ਦਿੱਤੇ ਹੋਏ ਹਨ ।
ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਣੇਰੀ ॥੧॥
ਹੇ ਪ੍ਰਭੂ ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਦਰਸਨ ਦੇਹ, (ਤੇਰੇ ਦਰਸਨ ਦੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਬੜੀ ਤਾਂਘ ਹੈ ।੧।
ਰਾਮ ਮੇਰੈ ਮਨਿ ਤਨਿ ਲੋਚ ਮਿਲਣ ਹਰਿ ਕੇਰੀ ॥
ਹੇ ਮੇਰੇ ਰਾਮ ! ਹੇ ਮੇਰੇ ਹਰੀ ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ (ਬੜੀ) ਤਾਂਘ ਹੈ ।
ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥
(ਹੇ ਭਾਈ !) ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ।੧।ਰਹਾਉ।
ਜੋ ਹਮਰੈ ਮਨ ਚਿਤਿ ਹੈ ਸੁਆਮੀ ਸਾ ਬਿਧਿ ਤੁਮ ਹਰਿ ਜਾਨਹੁ ਮੇਰੀ ॥
ਹੇ ਹਰੀ ! ਹੇ ਮੇਰੇ ਸੁਆਮੀ ! ਅਸਾਂ ਜੀਵਾਂ ਦੇ ਮਨ ਵਿਚ ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ ।
ਅਨਦਿਨੁ ਨਾਮੁ ਜਪੀ ਸੁਖੁ ਪਾਈ ਨਿਤ ਜੀਵਾ ਆਸ ਹਰਿ ਤੇਰੀ ॥੨॥
ਹੇ ਹਰੀ ! ਮੈਨੂੰ (ਸਦਾ) ਤੇਰੀ (ਮਿਹਰ ਦੀ) ਆਸ ਰਹਿੰਦੀ ਹੈ (ਕਿ ਤੂੰ ਕਿਰਪਾ ਕਰੇਂ ਤਾਂ) ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜੀਊਂਦਾ ਰਹਾਂ ।੨।
ਗੁਰਿ ਸਤਿਗੁਰਿ ਦਾਤੈ ਪੰਥੁ ਬਤਾਇਆ ਹਰਿ ਮਿਲਿਆ ਆਇ ਪ੍ਰਭੁ ਮੇਰੀ ॥
(ਨਾਮ ਦੀ) ਦਾਤਿ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ।
ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥੩॥
ਵੱਡੇ ਭਾਗਾਂ ਨਾਲ (ਮੇਰੇ ਹਿਰਦੇ ਵਿਚ) ਹਰ ਰੋਜ਼ (ਹਰ ਵੇਲੇ) ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ ।੩।
ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥
ਹੇ ਜਗਤ ਦੇ ਨਾਥ ! ਹੇ ਜਗਤ ਦੇ ਈਸ਼ਵਰ ! ਹੇ ਕਰਤਾਰ ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ ।
ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥
ਹੇ ਦਾਸ ਨਾਨਕ ! (ਅਰਦਾਸ ਕਰ ਤੇ ਆਖ—) ਹੇ ਹਰੀ ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ ।੪।੬।੨੦।੫੮।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ ਪਾਤਸ਼ਾਹੀ ਚੋਥੀ।
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥
(ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ ।