Sri Guru Granth Sahib Ji — Ang 169 (punjabi)
ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥
ਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ ।
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥
ਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ।੩।
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥
ਹੇ ਹਰੀ ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ । ਮੈਂ ਤੇਰੀ ਸਰਨ ਆਇਆ ਹਾਂ । ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ ।
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥
ਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ।੪।੧।੧੫।੫੩।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥
ਹੇ ਜਗਤ ਦੇ ਜੀਵਨ ਪ੍ਰਭੂ ! ਹੇ ਬੇਅੰਤ ਪ੍ਰਭੂ ! ਹੇ ਸੁਆਮੀ ! ਹੇ ਜਗਤ ਦੇ ਈਸ਼ਵਰ ! ਹੇ ਸਰਬ-ਵਿਆਪਕ ! ਹੇ ਸਿਰਜਣਹਾਰ !
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥
ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉਤੇ (ਤੁਰਨ ਲਈ) ਪ੍ਰੇਰਦਾ ਹੈਂ, ਅਸੀ ਉਸ ਰਸਤੇ ਉਤੇ ਹੀ ਤੁਰਦੇ ਹਾਂ ।੧।
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥
ਹੇ ਰਾਮ (ਮਿਹਰ ਕਰ) ਮੇਰਾ ਮਨ ਤੇਰੇ (ਨਾਮ) ਵਿਚ ਰੰਗਿਆ ਰਹੇ ।
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥
(ਹੇ ਭਾਈ ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਕਿਰਪਾ ਨਾਲ) ਸਾਧ ਸੰਗਤਿ ਵਿਚ ਮਿਲ ਕੇ ਰਾਮ-ਰਸ ਪ੍ਰਾਪਤ ਕਰ ਲਿਆ, ਉਹ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦੇ ਹਨ ।੧।ਰਹਾਉ।
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥
(ਹੇ ਭਾਈ !) ਪਰਮਾਤਮਾ ਦਾ ਨਾਮ ਜਗਤ ਵਿਚ (ਸਭ ਰੋਗਾਂ ਦੀ) ਦਵਾਈ ਹੈ, ਪਰਮਾਤਮਾ ਦਾ ਨਾਮ (ਆਤਮਕ) ਸ਼ਾਂਤੀ ਦੇਣ ਵਾਲਾ ਹੈ ।
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥
ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਰਸ ਚੱਖਦੇ ਹਨ, ਉਹਨਾਂ ਦੇ ਸਾਰੇ ਪਾਪ ਸਾਰੇ ਐਬ ਨਾਸ ਹੋ ਜਾਂਦੇ ਹਨ ।੨।
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥
ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ (ਭਗਤੀ ਦਾ) ਲੇਖ ਲਿਖਿਆ ਜਾਂਦਾ ਹੈ, ਉਹ ਮਨੁੱਖ ਗੁਰੂ-ਰੂਪ ਸੰਤੋਖਸਰ ਵਿਚ ਇਸ਼ਨਾਨ ਕਰਦੇ ਹਨ (ਭਾਵ, ਉਹ ਮਨੁੱਖ ਗੁਰੂ ਵਿਚ ਆਪਣਾ ਆਪ ਲੀਨ ਕਰ ਦੇਂਦੇ ਹਨ ਤੇ ਉਹ ਸੰਤੋਖ ਵਾਲਾ ਜੀਵਨ ਜੀਊਂਦੇ ਹਨ) ।
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹਨਾਂ ਦੀ ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ।੩।
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥
ਹੇ ਰਾਮ ! ਹੇ ਠਾਕੁਰ ! ਤੂੰ ਆਪ ਹੀ ਤੂੰ ਆਪ ਹੀ ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਜੇਡਾ ਵੱਡਾ ਕੋਈ ਹੋਰ ਦਾਤਾ ਨਹੀਂ ਹੈ ।
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥
ਦਾਸ ਨਾਨਕ ਜਦੋਂ ਪਰਮਾਤਮਾ ਦਾ ਨਾਮ ਜਪਦਾ ਹੈ, ਤਾਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ । (ਪਰ) ਪਰਮਾਤਮਾ ਦਾ ਨਾਮ ਪਰਮਾਤਮਾ ਦੀ ਮਿਹਰ ਨਾਲ ਹੀ ਜਪਿਆ ਜਾ ਸਕਦਾ ਹੈ ।੪।੨।੧੬।੫੪।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ, ਪਾਤਸ਼ਾਹੀ ਚੌਥੀ।
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥
ਹੇ ਜਗਤ ਦੇ ਜੀਵਨ ! ਹੇ ਦਾਤਾਰ ! ਕਿਰਪਾ ਕਰ, ਮੇਰਾ ਮਨ ਤੇਰੀ ਯਾਦ ਵਿਚ ਮਸਤ ਰਹੇ ।
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥
(ਤੇਰੀ ਕਿਰਪਾ ਨਾਲ) ਸਤਿਗੁਰੂ ਨੇ ਮੈਨੂੰ ਬਹੁਤ ਪਵਿਤ® ਉਪਦੇਸ਼ ਦਿੱਤਾ ਹੈ, ਹੁਣ ਮੇਰਾ ਮਨ ਹਰਿ-ਨਾਮ ਜਪ ਜਪ ਕੇ ਖ਼ੁਸ਼ ਹੋ ਰਿਹਾ ਹੈ ।੧।
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥
ਹੇ ਰਾਮ ! ਹੇ ਸਦਾ ਕਾਇਮ ਰਹਿਣ ਵਾਲੇ ਹਰੀ ! ਤੂੰ (ਮਿਹਰ ਕਰ ਕੇ) ਮੇਰੇ ਮਨ ਨੂੰ ਮੇਰੇ ਤਨ ਨੂੰ (ਆਪਣੇ ਚਰਨਾਂ ਵਿਚ) ਵਿੰਨ੍ਹ ਲਿਆ ਹੈ ।
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥
ਜਿਸ ਆਤਮਕ ਮੌਤ ਦੇ ਮੂੰਹ ਵਿਚ ਸਾਰਾ ਸੰਸਾਰ ਨਿਗਲਿਆ ਹੋਇਆ ਹੈ, (ਉਸ ਆਤਮਕ ਮੌਤ ਤੋਂ) ਮੈਂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਬਚ ਗਿਆ ਹਾਂ ।੧।ਰਹਾਉ।
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦੇ ਚਰਨਾਂ) ਨਾਲ ਪ੍ਰੀਤਿ ਪ੍ਰਾਪਤ ਨਹੀਂ ਹੋਈ, ਉਹ ਮਾਇਆ-ਵੇੜ੍ਹੇ ਮੂਰਖ ਮਨੁੱਖ ਕਮਜ਼ੋਰ ਜੀਵਨ ਵਾਲੇ ਰਹਿੰਦੇ ਹਨ ।
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥
ਉਹਨਾਂ ਵਾਸਤੇ ਜਨਮ ਮਰਨ ਦਾ ਦੁਖਦਾਈ ਗੇੜ ਬਣਿਆ ਰਹਿੰਦਾ ਹੈ । ਉਹ (ਵਿਕਾਰਾਂ ਦੇ) ਗੰਦ ਵਿਚ ਆਤਮਕ ਮੌਤ ਸਹੇੜ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਨ ।੨।
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥
ਹੇ ਦਇਆਲ ਪ੍ਰਭੂ ! ਹੇ ਸਰਨ ਪਏ ਦੀ ਰੱਖਿਆ ਕਰਨ ਵਾਲੇ ਪ੍ਰਭੂ ! ਮੈਂ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹਾਂ, ਮੈਨੂੰ ਇਹ ਦਾਤਿ ਬਖ਼ਸ਼ ।
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥
ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ਤਾਂ ਜੁ ਮੇਰਾ ਮਨ (ਤੇਰੇ ਨਾਮ ਵਿਚ ਜੁੜ ਕੇ) ਸਦਾ ਨਾਚ ਕਰਦਾ ਰਹੇ (ਸਦਾ ਆਤਮਕ ਆਨੰਦ ਮਾਣਦਾ ਰਹੇ) ।੩।
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥
ਪ੍ਰਭੂ ਜੀ ਆਪ ਹੀ (ਨਾਮ ਦੀ ਰਾਸਿ-ਪੂੰਜੀ ਦੇਣ ਵਾਲੇ ਸਭ ਜੀਵਾਂ ਦੇ) ਵੱਡੇ ਸ਼ਾਹ ਹਨ ਮਾਲਕ ਹਨ । ਅਸੀ ਸਾਰੇ ਜੀਵ ਉਸ (ਸ਼ਾਹ) ਦੇ (ਭੇਜੇ ਹੋਏ) ਵਣਜਾਰੇ ਹਾਂ (ਵਪਾਰੀ ਹਾਂ) ।
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥
ਹੇ ਦਾਸ ਨਾਨਕ ਦੇ ਸਦਾ-ਥਿਰ ਸ਼ਾਹ ਤੇ ਪ੍ਰਭੂ ! ਮੇਰਾ ਮਨ ਮੇਰਾ ਤਨ ਮੇਰੀ ਜਿੰਦ—ਇਹ ਸਭ ਕੁਝ ਤੇਰੀ ਬਖ਼ਸ਼ੀ ਹੋਈ ਰਾਸਿ-ਪੂੰਜੀ ਹੈ (ਮੈਨੂੰ ਆਪਣੇ ਨਾਮ ਦੀ ਦਾਤਿ ਭੀ ਬਖ਼ਸ਼) ।੪।੩।੧੭।੫੫।
ਗਉੜੀ ਪੂਰਬੀ ਮਹਲਾ ੪ ॥
ਗਊੜੀ ਪੂਰਬੀ, ਪਾਤਸ਼ਾਹੀ ਚੌਥੀ।
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥
ਹੇ (ਜੀਵਾਂ ਦੇ) ਸਾਰੇ ਦੁਖ ਨਾਸ ਕਰਨ ਵਾਲੇ ਸੁਆਮੀ ! ਤੂੰ ਦਇਆ ਦਾ ਘਰ ਹੈਂ, ਮੇਰੀ ਇਕ ਅਰਜ਼ੋਈ ਧਿਆਨ ਨਾਲ ਸੁਣ ।
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥
ਮੈਨੂੰ ਉਹ ਸਤਿਗੁਰੂ ਮਿਲਾ ਜੋ ਮੇਰੀ ਜਿੰਦ (ਦਾ ਸਹਾਰਾ) ਹੈ, ਜਿਸ ਦੀ ਕਿਰਪਾ ਤੋਂ ਤੇਰੇ ਨਾਲ ਡੂੰਘੀ ਸਾਂਝ ਪੈਂਦੀ ਹੈ ।੧।
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥
(ਹੇ ਭਾਈ !) ਮੈਂ ਸਤਿਗੁਰੂ ਨੂੰ (ਆਤਮਕ ਜੀਵਨ ਵਿਚ) ਰਾਮ ਪਾਰਬ੍ਰਹਮ ਦੇ ਬਰਾਬਰ ਦਾ ਮੰਨਿਆ ਹੈ ।
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥
ਮੈਂ ਮੂਰਖ ਸਾਂ, ਮਹਾਂ ਮੂਰਖ ਸਾਂ, ਮੈਲੀ ਮਤਿ ਵਾਲਾ ਸਾਂ, ਗੁਰੂ ਸਤਿਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮੈਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ ।੧।ਰਹਾਉ।
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥
ਜਗਤ ਦੇ ਜਿਤਨੇ ਭੀ ਹੋਰ ਹੋਰ (ਕਿਸਮ ਦੇ) ਰਸ ਹਨ, ਮੈਂ ਵੇਖ ਲਏ ਹਨ, ਉਹ ਸਾਰੇ ਹੀ ਫਿੱਕੇ ਹਨ ਫਿੱਕੇ ਹਨ ।