Sri Guru Granth Sahib Ji — Ang 164 (punjabi)
ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥
ਸੰਨਿਆਸੀ ਨੇ ਸੁਆਹ ਮਲ ਕੇ ਆਪਣੇ ਸਰੀਰ ਨੂੰ ਸਵਾਰਿਆ ਹੋਇਆ ਹੈ,
ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥
ਉਸ ਨੇ ਪਰਾਈ ਇਸਤ®ੀ ਦਾ ਤਿਆਗ ਕਰ ਕੇ ਬ੍ਰਹਮ ਚਰਜ ਧਾਰਨ ਕੀਤਾ ਹੋਇਆ ਹੈ (ਉਸ ਨੇ ਨਿਰੇ ਬ੍ਰਹਮ ਚਰਜ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾਇਆ ਹੋਇਆ ਹੈ, ਉਸ ਦੀਆਂ ਨਿਗਾਹਾਂ ਵਿਚ ਮੇਰੇ ਵਰਗਾ ਗ੍ਰਿਹਸਤੀ ਮੂਰਖ ਹੈ, ਪਰ)
ਮੈ ਮੂਰਖ ਹਰਿ ਆਸ ਤੁਮਾਰੀ ॥੨॥
ਹਰੀ ! ਮੈਂ ਮੂਰਖ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ ।੨।
ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥
(ਸਿਮ੍ਰਿਤੀਆਂ ਦੇ ਧਰਮ ਅਨੁਸਾਰ) ਖਤ®ੀ (ਸੂਰਮਤਾ ਦੇ) ਕੰਮ ਕਰਦਾ ਹੈ ਤੇ ਸੂਰਮਤਾ ਦਾ ਨਾਮਣਾ ਖੱਟਦਾ ਹੈ (ਉਹ ਇਸੇ ਨੂੰ ਹੀ ਜੀਵਨ-ਨਿਸ਼ਾਨਾ ਸਮਝਦਾ ਹੈ),
ਸੂਦੁ ਵੈਸੁ ਪਰ ਕਿਰਤਿ ਕਮਾਵੈ ॥
ਸ਼ੂਦਰ ਦੂਜਿਆਂ ਦੀ ਸੇਵਾ ਕਰਦਾ ਹੈ, ਵੈਸ਼ ਭੀ (ਵਣਜ ਆਦਿਕ) ਕਿਰਤ ਕਰਦਾ ਹੈ (ਸ਼ੂਦਰ ਭੀ ਤੇ ਵੈਸ਼ ਭੀ ਆਪੋ ਆਪਣੀ ਕਿਰਤ ਵਿਚ ਮਗਨ ਹੈ, ਪਰ ਮੈਂ ਨਿਰੀ ਕਿਰਤ ਨੂੰ ਜੀਵਨ-ਮਨੋਰਥ ਨਹੀਂ ਮੰਨਦਾ,
ਮੈ ਮੂਰਖ ਹਰਿ ਨਾਮੁ ਛਡਾਵੈ ॥੩॥
ਇਹਨਾਂ ਦੀਆਂ ਨਜ਼ਰਾਂ ਵਿਚ) ਮੈਂ ਮੂਰਖ ਹਾਂ (ਪਰ ਮੈਨੂੰ ਯਕੀਨ ਹੈ ਕਿ) ਪਰਮਾਤਮਾ ਦਾ ਨਾਮ (ਹੀ ਸੰਸਾਰ-ਸਮੰੁਦਰ ਦੇ ਵਿਕਾਰਾਂ ਤੋਂ) ਬਚਾਂਦਾ ਹੈ ।੩।
ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥
(ਪਰ, ਹੇ ਪ੍ਰਭੂ !) ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, (ਸਭ ਜੀਵਾਂ ਵਿਚ) ਤੂੰ ਆਪ ਹੀ ਵਿਆਪਕ ਹੈਂ (ਜੋ ਕੁਝ ਤੂੰ ਸੁਝਾਉਂਦਾ ਹੈਂ ਉਹੀ ਇਹਨਾਂ ਨੂੰ ਸੁੱਝਦਾ ਹੈ) ।
ਗੁਰਮੁਖਿ ਨਾਨਕ ਦੇ ਵਡਿਆਈ ॥
ਹੇ ਨਾਨਕ ! (ਜਿਸ ਕਿਸੇ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ) ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਵਡਿਆਈ ਬਖ਼ਸ਼ਦਾ ਹੈ ।
ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥
(ਇਹਨਾਂ ਲੋਕਾਂ ਦੇ ਭਾਣੇ ਮੈਂ ਅੰਨ੍ਹਾ ਹਾਂ, ਪਰ) ਮੈਂ ਅੰਨ੍ਹੇ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੋਇਆ ਹੈ ।੪।੧।੩੯।
ਗਉੜੀ ਗੁਆਰੇਰੀ ਮਹਲਾ ੪ ॥
ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।
ਨਿਰਗੁਣ ਕਥਾ ਕਥਾ ਹੈ ਹਰਿ ਕੀ ॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਤਿੰਨਾਂ ਗੁਣਾਂ ਤੋਂ ਉਤਾਂਹ ਹਨ (ਦੁਨੀਆ ਦੇ ਲੋਕਾਂ ਦੀਆਂ ਸਿਫ਼ਤਾਂ ਦੀਆਂ ਕਹਾਣੀਆਂ ਨਾਲੋਂ ਬਹੁਤ ਉੱਚੇ ਟਿਕਾਣੇ ਦੀਆਂ ਹਨ) ।
ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥
(ਹੇ ਭਾਈ !) ਸਾਧੂ ਜਨਾਂ ਦੀ ਸੰਗਤਿ ਵਿਚ ਮਿਲ ਕੇ (ਉਸ ਪਰਮਾਤਮਾ ਦਾ) ਭਜਨ ਕਰਿਆ ਕਰ,
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥
ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ, ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ (ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੰੁਦਰ ਤੋਂ ਪਾਰ ਲੰਘ ।੧।
ਗੋਬਿੰਦ ਸਤਸੰਗਤਿ ਮੇਲਾਇ ॥
ਹੇ ਗੋਬਿੰਦ ! (ਮੈਨੂੰ) ਸਾਧ ਸੰਗਤਿ ਦਾ ਮਿਲਾਪ ਬਖ਼ਸ਼
ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥
(ਤਾਂ ਜੁ ਮੇਰੀ) ਜੀਭ ਹਰਿ-ਨਾਮ ਦਾ ਸੁਆਦ (ਲੈ ਕੇ) ਹਰਿ-ਗੁਣ ਗਾਂਦੀ ਰਹੇ ।੧।ਰਹਾਉ।
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥
ਹੇ ਹਰੀ ! ਹੇ ਰਾਮ ! ਜੇਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ,
ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥
ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ।
ਜਨ ਕੀ ਸੇਵਾ ਊਤਮ ਕਾਮਾ ॥੨॥
(ਤੇਰੇ) ਦਾਸਾਂ ਦੀ ਸੇਵਾ (ਮਨੁੱਖਾ ਜੀਵਨ ਵਿਚ ਸਭ ਤੋਂ) ਸ੍ਰੇਸ਼ਟ ਕੰਮ ਹੈ ।੨।
ਜੋ ਹਰਿ ਕੀ ਹਰਿ ਕਥਾ ਸੁਣਾਵੈ ॥
(ਹੇ ਭਾਈ !) ਜੇਹੜਾ ਮਨੁੱਖ (ਮੈਨੂੰ) ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੀਆਂ ਗੱਲਾਂ ਸੁਣਾਂਦਾ ਹੈ,
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥
ਉਹ (ਮੈਨੂੰ) ਮੇਰੇ ਮਨ ਵਿਚ ਮੇਰੇ ਚਿੱਤ ਵਿਚ ਪਿਆਰਾ ਲੱਗਦਾ ਹੈ ।
ਜਨ ਪਗ ਰੇਣੁ ਵਡਭਾਗੀ ਪਾਵੈ ॥੩॥
(ਪਰਮਾਤਮਾ ਦੇ) ਭਗਤ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ ।੩।
ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥ ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥
(ਪ੍ਰਭੂ ਦੇ) ਸੰਤ ਜਨਾਂ ਨਾਲ (ਉਹਨਾਂ ਮਨੁੱਖਾਂ ਦੀ) ਪ੍ਰੀਤਿ ਨਿਭਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ (ਆਪਣੀ ਦਰਗਾਹ ਤੋਂ ਆਪਣੀ ਬਖ਼ਸ਼ਸ਼ ਦਾ) ਲੇਖ ਲਿਖ ਦਿੱਤਾ ਹੋਵੇ,
ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥
ਹੇ ਨਾਨਕ ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ ਲਈ) ਲੀਨਤਾ ਹਾਸਲ ਕਰ ਲੈਂਦੇ ਹਨ ।੪।੨।੪੦।
ਗਉੜੀ ਗੁਆਰੇਰੀ ਮਹਲਾ ੪ ॥
ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
(ਹਰੇਕ) ਮਾਂ ਖ਼ੁਸ਼ੀ ਮਨਾਂਦੀ ਹੈ ਜਦੋਂ ਉਸ ਦਾ ਪੁੱਤਰ (ਕੋਈ ਚੰਗੀ ਸ਼ੈ) ਖਾਂਦਾ ਹੈ ।
ਮੀਨੇ ਪ੍ਰੀਤਿ ਭਈ ਜਲਿ ਨਾਇ ॥
ਪਾਣੀ ਵਿਚ ਨ੍ਹਾ ਕੇ ਮੱਛੀ ਨੂੰ ਖ਼ੁਸ਼ੀ ਹੰੁਦੀ ਹੈ ।
ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥
ਗੁਰੂ ਨੂੰ ਖ਼ੁਸ਼ੀ ਹੁੰਦੀ ਹੈ, ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿਚ (ਭੋਜਨ) ਪਾਂਦਾ ਹੈ (ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ) ।੧।
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥
ਹੇ ਹਰੀ ! ਮੈਨੂੰ ਆਪਣੇ ਉਹ ਸੇਵਕ ਮਿਲਾ,
ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥
ਜਿਨ੍ਹਾਂ ਦੇ ਮਿਲਿਆਂ ਮੇਰੇ ਸਾਰੇ ਦੁਖ ਦੂਰ ਹੋ ਜਾਣ (ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ) ।੧।ਰਹਾਉ।
ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
ਜਿਵੇਂ (ਆਪਣੇ) ਵੱਛੇ ਨੂੰ ਮਿਲ ਕੇ ਗਾਂ ਖ਼ੁਸ਼ ਹੁੰਦੀ ਹੈ,
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥
ਜਿਵੇਂ ਇਸਤ®ੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਦਾ ਪਤੀ ਘਰ ਆਉਂਦਾ ਹੈ,
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥
(ਤਿਵੇਂ) ਪਰਮਾਤਮਾ ਦੇ ਸੇਵਕ ਨੂੰ ਤਦੋਂ ਖ਼ੁਸ਼ੀ ਹੰੁਦੀ ਹੈ ਜਦੋਂ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਂਦਾ ਹੈ ।੨।
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
ਪਪੀਹੇ ਨੂੰ ਖ਼ੁਸ਼ੀ ਹੰੁਦੀ ਹੈ ਜਦੋਂ (ਸ੍ਵਾਂਤੀ ਨਛੱਤ® ਵਿਚ) ਮੁਹਲੇ-ਧਾਰ ਮੀਂਹ ਵੱਸਦਾ ਹੈ,
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
ਮਾਇਆ ਦਾ ਖਿਲਾਰਾ ਵੇਖ ਕੇ (ਕਿਸੇ) ਰਾਜੇ-ਪਾਤਿਸ਼ਾਹ ਨੂੰ ਖ਼ੁਸ਼ੀ ਹੁੰਦੀ ਹੈ ।
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥
(ਤਿਵੇਂ) ਪ੍ਰਭੂ ਦੇ ਦਾਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ ।੩।
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
ਹਰੇਕ ਮਨੁੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਮਾਇਆ ਕਮਾਂਦਾ ਹੈ ਧਨ ਖੱਟਦਾ ਹੈ ।
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥
ਗੁਰੂ ਦੇ ਸਿੱਖ ਨੂੰ ਖ਼ੁਸ਼ੀ (ਮਹਿਸੂਸ) ਹੁੰਦੀ ਹੈ ਜਦੋਂ ਉਸ ਨੂੰ ਉਸ ਦਾ ਗੁਰੂ ਗਲ ਲਾ ਕੇ ਮਿਲਦਾ ਹੈ ।
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥
ਹੇ ਨਾਨਕ ! ਪਰਮਾਤਮਾ ਦੇ ਸੇਵਕ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਗੁਰਮੁਖਿ ਦੇ ਪੈਰ ਚੁੰਮਦਾ ਹੈ ।੪।੩।੪੧।
ਗਉੜੀ ਗੁਆਰੇਰੀ ਮਹਲਾ ੪ ॥
ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।
ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥
ਮੰਗਤੇ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਸ ਨੂੰ ਕਿਸੇ ਘਰ ਦੇ) ਮਾਲਕ ਪਾਸੋਂ ਭਿੱਖਿਆ ਮਿਲਦੀ ਹੈ ।
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥
ਭੁੱਖੇ ਮਨੁੱਖ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਹ) ਅੰਨ ਖਾਂਦਾ ਹੈ ।
ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥
(ਇਸੇ ਤਰ੍ਹਾਂ) ਗੁਰੂ ਦੇ ਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਗੁਰੂ ਨੂੰ ਮਿਲ ਕੇ ਉਹ ਮਾਇਆ ਦੀ ਤਿ®ਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ ।੧।
ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥
ਮੈਨੂੰ ਦਰਸਨ ਦੇਹ (ਜੀਵਨ ਦੇ ਬਿਖੜੇ ਪੈਂਡੇ ਵਿਚ ਮੈਨੂੰ) ਤੇਰੀ ਹੀ (ਸਹਾਇਤਾ ਦੀ) ਆਸ ਹੈ
ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥
ਹੇ ਹਰੀ ! ਕਿਰਪਾ ਕਰ, ਮੇਰੀ ਤਾਂਘ ਪੂਰੀ ਕਰ ।੧।ਰਹਾਉ।
ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥
ਚਕਵੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਸੂਰਜ ਦਿੱਸਦਾ ਹ
ਮਿਲੈ ਪਿਆਰੇ ਸਭ ਦੁਖ ਤਿਆਗੈ ॥
(ਕਿਉਂਕਿ ਸੂਰਜ ਚੜ੍ਹਨ ਤੇ ਉਹ ਆਪਣੇ) ਪਿਆਰੇ (ਚਕਵੇ) ਨੂੰ ਮਿਲਦੀ ਹੈ (ਤੇ ਵਿਛੋੜੇ ਦੇ) ਸਾਰੇ ਦੁਖ ਭੁਲਾਂਦੀ ਹੈ ।
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥
ਗੁਰਸਿੱਖ ਨੂੰ ਖ਼ੁਸ਼ੀ ਹੰੁਦੀ ਹੈ ਜਦੋਂ ਉਸ ਨੂੰ ਗੁਰੂ ਦਿੱਸਦਾ ਹੈ ।੨।
ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
ਵੱਛੇ ਨੂੰ (ਆਪਣੀ ਮਾਂ ਦਾ) ਦੁੱਧ ਮੂੰਹ ਨਾਲ ਪੀ ਕੇ ਖ਼ੁਸ਼ੀ ਹੁੰਦੀ ਹੈ,
ਹਿਰਦੈ ਬਿਗਸੈ ਦੇਖੈ ਮਾਇ ॥
ਉਹ (ਆਪਣੀ) ਮਾਂ ਨੂੰ ਵੇਖਦਾ ਹੈ ਤੇ ਦਿਲ ਵਿਚ ਖਿੜਦਾ ਹੈ,
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥
(ਇਸ ਤਰ੍ਹਾਂ) ਗੁਰਸਿੱਖ ਨੂੰ ਗੁਰੂ ਦਾ ਦਰਸਨ ਕਰ ਕੇ ਖ਼ੁਸ਼ੀ ਹੁੰਦੀ ਹੈ ।੩।
ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥
(ਗੁਰੂ ਪਰਮਾਤਮਾ ਤੋਂ ਬਿਨਾ) ਹੋਰ ਮੋਹ ਕੱਚਾ ਹੈ ਮਾਇਆ ਦੀ ਪ੍ਰੀਤਿ ਸਾਰੀ ਨਾਸਵੰਤ ਹੈ ।
ਬਿਨਸਿ ਜਾਇ ਕੂਰਾ ਕਚੁ ਪਾਚਾ ॥
ਹੋਰ ਮੋਹ ਨਾਸ ਹੋ ਜਾਂਦਾ ਹੈ, ਝੂਠਾ ਹੈ, ਨਿਰਾ ਕੱਚ ਸਮਾਨ ਹੀ ਹੈ ।
ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥
ਹੇ ਦਾਸ ਨਾਨਕ ! ਜਿਸ ਨੂੰ ਸੱਚਾ ਗੁਰੂ ਮਿਲਦਾ ਹੈ ਉਸਨੂੰ (ਅਸਲ) ਖ਼ੁਸ਼ੀ ਹੁੰਦੀ ਹੈ (ਕਿਉਂਕਿ ਉਸ ਨੂੰ ਗੁਰੂ ਮਿਲਣ ਨਾਲ) ਸੰਤੋਖ ਪ੍ਰਾਪਤ ਹੁੰਦਾ ਹੈ ।੪।੪।੪੨।