Sri Guru Granth Sahib Ji — Ang 153 (punjabi)
ਨਾਮ ਸੰਜੋਗੀ ਗੋਇਲਿ ਥਾਟੁ ॥
ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ ।
ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥
ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ) ।
ਬਿਨੁ ਵਖਰ ਸੂਨੋ ਘਰੁ ਹਾਟੁ ॥
ਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੰੁਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ) ।
ਗੁਰ ਮਿਲਿ ਖੋਲੇ ਬਜਰ ਕਪਾਟ ॥੪॥
ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ।੪।
ਸਾਧੁ ਮਿਲੈ ਪੂਰਬ ਸੰਜੋਗ ॥
ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ,
ਸਚਿ ਰਹਸੇ ਪੂਰੇ ਹਰਿ ਲੋਗ ॥
ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ ।
ਮਨੁ ਤਨੁ ਦੇ ਲੈ ਸਹਜਿ ਸੁਭਾਇ ॥
ਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤਿ ਗੁਰੂ ਤੋਂ) ਲੈਂਦੇ ਹਨ,
ਨਾਨਕ ਤਿਨ ਕੈ ਲਾਗਉ ਪਾਇ ॥੫॥੬॥
ਹੇ ਨਾਨਕ ! (ਆਖ—) ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ।੫।੬।
ਗਉੜੀ ਮਹਲਾ ੧ ॥
ਗਊੜੀ ਪਾਤਸ਼ਾਹੀ ਪਹਿਲੀ।
ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥
(ਮੇਰੇ ਅੰਦਰ) ਕਾਮ (ਪ੍ਰਬਲ) ਹੈ ਕ੍ਰੋਧ (ਪ੍ਰਬਲ) ਹੈ, ਮੇਰਾ ਚਿੱਤ ਮਾਇਆ ਵਿਚ (ਮਗਨ ਰਹਿੰਦਾ) ਹੈ ।
ਝੂਠ ਵਿਕਾਰਿ ਜਾਗੈ ਹਿਤ ਚੀਤੁ ॥
ਝੂਠ ਬੋਲਣ ਦੇ ਭੈੜ ਵਿਚ ਮੇਰਾ ਹਿਤ ਜਾਗਦਾ ਹੈ ਮੇਰਾ ਚਿੱਤ ਤਤਪਰ ਹੁੰਦਾ ਹੈ ।
ਪੂੰਜੀ ਪਾਪ ਲੋਭ ਕੀ ਕੀਤੁ ॥
ਮੈਂ ਪਾਪ ਤੇ ਲੋਭ ਦੀ ਰਾਸਿ-ਪੂੰਜੀ ਇਕੱਠੀ ਕੀਤੀ ਹੋਈ ਹੈ ।
ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥
(ਤੇਰੀ ਮਿਹਰ ਨਾਲ ਜੇ ਮੇਰੇ) ਮਨ ਵਿਚ ਤੇਰਾ ਪਵਿਤ੍ਰ ਕਰਨ ਵਾਲਾ ਨਾਮ (ਵੱਸ ਪਏ ਤਾਂ ਇਹ ਮੇਰੇ ਲਈ) ਤੁਲਹਾ ਹੈ ਬੇੜੀ ਹੈ ।੧।
ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥
ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ! ਤੂੰ ਅਚਰਜ ਹੈਂ ਤੂੰ ਅਚਰਜ ਹੈਂ । (ਤੇਰੇ ਵਰਗਾ ਹੋਰ ਕੋਈ ਨਹੀਂ); (ਕਾਮ ਆਦਿਕ ਵਿਕਾਰਾਂ ਤੋਂ ਬਚਣ ਲਈ) ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ ।
ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥
ਮੈਂ ਪਾਪੀ ਹਾਂ, ਸਿਰਫ਼ ਤੂੰ ਹੀ ਪਵਿਤ੍ਰ ਕਰਨ ਦੇ ਸਮਰੱਥ ਹੈਂ ।੧।ਰਹਾਉ।
ਅਗਨਿ ਪਾਣੀ ਬੋਲੈ ਭੜਵਾਉ ॥
(ਜੀਵ ਦੇ ਅੰਦਰ ਕਦੇ) ਅੱਗ (ਦਾ ਜ਼ੋਰ ਪੈ ਜਾਂਦਾ) ਹੈ (ਕਦੇ) ਪਾਣੀ (ਪ੍ਰਬਲ ਹੋ ਜਾਂਦਾ) ਹੈ (ਇਸ ਵਾਸਤੇ ਇਹ) ਤੱਤਾ-ਠੰਢਾ ਬੋਲ ਬੋਲਦਾ ਰਹਿੰਦਾ ਹੈ ।
ਜਿਹਵਾ ਇੰਦ੍ਰੀ ਏਕੁ ਸੁਆਉ ॥
ਜੀਭ ਆਦਿਕ ਹਰੇਕ ਇੰਦ੍ਰੀ ਨੂੰ ਆਪੋ ਆਪਣਾ ਚਸਕਾ (ਲੱਗਾ ਹੋਇਆ) ਹੈ,
ਦਿਸਟਿ ਵਿਕਾਰੀ ਨਾਹੀ ਭਉ ਭਾਉ ॥
ਨਿਗਾਹ ਵਿਕਾਰਾਂ ਵਲ ਰਹਿੰਦੀ ਹੈ, (ਮਨ ਵਿਚ) ਨਾਹ ਡਰ ਹੈ ਨਾਹ ਪ੍ਰੇਮ ਹੈ (ਅਜੇਹੀ ਹਾਲਤ ਵਿਚ ਪ੍ਰਭੂ ਦਾ ਨਾਮ ਕਿਵੇਂ ਮਿਲੇ ?) ।
ਆਪੁ ਮਾਰੇ ਤਾ ਪਾਏ ਨਾਉ ॥੨॥
ਜੀਵ ਆਪਾ-ਭਾਵ ਨੂੰ ਖ਼ਤਮ ਕਰੇ, ਤਾਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਸਕਦਾ ਹੈ ।੨।
ਸਬਦਿ ਮਰੈ ਫਿਰਿ ਮਰਣੁ ਨ ਹੋਇ ॥
ਜਦੋਂ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ-ਭਾਵ ਮੁਕਾਂਦਾ ਹੈ, ਤਾਂ ਇਸ ਨੂੰ ਆਤਮਕ ਮੌਤ ਨਹੀਂ ਹੁੰਦੀ ।
ਬਿਨੁ ਮੂਏ ਕਿਉ ਪੂਰਾ ਹੋਇ ॥
ਆਪਾ-ਭਾਵ ਦੇ ਖ਼ਤਮ ਹੋਣ ਤੋਂ ਬਿਨਾ ਮਨੁੱਖ ਪੂਰਨ ਨਹੀਂ ਹੋ ਸਕਦਾ (ਉਕਾਈਆਂ ਤੋਂ ਬਚ ਨਹੀਂ ਸਕਦਾ, ਸਗੋਂ)
ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥
ਮਨ ਮਾਇਆ ਦੇ ਛਲ ਵਿਚ ਦੈ੍ਵਤ ਵਿਚ ਫਸਿਆ ਰਹਿੰਦਾ ਹ
ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥
(ਜੀਵ ਦੇ ਭੀ ਕੀਹ ਵੱਸ ?) ਜਿਸ ਨੂੰ ਪਰਮਾਤਮਾ ਆਪ ਅਡੋਲ-ਚਿੱਤ ਕਰਦਾ ਹੈ ਉਹੀ ਹੁੰਦਾ ਹੈ ।੩।
ਬੋਹਿਥਿ ਚੜਉ ਜਾ ਆਵੈ ਵਾਰੁ ॥
ਮੈਂ (ਪ੍ਰਭੂ ਦੇ ਨਾਮ) ਜਹਾਜ਼ ਵਿਚ (ਤਦੋਂ ਹੀ) ਚੜ੍ਹ ਸਕਦਾ ਹਾਂ, ਜਦੋਂ (ਉਸ ਦੀ ਮਿਹਰ ਨਾਲ) ਮੈਨੂੰ ਵਾਰੀ ਮਿਲੇ ।
ਠਾਕੇ ਬੋਹਿਥ ਦਰਗਹ ਮਾਰ ॥
ਜੇਹੜੇ ਬੰਦਿਆਂ ਨੂੰ ਨਾਮ-ਜਹਾਜ਼ ਤੇ ਚੜ੍ਹਨਾ ਨਹੀਂ ਮਿਲਦਾ, ਉਹਨਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਖ਼ੁਆਰੀ ਮਿਲਦੀ ਹੈ (ਧੱਕੇ ਪੈਂਦੇ ਹਨ, ਪ੍ਰਭੂ ਦਾ ਦੀਦਾਰ ਨਸੀਬ ਨਹੀਂ ਹੁੰਦਾ) ।
ਸਚੁ ਸਾਲਾਹੀ ਧੰਨੁ ਗੁਰਦੁਆਰੁ ॥
(ਅਸਲ ਗੱਲ ਇਹ ਹੈ ਕਿ) ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ (ਗੁਰੂ ਦੇ ਦਰ ਤੇ ਰਹਿ ਕੇ ਹੀ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ ।
ਨਾਨਕ ਦਰਿ ਘਰਿ ਏਕੰਕਾਰੁ ॥੪॥੭॥
ਹੇ ਨਾਨਕ ! (ਗੁਰੂ ਦੇ) ਦਰ ਤੇ ਰਿਹਾਂ ਹੀ ਹਿਰਦੇ ਵਿਚ ਪਰਮਾਤਮਾ ਦਾ ਦਰਸਨ ਹੁੰਦਾ ਹੈ ।੪।੭।
ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।
ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਚਿੱਤ ਜੋੜਿਆਂ ਹਿਰਦਾ-ਕਮਲ ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ,
ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
ਦਿਮਾਗ਼ ਵਿਚ ਭੀ (ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਨਾਮ-ਅੰਮ੍ਰਿਤ ਦੀ ਵਰਖਾ ਹੁੰਦੀ ਹੈ (ਤੇ ਮਾਇਆ ਵਾਲੇ ਝੰਬੇਲਿਆਂ ਦੀ ਅਸ਼ਾਂਤੀ ਮਿੱਟ ਕੇ ਠੰਢ ਪੈਂਦੀ ਹੈ) ।
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥
(ਫਿਰ ਦਿਲ ਨੂੰ ਭੀ ਤੇ ਦਿਮਾਗ਼ ਨੂੰ ਭੀ ਇਹ ਯਕੀਨ ਹੋ ਜਾਂਦਾ ਹੈ ਕਿ) ਪ੍ਰਭੂ ਆਪ ਸਾਰੇ ਜਗਤ (ਦੇ ਜ਼ੱਰੇ ਜ਼ੱਰੇ) ਵਿਚ ਮੌਜੂਦ ਹੈ ।੧।
ਰੇ ਮਨ ਮੇਰੇ ਭਰਮੁ ਨ ਕੀਜੈ ॥
ਹੇ ਮੇਰੇ ਮਨ ! (ਮਾਇਆ ਦੀ ਖ਼ਾਤਰ) ਭਟਕਣ ਛੱਡ ਦੇ (ਅਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜ) ।
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
(ਹੇ ਭਾਈ !) ਜਦੋਂ ਮਨ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਚੰਗੀ ਲੱਗਣ ਲੱਗ ਪੈਂਦੀ ਹੈ, ਤਦੋਂ ਇਹ ਸਿਫ਼ਤਿ-ਸਾਲਾਹ ਦਾ ਸੁਆਦ ਮਾਣਨ ਲੱਗ ਪੈਂਦਾ ਹੈ ।੧।ਰਹਾਉ।
ਜਨਮੁ ਜੀਤਿ ਮਰਣਿ ਮਨੁ ਮਾਨਿਆ ॥
(ਸਿਫ਼ਤਿ-ਸਾਲਾਹ ਵਿਚ ਜੁੜਿਆਂ) ਜਨਮ-ਮਨੋਰਥ ਪ੍ਰਾਪਤ ਕਰ ਕੇ ਮਨ ਨੂੰ ਸੁਆਰਥ ਦਾ ਮੁੱਕ ਜਾਣਾ ਪਸੰਦ ਆ ਜਾਂਦਾ ਹੈ ।
ਆਪਿ ਮੂਆ ਮਨੁ ਮਨ ਤੇ ਜਾਨਿਆ ॥
ਇਸ ਗੱਲ ਦੀ ਸੂਝ ਮਨ ਅੰਦਰੋਂ ਹੀ ਪੈ ਜਾਂਦੀ ਹੈ ਕਿ ਆਪਾ-ਭਾਵ ਮੁੱਕ ਗਿਆ ਹੈ ।
ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥
ਜਦੋਂ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਹਿਰਦੇ ਵਿਚ ਹੀ ਇਹ ਅਨੁਭਵ ਹੋ ਜਾਂਦਾ ਹੈ ਕਿ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਹੈ ।੨।
ਜਤੁ ਸਤੁ ਤੀਰਥੁ ਮਜਨੁ ਨਾਮਿ ॥
ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਜਤ ਸਤ ਤੇ ਤੀਰਥ-ਇਸ਼ਨਾਨ (ਦਾ ਉੱਦਮ) ਹੈ
ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
ਮੈਂ (ਜਤ ਸਤ ਆਦਿਕ ਵਾਲਾ) ਬਹੁਤਾ ਖਿਲਾਰਾ ਖਿਲਾਰਾਂ ਭੀ ਕਿਉਂ ? (ਇਹ ਸਾਰੇ ਉੱਦਮ ਤਾਂ ਲੋਕ-ਵਿਖਾਵੇ ਦੇ ਹੀ ਹਨ, ਤੇ)
ਨਰ ਨਾਰਾਇਣ ਅੰਤਰਜਾਮਿ ॥੩॥
ਪਰਮਾਤਮਾ ਹਰੇਕ ਦੇ ਦਿਲ ਦੀ ਜਾਣਦਾ ਹੈ ।੩।
ਆਨ ਮਨਉ ਤਉ ਪਰ ਘਰ ਜਾਉ ॥
(ਮਾਇਆ ਵਾਲੀ ਭਟਕਣਾ ਮੁਕਾਣ ਵਾਸਤੇ ਪ੍ਰਭੂ-ਦਰ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੋਰ ਕੋਈ ਆਸਰਾ ਨਹੀਂ, ਸੋ) ਮੈਂ ਤਦੋਂ ਹੀ ਕਿਸੇ ਹੋਰ ਥਾਂ ਜਾਵਾਂ ਜੇ ਮੈਂ (ਪ੍ਰਭੂ ਤੋਂ ਬਿਨਾ) ਕੋਈ ਹੋਰ ਥਾਂ ਮੰਨ ਹੀ ਲਵਾਂ ।
ਕਿਸੁ ਜਾਚਉ ਨਾਹੀ ਕੋ ਥਾਉ ॥
ਕੋਈ ਹੋਰ ਥਾਂ ਹੀ ਨਹੀਂ, ਮੈਂ ਕਿਸ ਪਾਸੋਂ ਇਹ ਮੰਗ ਮੰਗਾਂ (ਕਿ ਮੇਰਾ ਮਨ ਭਟਕਣੋਂ ਹਟ ਜਾਏ) ?
ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥
ਹੇ ਨਾਨਕ ! (ਮੈਨੂੰ ਯਕੀਨ ਹੈ ਕਿ ਗੁਰੂ ਦਾ ਉਪਦੇਸ਼ ਹਿਰਦੇ ਵਿਚ ਵਸਾ ਕੇ ਉਸ ਆਤਮਕ ਅਵਸਥਾ ਵਿਚ ਲੀਨ ਰਹਿ ਸਕੀਦਾ ਹੈ (ਜਿਥੇ ਮਾਇਆ ਵਾਲੀ ਭਟਕਣਾ ਦੀ ਅਣਹੋਂਦ ਹੈ) ਜਿਥੇ ਅਡੋਲਤਾ ਹੈ ।੪।੮।
ਗਉੜੀ ਮਹਲਾ ੧ ॥
ਗਊੜੀ ਪਹਿਲੀ ਪਾਤਸ਼ਾਹੀ।
ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਉਹ ਮੌਤ ਵਿਖਾ ਦੇਂਦਾ ਹੈ (ਵਿਕਾਰਾਂ ਵਲੋਂ ਉਹ ਮੌਤ ਉਸ ਦੇ ਜੀਵਨ-ਤਜਰਬੇ ਵਿਚ ਲਿਆ ਦੇਂਦਾ ਹੈ)
ਮਰਣ ਰਹਣ ਰਸੁ ਅੰਤਰਿ ਭਾਏ ॥
ਜਿਸ ਮੌਤ ਦਾ ਆਨੰਦ (ਤੇ ਉਸ ਤੋਂ ਪੈਦਾ ਹੋਏ) ਸਦੀਵੀ ਆਤਮਕ ਜੀਵਨ ਦਾ ਆਨੰਦ ਉਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਪਿਆਰਾ ਲੱਗਣ ਪੈਂਦਾ ਹੈ ।
ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥
ਉਹ ਮਨੁੱਖ (ਸਰੀਰ ਆਦਿਕ ਦਾ) ਅਹੰਕਾਰ ਦੂਰ ਕਰ ਕੇ ਉਹ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਸੁਰਤਿ ਉੱਚੀਆਂ ਉਡਾਰੀਆਂ ਲਾਂਦੀ ਰਹੇ ।੧।
ਮਰਣੁ ਲਿਖਾਇ ਆਏ ਨਹੀ ਰਹਣਾ ॥
(ਹੇ ਭਾਈ ! ਸਾਰੇ ਜੀਵ ਸਰੀਰਕ) ਮੌਤ-ਰੂਪ ਹੁਕਮ (ਪ੍ਰਭੂ ਦੀ ਹਜ਼ੂਰੀ ਵਿਚੋਂ) ਲਿਖਾ ਕੇ ਜੰਮਦੇ ਹਨ (ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ) । ਸੋ, ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਨਹੀਂ ਟਿਕੇ ਰਹਿਣਾ ।
ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥
(ਹਾਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ, ਪ੍ਰਭੂ ਦੀ ਸਰਨ ਵਿਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਜਾਂਦਾ ਹੈ ।੧।ਰਹਾਉ।
ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥
ਜੇ ਸਤਿਗੁਰੂ ਮਿਲ ਪਏ, ਤਾਂ ਮਨੁੱਖ ਦੀ ਦੁਬਿਧਾ ਦੂਰ ਹੋ ਜਾਂਦੀ ਹੈ,
ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥
ਹਿਰਦੇ ਦਾ ਕੌਲ-ਫੁੱਲ ਖਿੜ ਕੇ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ,
ਜੀਵਤੁ ਮਰੈ ਮਹਾ ਰਸੁ ਆਗੈ ॥੨॥
ਉਸ ਨੂੰ ਪਰਤੱਖ ਤੌਰ ਤੇ ਪਰਮਾਤਮਾ ਦੇ ਸਿਮਰਨ ਦਾ ਮਹਾ ਆਨੰਦ ਅਨੁਭਵ ਹੁੰਦਾ ਹੈ ।੨।
ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥
ਜੇ ਗੁਰੂ ਮਿਲ ਪਏ, ਤਾਂ ਮਨੁੱਖ ਸਿਮਰਨ ਦੀ ਜੁਗਤਿ ਵਿਚ ਰਹਿ ਕੇ ਪਵਿਤ®-ਆਤਮਾ ਹੋ ਜਾਂਦਾ ਹੈ ।
ਗੁਰ ਕੀ ਪਉੜੀ ਊਚੋ ਊਚਾ ॥
ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ (ਆਤਮਕ ਜੀਵਨ ਵਿਚ) ਉੱਚਾ ਹੀ ਉੱਚਾ ਹੁੰਦਾ ਜਾਂਦਾ ਹੈ ।
ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥
(ਪਰ ਇਹ ਸਿਮਰਨ ਪ੍ਰਭੂ ਦੀ) ਮਿਹਰ ਨਾਲ ਮਿਲਦਾ ਹੈ, (ਜਿਸ ਨੂੰ ਮਿਲਦਾ ਹੈ ਉਸ ਦਾ) ਮੌਤ ਦਾ ਡਰ ਲਹਿ ਜਾਂਦਾ ਹੈ ।੩।
ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥
ਜੇ ਗੁਰੂ ਮਿਲ ਪਏ ਤਾਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜ ਕੇ ਪ੍ਰਭੂ ਦੇ ਚਰਨਾਂ ਵਿਚ ਲੀਨ ਹੋਇਆ ਰਹਿੰਦਾ ਹੈ ।
ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥
ਗੁਰੂ ਮਿਹਰ ਕਰ ਕੇ ਉਸ ਨੂੰ ਉਹ ਆਤਮਕ ਅਵਸਥਾ ਵਿਖਾ ਦੇਂਦਾ ਹੈ ਜਿੱਥੇ ਪ੍ਰਭੂ ਦਾ ਮਿਲਾਪ ਹੋਇਆ ਰਹੇ ।
ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥
ਹੇ ਨਾਨਕ ! ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਗੁਰੂ ਉਸ ਨੂੰ ਪ੍ਰਭੂ ਨਾਲ ਇਕ-ਮਿਕ ਕਰ ਦੇਂਦਾ ਹੈ ।੪।੯।